ਡਾ: ਦਰਿਆ ਯਾਦਗਾਰੀ ਲੋਕਧਾਰਾ ਸਾਹਿਤ ਮੰਚ ਵੱਲੋਂ ਰਾਜਿੰਦਰ ਰਿਖੀ ਦੇ ਕਾਵਿ-ਸੰਗ੍ਰਹਿ ‘ਮੁਕਤ ਕਰ ਦੇ’ ਤੇ ਹੋਈ ਵਿਚਾਰ ਚਰਚਾ

ਰਈਆ —ਪੰਜਾਬ ਨਾਟਸ਼ਾਲਾ, ਅੰਮ੍ਰਿਤਸਰ ਵਿਖੇ ਰਾਜਿੰਦਰ ਰਿਖੀ ਦੁਆਰਾ ਰਚਿਤ ਉਹਨਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਮੁਕਤ ਕਰ ਦੇ” ਉੱਪਰ ਡਾ. ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ, ਅੰਮ੍ਰਿਤਸਰ ਵੱਲੋਂ ਗੰਭੀਰ ਵਿਚਾਰ ਚਰਚਾ ਕੀਤੀ ਗਈ। ਪੁਸਤਕ ਉੱਪਰ ਵਿਚਾਰ ਚਰਚਾ ਕਰਨ ਵਾਲੇ ਲੇਖਕਾਂ ਵਿਚੋਂ ਮੁੱਖ ਮਹਿਮਾਨ ਵਜੋਂ ਰਿਟਾਇਰਡ ਏ.ਡੀ.ਸੀ. ਰਾਕੇਸ਼ ਕੁਮਾਰ ਉਰਫ ਉਲਫ਼ਤ ਬਟਾਲਵੀ, ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਨਾਮਵਰ ਸ਼ਾਇਰ ਦੇਵ ਦਰਦ ਤੋਂ ਇਲਾਵਾ ਡਾ. ਸੁਖਦੇਵ ਸਿੰਘ, ਡਾ. ਗੁਰਪ੍ਰੀਤ ਸਿੰਘ ਸਿੱਧੂ, ਡਾ. ਸਾਹਿਬ ਸਿੰਘ ਡੀ.ਏ.ਵੀ ਕਾਲਜ ਜਲੰਧਰ, ਪ੍ਰੋਫੈਸਰ ਅਨੁਪਮ ਸੂਦ, ਡਾ. ਕਮਲਪ੍ਰੀਤ ਸਿੰਘ, ਡਾ. ਮੰਗਲ ਸਿੰਘ ਐੱਮ.ਡੀ. ਸੈਂਟ ਸੋਲਜ਼ਰ ਇਲੀਟ ਕਾਂਨਵੈਂਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ, ਸ਼ੇਲਿੰਦਰਜੀਤ ਸਿੰਘ ਰਾਜਨ, ਡਾ. ਸੰਤਸੇਵਕ ਸਰਕਾਰੀਆ ਆਦਿ ਨੇ ਪਰਚਾ ਪੜ੍ਹਨ,ਵਿਚਾਰ ਚਰਚਾ ਕਰਨ ਵਜੋਂ ਭੂਮਿਕਾ ਨਿਭਾਈ। ਸਮਾਗਮ ਦੇ ਮੁੱਖ ਮਹਿਮਾਨ ਰਿਟਾਇਰਡ ਏ ਡੀ ਸੀ ਰਾਕੇਸ਼ ਕੁਮਾਰ ਉਰਫ ਉਲਫ਼ਤ ਬਟਾਲਵੀ ਨੇ ਕਿਹਾ ਕਿ ਅੱਜ ਜਰੂਰਤ ਹੈ ਕਿ ਅਸੀਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰੀਏ ਤਾਂ ਕਿ ਉਹ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਵਧੀਆ ਤਰੀਕੇ ਨਾਲ ਕੰਮ ਕਰ ਸਕਣ। ਉਹਨਾਂ ਕਿਹਾ ਕਿ ਕਵਿਤਾ ਕਿਸੇ ਪੈਮਾਨੇ ਵਿਚ ਨਹੀਂ ਬੱਝ ਸਕਦੀ, ਇਹ ਮਨ ਦੇ ਵਲਵਲਿਆਂ ਵਿਚੋਂ ਉਪਜਦੀ ਹੈ ਅਤੇ ਸਫ਼ਰ ਕਰਸੀ ਹੋਇ ਆਪਣੀ ਮੰਜ਼ਿਲ ਤੱਕ ਪਹੁੰਚਦੀ ਹੈ। ਉਘੇ ਸ਼ਾਇਰ ਦੇਵ ਦਰਦ ਹੋਰਾਂ ਨੇ ਕਵਿਤਾ ਦੀਆਂ ਬਾਰੀਕੀਆਂ ਬਾਰੇ ਸਮਝਾਉਂਦੇ ਹੋਏ ਸਥਾਪਿਤ ਲੇਖਕਾਂ ਨੂੰ ਅਪੀਲ ਕੀਤੀ ਕਿ ਨਵੇਂ ਲੇਖਕਾਂ ਨੂੰ ਅਣਗੌਲਿਆ ਨਾ ਜਾਵੇ ਸਗੋਂ ਉਹਨਾਂ ਦੀਆਂ ਰਚਨਾਵਾਂ ਨੂੰ ਜਰੂਰ ਪੜ੍ਹਿਆ ਜਾਵੇ ਤਾਂ ਕਿ ਅੱਜ ਕੱਲ ਦੇ ਨਵੇਂ ਲੇਖਕਾਂ ਦੇ ਉਸਾਰੂ ਵਿਚਾਰਾਂ ਨਾਲ ਉਹਨਾਂ ਦੀ ਕਲਮ ਨੂੰ ਵੀ ਕੁਝ ਨਵਾਂ ਕਰਨ ਜਾਂ ਲਿਖਣ ਦੀ ਸੇਧ ਮਿਲੇ। ਉਹਨਾਂ ਕਿਹਾ ਕਿ ਬਹੁਤ ਸਾਰੇ ਸਥਾਪਿਤ ਲੇਖਕ ਤਾਂ ਨਵੇਂ ਲੇਖਕ ਦੀ ਕਿਤਾਬ ਨੁਕਰੇ ਸੁੱਟ ਦਿੰਦੇ ਹਨ, ਜੋਕਿ ਲੇਖਕ ਅਤੇ ਉਸਦੀ ਕਿਤਾਬ ਨਾਲ ਸ਼ਰੇਆਮ ਨਾ ਇਨਸਾਫੀ ਹੈ।ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਨੇ ਬੋਲਦਿਆਂ ਕਿਹਾ ਕਿ ਅੱਜ ਸਮਾਜ ਨੂੰ ਰਿਖੀ ਵਰਗੇ ਬੇਬਾਕ ਲੇਖਣੀ ਵਾਲੇ ਲੇਖਕਾਂ ਦੀ ਸਖਤ ਜਰੂਰਤ ਹੈ ਜੋਕਿ ਬੇਖੌਫ਼ ਹੋ ਕੇ ਸਿਸਟਮ ਦੇ ਖ਼ਿਲਾਫ਼ ਅਤੇ ਹਰ ਬੁਰਾਈ ਜਾਂ ਕੁਰੀਤੀ ਦੇ ਖਿਲਾਫ ਲਿਖਣ ਜਾਂ ਬੋਲਣ ਦੀ ਜ਼ੁਰਅਤ ਰੱਖਦੇ ਹੋਣ। ਰਿਖੀ ਜਿਥੇ ਇਕ ਵਧੀਆ ਪੱਤਰਕਾਰ ਅਤੇ ਸਮਾਜ ਸੇਵਕ ਵਜੋਂ ਜਾਣਿਆ ਜਾਂਦਾ ਹੈ ਹੁਣ ਓਥੇ ਹੀ ਲੇਖਕਾਂ ਦੀ ਕਤਾਰ ਵਿਚ ਵੀ ਇਕ ਚਰਚਿਤ ਨਾਮ ਵਜੋਂ ਜਾਣਿਆ ਜਾਣ ਲੱਗਾ ਹੈ।