ਗੁਰੂ ਨਾਨਕ ਬਾਣੀ ਵਿੱਚ ਅਜੋਕੀਆਂ ਮਾਨਵੀਂ ਸਮੱਸਿਆਵਾਂ ਦਾ ਹੱਲ — ਡਾ. ਦਵਿੰਦਰ ਕੌਰ

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅੱਜ ਪ੍ਰਸਿੱਧ ਲੇਖਕ ਅਤੇ ਬਹੁਭਾਸ਼ੀ ਸਾਹਿਤਕਾਰ ਬਖਸ਼ੀਸ਼ ਸਿੰਘ ਅਜਮੇਰ (ਰਾਜਸਥਾਨ) ਦੀ ਪੁਸਤਕ ਸ਼੍ਰੀ ਗੁਰੂ ਨਾਨਕ ਵਾਣੀ ਲੋਕ ਅਰਪਣ ਕੀਤੀ ਗਈ। ਬਖਸ਼ੀਸ਼ ਸਿੰਘ ਨੇ ਗੁਰੂ ਨਾਨਕ ਬਾਣੀ ਦਾ ਹਿੰਦੀ ਅਨੁਵਾਦ ਅਤੇ ਉਸਦੀ ਸਰਲ ਭਾਸ਼ਾ ਵਿੱਚ ਵਿਆਖਿਆ ਕਰਕੇ ਗੁਰਮਤਿ ਫਲਸਫੇ ਨੂੰ ਉਭਾਰਿਆ ਹੈ। ਜੋ ਪੰਜਾਬ ਤੋਂ ਬਾਹਰਲੇ ਪਾਠਕਾਂ ਲਈ ਬਹੁਤ ਉਪਯੋਗੀ ਹੈ। ਡਾ. ਦਵਿੰਦਰ ਕੌਰ ਨੇ ਪੁਸਤਕ ਦੇ ਸਿਧਾਂਤਕ ਪੱਖਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਬਖਸ਼ੀਸ਼ ਸਿੰਘ ਨੇ ਗੁਰਮਤਿ ਸਾਹਿਤ ਅਤੇ ਸੂਫੀ ਸਾਹਿਤ ਬਾਰੇ ਗੰਭੀਰ ਰਚਨਾ ਕੀਤੀ ਹੈ। ਉਨ੍ਹਾਂ ਦੀਆਂ ਕਿਰਤਾਂ ਪੰਜਾਬੀ ਅਤੇ ਹਿੰਦੀ ਸਾਹਿਤ ਵਿੱਚ ਵਿਲੱਖਣ ਸਥਾਨ ਰਖਦੀਆਂ ਹਨ। ਗੁਰੂ ਨਾਨਕ ਬਾਣੀ ਵਿੱਚ ਅਜੋਕੀਆਂ ਮਾਨਵੀ ਸਮੱਸਿਆਵਾਂ ਦਾ ਪੂਰਨ ਹੱਲ ਦਰਸਾਇਆ ਹੈ। ਡਾ. ਭਗਵੰਤ ਸਿੰਘ ਨੇ ਗੁਰੂ ਨਾਨਕ ਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਗੁਰੂ ਜੀ ਨੇ ਸਮਕਾਲੀਨ ਸਮਾਜ ਦੀ ਅਧੋਗਤੀ ਅਤੇ ਹਾਕਮਾਂ ਦੇ ਨਿਰਦਈਪੁਣੇ ਵਿਰੁੱਧ ਬਹੁਤ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ। ਗੁਰੂ ਜੀ ਨੇ ਮਨੁੱਖ ਨੂੰ ਸਾਦਾ ਜੀਵਨ ਜਿਉਣ, ਕਿਰਤ ਕਰਨ, ਵੰਡ ਛੱਕਣ, ਨਾਮ ਜਪਣਾ ਅਤੇ ਲੁੱਟ ਖਸੁੱਟ ਰਹਿਤ ਸਮਾਜ ਸਿਰਜਣ ਦੀ ਪ੍ਰੇਰਣਾ ਦਿੱਤੀ ਹੈ। ਕਿਰਤ ਨਾਲੋਂ ਟੁੱਟਿਆ ਮਨੁੱਖ ਵਿਸੰਗਤੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਖਸ਼ੀਸ਼ ਸਿੰਘ ਨੇ ਗੁਰੂ ਨਾਨਕ ਬਾਣੀ ਦਾ ਹਿੰਦੀ ਵਿੱਚ ਅਨੁਵਾਦ ਕਰਕੇ ਗੁਰੂ ਨਾਨਕ ਬਾਣੀ ਦੇ ਪ੍ਰਸਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ। ਦੋ ਦਰਜਨ ਪੁਸਤਕਾਂ ਦੇ ਲੇਖਕ ਲਗਾਤਾਰ ਸਾਹਿਤ ਸਿਰਜਣਾ ਅਤੇ ਖੋਜ਼ ਕਰ ਰਹੇ ਹਨ। ਗੁਰਨਾਮ ਸਿੰਘ ਨੇ ਬਖਸ਼ੀਸ਼ ਸਿੰਘ ਦੀ ਭਾਸ਼ਾ ਅਤੇ ਸ਼ੈਲੀ ਬਾਰੇ ਗੱਲ ਕਰਦੇ ਹੋਏ ਇਸ ਪੁਸਤਕ ਨੂੰ ਬਿਹਤਰੀਨ ਦੱਸਿਆ। ਜਗਦੀਪ ਸਿੰਘ ਪੁਸਤਕ ਦੇ ਵਿਚਾਰਧਾਰਕ ਪਹਿਲੂਆਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ‘ਸੁਪਨੰਤਰ* ਬਖਸ਼ੀਬ ਸਿੰਘ ਦੀ ਬਿਹਤਰੀਨ ਕਾਵਿ ਪੁਸਤਕ ਹੈ, ਉਹ ਰਾਜਸਥਾਨ ਵਿੱਚ ਰਹਿਕੇ ਨਿਰੰਤਰ ਸਾਹਿਤ ਸਿਰਜਣਾ ਕਰ ਰਹੇ ਹਨ। ਇਸ ਮੌਕੇ ਤੇ ਏ.ਪੀ. ਸਿੰਘ, ਜਗਤਾਰ ਸਿੰਘ, ਅਮਨਪ੍ਰੀਤ ਸਿੰਘ, ਮਨਵੀਰ ਸਿੰਘ, ਬਚਨ ਸਿੰਘ, ਚਰਨਜੀਤ ਸਿੰਘ, ਸੰਜੀਵ ਸਿੰਘ, ਡਾ. ਮਨਪ੍ਰੀਤ ਆਦਿ ਅਨੇਕਾਂ ਸਾਹਿਤਕਾਰਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਗਮ ਕਰਾਇਆ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks