ਭੁਲਾਇਆਂ ਵੀ ਨਹੀਂ ਭੁੱਲਦੇ….. ਉਹ ਸੁਨਿਹਰੀ ਪਲ

ਜ਼ਿੰਦਗੀ ਨਾਲ ਜੁੜੀਆਂ ਖੱਟੀਆਂ ਮਿੱਠੀਆਂ ਯਾਦਾਂ ਵਿੱਚੋਂ ਕੁਝ ਯਾਦਾਂ ਅਭੁੱਲ ਬਣ ਕੇ ਸਾਡੇ ਚੇਤਿਆਂ ਵਿੱਚ ਹਮੇਸ਼ਾ ਵਸੀਆਂ ਰਹਿੰਦੀਆਂ ਹਨ।ਇਹ ਯਾਦਾਂ ਸਬੰਧਤ ਸਮੇਂ ‘ਤੇ ਖੱਟੇ-ਮਿੱਠੇ ਪਲਾਂ ਦਾ ਅਹਿਸਾਸ ਕਰਾਉਂਦੀਆਂ ਹਨ। ਜਿਥੇ ਖੱਟੀਆਂ ਯਾਦਾਂ ਸਾਨੂੰ ਦੁੱਖ-ਦਰਦ,ਗ਼ਮ,ਪੀੜਾ ਆਦਿ  ਦੇ ਆਲਮ ਵਲ ਧਕੇਲਦੀਆਂ ਹਨ ਉਥੇ ਮਿੱਠੀਆਂ ਯਾਦਾਂ ਸਾਨੂੰ ਖੁਸ਼ੀਆਂ ਤੇ ਖੇੜਿਆਂ ਦੇ ਸਮੁੰਦਰ ਵਿੱਚ ਤਾਰੀਆਂ ਲੁਆਉਂਦੀਆਂ ਹਨ। ਖ਼ੁਸ਼ੀ ਵਾਲੀ ਸਥਿਤੀ ਵਿੱਚ ਸਾਡਾ ਰੋਮ ਰੋਮ ਝੂਮਣ ਲੱਗਦਾ ਹੈ। ਸਾਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਬੀਤ ਚੁੱਕਿਆ ਸਮਾਂ ਮੁੜ ਪਰਤ ਆਇਆ ਹੋਵੇ। ਪਿੱਛਲੇ ਤੇਈ ਵਰ੍ਹਿਆਂ ਤੋਂ ਮੈਂ  ਵੀ ਅਜਿਹਾ ਹੀ ਮਹਿਸੂਸ ਕਰ ਰਹੀ ਹਾਂ ਕਿ ਸਤੰਬਰ ਦੇ ਮਹੀਨੇ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਯਾਦਾਂ ਦੀ ਚਰੱਖੜੀ  ਘੁੰਮਦੀ ਹੋਈ ਮੈਨੂੰ ਅਤੀਤ ਦੇ ਸੁਨਹਿਰੀ ਪਲਾਂ ਵਲ ਲੈ ਜਾਂਦੀ ਹੈ। ਅੱਜ ਮੈਂ ਇਨ੍ਹਾਂ ਸੁਨਹਿਰੀ ਪਲਾਂ ਨੂੰ ਕਲਮਬੱਧ ਕਰਕੇ ਤੁਹਾਡੇ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।

ਸਿਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਸਾਲ 1998 ਵਿੱਚ ਬਤੌਰ ਉੱਤਮ ਅਧਿਆਪਕਾ ਮੈਨੂੰ ‘ਰਾਜ ਪੁਰਸਕਾਰ ‘( State Award) ਮਿਲਣ ਤੋਂ ਬਾਅਦ ਸਾਲ 2002 ਵਿੱਚ ਭਾਰਤ ਸਰਕਾਰ ਵੱਲੋਂ ਉੱਤਮ ਅਧਿਆਪਕਾ ਵਜੋਂ  “ਕੌਮੀ ਪੁਰਸਕਾਰ “( National Award) ਲਈ  ਮੇਰੀ ਚੋਣ ਕੀਤੀ ਗਈ। ਇਹ ਅਵਾਰਡ 5 ਸਤੰਬਰ,2003 ਨੂੰ  ‘ਅਧਿਆਪਕ ਦਿਵਸ’ ‘ਤੇ ਮਿਲਣਾ ਸੀ। ਸਰਕਾਰੀ ਆਦੇਸ਼ ਮੁਤਾਬਿਕ ਮੈਂ 3 ਸਤੰਬਰ ਨੂੰ ਆਪਣੇ ਪਰਿਵਾਰ ਨਾਲ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਪਹੁੰਚ ਗਈ ਸੀ। 4 ਸਤੰਬਰ ਨੂੰ ਮਨੁੱਖੀ ਸ੍ਰੋਤ ਮੰਤਰਾਲੇ ਦੇ ਵਿਕਾਸ ਮੰਤਰੀ ਸ੍ਰੀ ਮੁਰਲੀ ਮਨੋਹਰ ਜੋਸ਼ੀ ਜੀ ਨਾਲ  ਇੰਪੀਰੀਅਲ ਹੋਟਲ ਵਿਖੇ ਦੁਪਹਿਰ ਦਾ ਖਾਣਾ ਸੀ। ਮੈਂ ਜਦੋਂ ਮੁਰਲੀ ਮਨੋਹਰ ਜੋਸ਼ੀ ਜੀ ਨੂੰ ਆਪਣਾ ਪਲੇਠਾ ਗ਼ਜ਼ਲ ਸੰਗ੍ਰਹਿ “ਅਹਿਸਾਸ ਦੀ ਖ਼ੁਸ਼ਬੂ” ਭੇਟ ਕੀਤਾ ਤਾਂ ਉਨ੍ਹਾਂ ਨੇ ਪੁਸਤਕ ਫੜਦਿਆਂ ਹੀ ਕਿਹਾ,”ਅਹਿਸਾਸ ਦੀ ਖ਼ੁਸ਼ਬੂ —–ਗੁਰਚਰਨ ਕੌਰ ਕੋਚਰ ।”  ਇਹ ਸ਼ਬਦ ਸੁਣਦਿਆਂ ਹੀ ਮੇਰੇ ਮੂੰਹੋਂ ਇਕਦਮ ਨਿਕਲਿਆ ,”ਸਰ! ਤੁਸੀਂ ਪੰਜਾਬੀ ਭਾਸ਼ਾ ਪੜ੍ਹ ਲੈਂਦੇ ਹੋ?”  “ਜੇ ਮੈਂ ਪੰਜਾਬੀ ਨਾ ਜਾਣਦਾ ਹੁੰਦਾ ਤਾਂ ਤੁਹਾਡਾ ਅਤੇ ਪੁਸਤਕ ਦਾ ਨਾਂ ਕਿਵੇਂ ਪੜ੍ਹ ਸਕਦਾ?” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ਾਇਰੀ ਨਾਲ ਲਗਾਵ ਹੈ ਅਤੇ ਇਸ ਵਿਚਲੀਆਂ ਗ਼ਜ਼ਲਾਂ ਜ਼ਰੂਰ ਪੜ੍ਹਨਗੇ।ਖਾਣਾ ਖਾਣ ਤੋਂ ਬਾਅਦ ਵਿਗਿਆਨ ਭਵਨ ਵਿਖੇ ਸਾਡੀ ਰਿਹਸਲ ਹੋਈ। ਰਿਹਸਲ ਤੋਂ ਬਾਅਦ ਅਸੀਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਗ੍ਰਹਿ ਵਿਖੇ ਪਹੁੰਚੇ ਕਿਉਂ ਕਿ ਸ਼ਾਮ ਦੇ ਚਾਹ-ਪਾਣੀ ਲਈ ਉਨ੍ਹਾਂ ਵੱਲੋਂ ਨਿੱਘਾ ਸੱਦਾ ਮਿਲਿਆ ਹੋਇਆ ਸੀ।  