ਸਾਰੇ ਪਰਚਾ ਲੇਖਕਾਂ ਨੂੰ ਡਾ. ਦਰਿਆ ਯਾਦਗਾਰੀ ਲੋਕਧਾਰਾ ਸਾਹਿਤ ਮੰਚ ਵੱਲੋਂ ਸਰਟੀਫਿਕੇਟ ਦੇ ਕੇ ਲੇਖਕਾਂ ਦਾ ਮਾਨ ਸਨਮਾਨ ਵਧਾਇਆ ਗਿਆ। ਇਸ ਮੌਕੇ ਸਮੁੱਚੇ ਪ੍ਰੋਗਰਾਮ ਦੇ ਕੋ-ਆਰਡੀਨੇਟਰ ਵਜੋਂ ਡਾ. ਸਰਦਾਰਾ ਸਿੰਘ ਅਤੇ ਮੰਚ ਨੂੰ ਚਲਾਉਣ ਲਈ ਡਾ. ਗੁਰਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਨੇ ਭੂਮਿਕਾ ਨਿਭਾਈ। ਉਪਰੋਕਤ ਪਰਚਾ ਲੇਖਕਾਂ ਦੇ ਨਾਲ-ਨਾਲ ਡਾ. ਦਰਿਆ ਦੇ ਪਰਿਵਾਰਕ ਮੈਂਬਰਾਂ ਪਤਨੀ ਕਮਲਜੀਤ ਕੌਰ ਅਤੇ ਬੇਟੀਆਂ ਲਹਿਰ ਤੇ ਇਰਾ ਤੋਂ ਇਲਾਵਾ ਈਡੀਅਟ ਚਲਾਉਣ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ, ਡਾ. ਗੁਰਪ੍ਰਤਾਪ ਸਿੰਘ, ਉਘੇ ਗੀਤਕਾਰ ਨਿੰਮਾ ਲੋਹਾਰਕਾ, ਅਰਵਿੰਦਰ ਸਿੰਘ ਭੱਟੀ, ਵਿਜੈ ਸ਼ਰਮਾ, ਦਲਜੀਤ ਸੋਨਾ, ਕੁਲਵਿੰਦਰ ਸਿੰਘ ਬੁੱਟਰ, ਸੋਨਲ ਦਵੇਸਰ, ਟੈਰੋ ਕਾਰਡ ਐਕਸਪਰਟ ਸੁਲੇਖਾ ਮਹਿਰਾ,ਸਤਨਾਮ ਘਈ, ਦੀਪਕ ਮਹਿਰਾ, ਧੈਰਿਆ ਮਹਿਰਾ ਅਤੇ ਹੋਰ ਵੀ ਬਹੁਤ ਸਾਰੀਆਂ ਨਾਮੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਰਾਜਿੰਦਰ ਰਿਖੀ ਨੇ ਆਪਣੀਆਂ ਕਵਿਤਾਵਾਂ ਦੇ ਸਫ਼ਰ ਨੂੰ ਬੜੇ ਹੀ ਭਾਵਪੂਰਤ ਸ਼ਬਦਾਂ ਦੀ ਜੜਤ ਨਾਲ ਆਏ ਹੋਏ ਮਹਿਮਾਨਾਂ ਦੇ ਸਾਹਮਣੇ ਰੱਖਿਆ। ਇਸ ਮੌਕੇ ਡਾ. ਦਰਿਆ ਯਾਦਗਾਰੀ ਲੋਕਧਾਰਾ ਤੇ ਸਾਹਿਤ ਮੰਚ, ਅੰਮ੍ਰਿਤਸਰ ਵੱਲੋਂ ਰਾਜਿੰਦਰ ਰਿਖੀ ਦੁਆਰਾ ਰਚਿਤ ਕਾਵਿ ਸੰਗ੍ਰਹਿ ਨੂੰ ਸਨਮਾਨ ਚਿੰਨ੍ਹ ਦੇ ਕੇ ਪੁਸਤਕ ਦਾ ਮਾਨ ਸਨਮਾਨ ਵਧਾਇਆ ਗਿਆ।

Install Punjabi Akhbar App

Install
×