ਵਿਦਵਤਾ ਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਮੁਜੱਸਮਾ: ਹਰਭਜਨ ਸਿੰਘ ਦਿਓਲ (ਡਾ.)

ਡਾ. ਹਰਭਜਨ ਸਿੰਘ ਦਿਓਲ ਵਿਦਵਤਾ ਅਤੇ ਕਾਰਜ ਕੁਸ਼ਲਤਾ ਦਾ ਮੁਜੱਸਮਾ ਸਨ। ਸਾਰੀ ਉਮਰ ਕਿਸੇ ਦੀ ਈਨ ਨਹੀਂ ਮੰਨੀ ਹਰ ਕੰਮ ਆਪਣੀ ਅਣਖ ਨਾਲ ਕਰਦੇ ਰਹੇ। ਵਿਦਵਤਾ ਅਤੇ ਸਿਆਸਤ ਦੀ ਗੁੜ੍ਹਤੀ ਆਪਣੇ ਪਰਿਵਾਰ ਵਿਚੋਂ ਗ੍ਰਹਿਣ ਹੀ ਨਹੀਂ ਕੀਤੀ ਸਗੋਂ ਆਪਣੀਆਂ ਸ਼ਰਤਾਂ ਮਨਵਾ ਕੇ ਆਪਣੇ ਫ਼ਰਜ਼ ਨਿਭਾਉਂਦੇ ਰਹੇ। ਡਾ. ਹਰਭਜਨ ਸਿੰਘ ਦਿਓਲ ਦਾ ਜਨਮ 27 ਅਪ੍ਰੈਲ 1936 ਨੂੰ ਪ੍ਰਿੰਸੀਪਲ ਇਕਬਾਲ ਸਿੰਘ ਅਤੇ ਸ੍ਰੀਮਤੀ ਸਤਵੰਤ ਕੌਰ ਦੇ ਘਰ ਪਿੰਡ ਬੋਪਾਰਾਏ ਕਲਾਂ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਆਪ ਨੇ ਆਪਣੀ ਪ੍ਰਾਇਮਰੀ ਤੱਕ ਦੀ ਮੁੱਢਲੀ ਸਿੱਖਿਆ ਆਪਣੇ ਪਿੰਡ ਬੋਪਾਰਾਏ ਕਲਾਂ ਤੋਂ ਹੀ ਪ੍ਰਾਪਤ ਕੀਤੀ। ਮੈਟ੍ਰਿਕ ਤਕ ਦੀ ਪੜ੍ਹਾਈ ਖ਼ਾਲਸਾ ਹਾਈ ਸਕੂਲ ਗੁਰੂਸਰ ਸੁਧਾਰ ਤੋਂ ਪ੍ਰਾਪਤ ਕੀਤੀ। ਇਸ ਤੋਂ ਉਪਰੰਤ ਬੀ. ਏ. ਸਰਕਾਰੀ ਕਾਲਜ ਲੁਧਿਆਣਾ ਅਤੇ ਐਮ. ਏ. ਰਾਜਨੀਤਕ ਸਾਇੰਸ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਪਾਸ ਕੀਤੀ। ਆਪ ਦੇ ਪਿਤਾ ਪ੍ਰਿੰਸੀਪਲ ਇਕਬਾਲ ਸਿੰਘ ਸ਼ੁਰੂ ਤੋਂ ਹੀ ਸਿੱਖ ਸਿਆਸਤ ਵਿਚ ਦਿਲਚਸਪੀ ਲੈਂਦੇ ਰਹੇ ਸਨ। ਉਹ 1952 ਤੋਂ 1957 ਤੱਕ ਜਗਰਾਉਂ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਪੰਜਾਬੀ ਸੂਬੇ ਦੇ ਮੋਰਚੇ ਵਿਚ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਿੰਸੀਪਲ ਇਕਬਾਲ ਸਿੰਘ ਮੋਰਚੇ ਦੇ ਡਿਕਟੇਟਰ ਰਹੇ ਸਨ।
ਡਾ. ਹਰਭਜਨ ਸਿੰਘ ਦਿਓਲ ਪੰਜਾਬ ਦੇ ਸਿੱਖ ਬੁੱਧੀਜੀਵੀ ਸਿਆਸਤਦਾਨਾਂ ਵਿਚੋਂ ਚੋਣਵੇਂ ਵਿਅਕਤੀਆਂ ਵਿਚੋਂ ਇੱਕ ਸਨ, ਜਿਨ੍ਹਾਂ ਦੀ ਵਿਦਵਤਾ ਤੇ ਲੋਕ ਮਾਣ ਕਰਦੇ ਹਨ। ਆਪ ਨੂੰ ਸਿਆਸਤ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਸੁਮੇਲ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਪ ਸਿੱਖ ਵਿਦਵਾਨ ਹੋਣ ਦੇ ਨਾਲ ਹੀ ਖੱਬੀ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਆਪ ਇੱਕ ਵਿਦਵਾਨ, ਬੁੱਧੀਜੀਵੀ ਅਤੇ ਦਾਰਸ਼ਨਿਕ ਚਿੰਤਕ ਸਨ। ਆਪ ਜੂਨ 1965 ਤੋਂ ਅਗਸਤ 1971 ਤੱਕ ਇੰਗਲੈਂਡ ਵਿਚ ਪੜ੍ਹਾਈ ਕਰਦੇ ਰਹੇ। ਇੰਗਲੈਂਡ ਵਿਚ ਯੂਨੀਵਰਸਿਟੀ ਆਫ਼ ਬਰਮਿੰਘਮ ਦੇ ਸੈਂਟਰ ਫ਼ਾਰ ਰਸ਼ੀਅਨ ਐਂਡ ਈਸਟ ਯੂਰਪੀਅਨ ਸਟੱਡੀਜ਼ ਵਿਚ ਪੀ. ਐਚ. ਡੀ. ਵਿਚ ਦਾਖਲਾ ਲਿਆ। ਕੁੱਝ ਘਰੇਲੂ ਕਾਰਨਾਂ ਕਰਕੇ ਆਪ ਨੂੰ ਵਾਪਸ ਭਾਰਤ ਆਉਣਾ ਪਿਆ। ਏਥੇ ਆ ਕੇ ਪਬਲਿਕ ਸੈਕਟਰ ਵਿਚ ਟਰੇਡ ਯੂਨੀਅਨ ਕੇਸ ਸਟੱਡੀ ਆਫ਼ ਪੰਜਾਬ ਸਟੇਟ ਬਿਜਲੀ ਬੋਰਡ ਦੇ ਟਾਪਿਕ ਤੇ ਪੀ. ਐਚ. ਡੀ. ਕੀਤੀ। ਇੰਗਲੈਂਡ ਜਾਣ ਤੋਂ ਪਹਿਲਾਂ ਜਨਵਰੀ 1961 ਤੋਂ ਜੂਨ 1965 ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਰਹੇ। ਇੰਗਲੈਂਡ ਤੋਂ ਵਾਪਸ ਆ ਕੇ 1971 ਤੋਂ 1980 ਤੱਕ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਵਿਚ ਹੈੱਡ ਆਫ਼ ਪੋਸਟ ਗ੍ਰੈਜੂਏਟ ਵਿਭਾਗ ਰਾਜਨੀਤੀ ਸ਼ਾਸਤਰ ਵੀ ਰਹੇ। ਆਪ ਟਰੇਡ ਯੂਨੀਅਨ ਵਿਚ ਵਿਸ਼ਵਾਸ ਰੱਖਦੇ ਹਨ, ਇਸ ਲਈ ਆਪ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ।
ਆਪ ਦੀ ਸਿੱਖ ਅਤੇ ਪ੍ਰਬੰਧਕੀ ਮਸਲਿਆਂ ਤੇ ਵਿਦਵਤਾ ਦੀ ਧਾਕ ਸਿੱਖ ਜਗਤ ਵਿਚ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਕਾਬਲੀਅਤ ਕਰਕੇ ਆਪ ਨੂੰ 1980 ਵਿਚ ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਆਪ ਨੇ ਇਸ ਅਹੁਦੇ ਤੋਂ ਹਰਿਮੰਦਰ ਸਾਹਿਬ ਤੇ ਬਲਿਊ ਸਟਾਰ ਅਪ੍ਰੇਸ਼ਨ ਕਰਨ ਦੇ ਵਿਰੋਧ ਵਿਚ 1984 ਵਿਚ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਪ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪੰਜਾਬ ਸਿੱਖ ਫੋਰਮ ਦੇ ਮੁੱਢਲੇ ਸਰਗਰਮ ਮੈਂਬਰ ਸ। ਇਸ ਅਹੁਦੇ ਤੇ ਆਪ ਵੱਲੋਂ ਕੀਤੇ ਕੰਮ ਦੀ ਅੱਜ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਆਪ ਨੂੰ 1985 ਵਿਚ ਪੰਜਾਬ ਰਾਜ ਬਿਜਲੀ ਬੋਰਡ ਦਾ ਪ੍ਰਬੰਧਕੀ ਮੈਂਬਰ ਲਗਾਇਆ ਗਿਆ, ਜਿਸ ਅਹੁਦੇ ਤੇ ਆਪ 1987 ਤੱਕ ਰਹੇ। ਬਿਜਲੀ ਬੋਰਡ ਵਿਚ ਵੀ ਆਪ ਜੀ ਦੀ ਪ੍ਰਬੰਧਕੀ ਕਾਰਜ ਕੁਸ਼ਲਤਾ ਅਤੇ ਇਮਾਨਦਾਰੀ ਦਾ ਜਸ ਗਾਇਆ ਜਾਂਦਾ ਹੈ। ਆਮ ਤੌਰ ਤੇ ਅਜੇਹੇ ਅਹੁਦਿਆਂ ਤੇ ਸਿਆਸੀ ਲੋਕਾਂ ਨੂੰ ਹੀ ਨਾਮਜ਼ਦ ਕੀਤਾ ਜਾਂਦਾ ਸੀ, ਆਪ ਸਿਆਸਤ, ਵਿਦਵਤਾ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਸੁਮੇਲ ਸਨ। ਆਪ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸੈਨਟ ਤੇ ਸਿੰਡੀਕੇਟ ਦੇ ਮੈਂਬਰ 1986-87 ਵੀ ਰਹੇ। ਇਸ ਤੋਂ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਗੁਰੂ ਤੇਗ਼ ਬਹਾਦਰ ਕਾਲਜ ਅਨੰਦਪੁਰ ਸਾਹਿਬ ਦੇ 1985 ਤੋਂ 87 ਤੱਕ ਪ੍ਰਧਾਨ ਰਹੇ।