ਉਨ੍ਹਾਂ ਦੇ ਗ੍ਰਹਿ ਵਿਖੇ ਵਿਆਹ ਵਰਗਾ ਮਾਹੌਲ ਸੀ। ਖ਼ੂਬਸੂਰਤ ਢੰਗ ਨਾਲ ਸਜੇ ਹੋਏ ਵਿਸ਼ਾਲ ਪੰਡਾਲ ਵਿੱਚੋ ਵੰਨ-ਸਵੰਨੇ ਪਕਵਾਨਾਂ ਦੀ ਮਹਿਕ ਦਿਲ ਨੂੰ ਸਰਸ਼ਾਰ ਕਰਨ ਰਹੀ ਸੀ। ਸ਼ਾਮ ਦੇ ਨਾਸ਼ਤੇ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਕਰਨ ਦਾ ਸਮਾਂ ਵੀ ਪਹਿਲਾਂ ਨਿਸਚਿਤ ਕੀਤਾ ਗਿਆ ਸੀ। ਵੱਡੇ ਆਕਾਰ ਦੇ ਸੋਹਣੇ ਬਗ਼ੀਚੇ ਵਿਚ ਰੱਖੇ ਹੋਏ ਮੇਜ਼ ਦੇ ਇੱਕ ਪਾਸੇ ਰੱਖੀਆਂ ਗਈਆਂ ਤਿੰਨ ਕੁਰਸੀਆਂ ਦੀ ਵਿਚਕਾਰਲੀ ਕੁਰਸੀ ਤੇ ਸਤਿਕਾਰ ਯੋਗ ਅਟਲ ਬਿਹਾਰੀ ਵਾਜਪਾਈ ਜੀ ਆ ਕੇ ਬਿਰਾਜਮਾਨ ਹੋ ਗਏ। ਉਨ੍ਹਾਂ ਦੇ ਇਸ ਪਾਸੇ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਜੀ ਅਤੇ ਦੂਜੇ ਪਾਸੇ ਸਿਖਿਆ ਸਕੱਤਰ ਤਿ੍ਪਾਠੀ ਜੀ ਬੈਠ ਗਏ। ਉਨ੍ਹਾਂ ਦੇ ਸਾਹਮਣੇ ਅਸੀਂ ਪੰਜਾਬ ਦੇ ਚਾਰ ਅਧਿਆਪਕ ਸਾਂ। ਪੰਜਾਬ ਵੱਲੋਂ ਪ੍ਰਤੀਨਿਧਤਾ ਕਰਦੇ ਹੋਏ ਜਦੋਂ ਮੈਂ ਉਨ੍ਹਾਂ ਨੂੰ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ ਤਾ ਵਾਜਪਾਈ ਜੀ ਨੇ ਮੈਨੂੰ ਆਪਣੀ ਸ਼ਾਇਰੀ ਸੁਨਾਉਣ ਬਾਰੇ ਕਿਹਾ। ਮੈਂ ਵੱਖ ਵੱਖ  ਗ਼ਜ਼ਲਾਂ ਵਿੱਚੋਂ 10 ਸ਼ਿਅਰ ਸਾਂਝੇ ਕੀਤੇ। ਮੇਰੀ ਖੁਸ਼ੀ ਦਾ ਉਸ ਵਕਤ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੇ ਮੇਰੇ 6 ਸ਼ਿਅਰਾਂ ਦਾ ਹਿੰਦੀ ਭਾਸ਼ਾ ਵਿੱਚ ਉਸ ਵੇਲੇ ਹੀ ਅਨੁਵਾਦ ਕਰ ਦਿੱਤਾ।  ਮੈਂ ਵਾਜਪਾਈ ਜੀ ਨੂੰ ਕਿਹਾ,”ਸਰ! ਤੁਸੀਂ ਤਾਂ ਬਹੁਤ ਮਹਾਨ ਕਵੀ ਹੋ। ਤੁਸੀਂ ਵੀ ਕੋਈ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰੋ।” ਸੱਚ ਜਾਣਿਓਂ ! ਮੈਂ ਤਾਂ ਬਿਲਕੁਲ ਭੁੱਲ ਹੀ ਗਈ ਸੀ ਕਿ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਤਰ੍ਹਾਂ ਸੰਬੋਧਨ ਹੋ ਰਹੀ ਹਾਂ। ਮੇਰੇ ਕਹਿਣ ਤੇ ਉਨ੍ਹਾਂ ਨੇ ਆਪਣੀ ਇਕ ਬਹੁਤ ਹੀ ਖ਼ੂਬਸੂਰਤ ਕਵਿਤਾ “ਜੀਵਨ ਬੀਤ ਚਲਾ” ਸਾਡੇ ਨਾਲ ਸਾਂਝੀ ਕੀਤੀ। ਇਸ ਕਵਿਤਾ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ ਜੋ ਇਸ ਤਰ੍ਹਾਂ ਹਨ:

    ਕੱਲ੍ਹ – ਕੱਲ੍ਹ   ਕਰਤੇ , ਆਜ  ਹਾਥ   ਸੇ   ਨਿਕਲੇ  ਸਾਰੇ,

    ਭੂਤ, ਭਵਿਸ਼ਯ ਕੀ ਚਿੰਤਾ ਮੇਂ, ਵਰਤਮਾਨ ਕੀ ਬਾਜ਼ੀ ਹਾਰੇ।

ਅਗਲੇ ਦਿਨ 5 ਸਤੰਬਰ ਨੂੰ ਉਸ ਵਕਤ ਦੇ ਰਾਸ਼ਟਰਪਤੀ ਬਹੁਤ ਹੀ ਸਤਿਕਾਰਤ ਯੋਗ ਡਾ.ਏ ਪੀ ਜੇ ਅਬਦੁਲ ਕਲਾਮ ਜੀ ਦੇ ਕਰ ਕਮਲਾਂ ਰਾਹੀਂ “ਕੌਮੀ ਪੁਰਸਕਾਰ” ਹਾਸਲ ਕੀਤਾ। ਉਸ ਦਿਨ ਦੁਪਹਿਰ ਦਾ ਖਾਣਾ (Lunch) ਉਨ੍ਹਾਂ ਦੇ ਗ੍ਰਹਿ ਵਿਖੇ ਅਰਥਾਤ ਰਾਸ਼ਟਰਪਤੀ ਭਵਨ ਵਿੱਚ ਸੀ। ਉਨ੍ਹਾਂ  ਨਾਲ ਗੱਲ ਬਾਤ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨਾਲ ਬਿਤਾਏ ਪਲ ਮੇਰੇ ਚੇਤਿਆਂ ਦੀ ਪਟਾਰੀ ਵਿੱਚ ਹਮੇਸ਼ਾ ਸੁਰਖਿਅਤ ਰਹਿਣਗੇ।

ਸਿਤੰਬਰ  ਦੇ ਦਿਨਾਂ  ਦੇ  ਸਭ  ਨਜ਼ਾਰੇ  ਯਾਦ  ਆਉਂਦੇ ਨੇ।

ਸਿਆਸਤ ਵਿੱਚ ਜੋ ਸਨ ਚਾਨਣ ਮੁਨਾਰੇ ਯਾਦ ਆਉਂਦੇ ਨੇ।

ਨਾ ਭੁੱਲੇ ਹਨ,ਨਾ ਭੁੱਲਣਗੇ ਐ ਕੋਚਰ! ਆਖਰੀ ਦਮ ਤਕ,

ਸੁਨਹਿਰੀ ਪਲ ਤਾਂ ਇਹ ਸਾਰੇ ਦੇ ਸਾਰੇ ਯਾਦ ਆਉਂਦੇ ਨੇ।

(ਡਾ.ਗੁਰਚਰਨ ਕੌਰ ਕੋਚਰ)

Install Punjabi Akhbar App

Install
×