ਆਪ 1987 ਤੋਂ 93 ਤੱਕ ਪੰਜਾਬੀ ਯੂਨੀਵਰਸਿਟੀ ਦੇ ਪਬਲਿਕ ਐਡਮਨਿਸਟਰੇਸ਼ਨ ਵਿਭਾਗ ਵਿਚ ਬਤੌਰ ਰੀਡਰ ਕੰਮ ਕਰਦੇ ਰਹੇ। ਡਾ ਦਿਓਲ 1994 ਤੋਂ 96 ਤੱਕ ਪ੍ਰੋਫ਼ੈਸਰ ਤੇ ਹੈੱਡ ਨੈਸ਼ਨਲ ਇਨਟੈਗਰੇਸ਼ਨ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਹੇ। ਭਾਰਤ ਸਰਕਾਰ ਨੇ ਆਪ ਨੂੰ 1996 ਵਿਚ ਕਮਿਸ਼ਨਰ, ਲਿੰਗੂਇਸਟਿਕ ਮਾਈਨਾਰਟੀਜ ਇੰਡੀਆ, ਅਲਾਹਾਬਾਦ ਵਿਖੇ ਨਿਯੁਕਤ ਕੀਤਾ ਤੇ ਆਪ ਇਸ ਅਹੁਦੇ ਤੇ 1999 ਤਕ ਰਹੇ। ਆਪ ਇੱਕ ਨਿਧੜਕ, ਦਲੇਰ, ਧੜੱਲੇਦਾਰ ਅਤੇ ਇਮਾਨਦਾਰ ਵਿਅਕਤੀ ਸਨ। ਕਹਿਣੀ ਤੇ ਕਰਨੀ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ। ਆਪ ਨੇ ਲਗਭਗ 10 ਕਿਤਾਬਾਂ ਲਿਖੀਆਂ ਅਤੇ ਸੰਪਾਦਿਤ ਕੀਤੀਆਂ ਹਨ। ਆਪ ਕਵਿਤਾ ਵੀ ਲਿਖਦੇ ਸਨ। ਇਸੇ ਤਰ੍ਹਾਂ 50 ਦੇ ਕਰੀਬ ਖੋਜ ਪੱਤਰ ਅੰਗਰੇਜ਼ੀ ਤੇ ਪੰਜਾਬੀ ਵਿਚ ਲਿਖੇ ਹਨ। ਆਪ ਦੇ ਵੱਖ ਵੱਖ ਵਿਸ਼ਿਆਂ ਤੇ ਵਿਦਵਤਾ ਭਰਪੂਰ ਲੇਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪ ਜਦੋਂ ਇੰਗਲੈਂਡ ਵਿਚ ਸੀ ਤਾਂ ਲੰਡਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਪਤਾਹਿਕ ਪੰਜਾਬੀ ਦੇ ਅਖ਼ਬਾਰ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਰਹੇ ਅਤੇ ਆਪ ਦੇ ਕਾਲਮ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹੇ। ਆਪ ਵੱਖ ਵੱਖ ਸਮਿਆਂ ਤੇ ਵਿੱਦਿਅਕ ਤੇ ਟਰੇਡ ਯੂਨੀਅਨ ਦੀਆਂ ਕਾਨਫ਼ਰੰਸਾਂ ਵਿਚ ਹਿੱਸਾ ਲੈਂਦੇ ਤੇ ਪੇਪਰ ਪੜ੍ਹਦੇ ਰਹੇ ਹਨ। ਆਪ ਇੱਕ ਸੁਲਝੇ ਹੋਏ ਵਿਅਕਤਿਤਵ ਦੇ ਮਾਲਕ ਹਨ। ਡਾ.ਹਰਭਜਨ ਸਿੰਘ ਦਿਓਲ 83 ਸਾਲ ਦੀ ਉਮਰ ਵਿਚ 29 ਅਕਤੂਬਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਸਵਰਗ ਸਿਧਾਰ ਗਏ। ਆਪ ਆਪਣੇ ਪਿੱਛੇ ਸੁਪਤਨੀ ਬਲਵੰਤ ਕੌਰ ਅਤੇ 5 ਲੜਕੀਆਂ ਛੱਡ ਗਏ ਹਨ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
+91 94178 13072
ujagarsingh48@yahoo.com