ਬਾਲ ਸਾਹਿਤ ਉਹੀ ਜਿੰਦਾ ਰਹੇਗਾ ਜੋ ਸਮੇਂ ਦੇ ਨਾਲ ਬਦਲੇਗਾ- ਦਰਸ਼ਨ ਸਿੰਘ ਆਸ਼ਟ

ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਵੱਲੋਂ ਰੁਬਰੂ

ਪਟਿਆਲਾ 9 ਮਈ ਬਾਲ ਲੇਖਕ ਲਈ ਬਾਲ ਸਾਹਿਤ ਸਿਰਜਣਾ ਸਮੇਂ ਸਭ ਤੋਂ ਔਖੀ ਘੜੀ ਉਹ ਹੁੰਦੀ ਹੈ ਜਦੋਂ ਵੱਖ-ਵੱਖ ਉਮਰ ਦੇ ਬਾਲਾਂ ਦੀ ਮਾਨਸਿਕਤਾ ਨੂੰ ਮੁੱਖ ਰੱਖ ਕੇ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ। ਇਸ ਦੇ ਨਾਲ ਹੀ ਵਿਸ਼ਾ ਵਸਤੂ ਵੀ ਕਾਫ਼ੀ ਧਿਆਨ ਮੰਗਦਾ ਹੈ। ਮੈਂ ਅਜੋਕੇ ਦੌਰ ਵਿੱਚ ਪ੍ਰੰਪਰਾਗਤ ਵਿਸ਼ਿਆ ਨੂੰ ਨਵੇਂ ਮੁਹਾਂਦਰੇ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਡਾ. ਦਰਸ਼ਨ ਸਿੰਘ ‘ਆਸ਼ਟ’ਨੇ ਬਲਾਕ ਨੂਰਮਹਿਲ ਦੇ ਪਿੰਡ ਚੀਮਾ ਕਲਾਂ-ਚੀਮਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਲੋਂ ਸ਼ੁਰੂ ਕੀਤੀ ਰੂ-ਬ-ਰੂ ਦੀ ਲੜੀ ਤਹਿਤ ਜ਼ੂਮ ਮੀਟਿੰਗ ਰਾਹੀਂ ਕਰਵਾਏ ਪ੍ਰੋਗਰਾਮ ਮੌਕੇ ਕੀਤਾ।

ਡਾ. ਆਸ਼ਟ ਨੇ ਬੱਚਿਆਂ ਨੂੰ ਵਰਤਮਾਨ ਕਰੋਨਾ-ਮਹਾਂਮਾਰੀ ਦਾ ਪੂਰੀ ਦ੍ਰਿੜ੍ਹਤਾ ਨਾਲ ਟਾਕਰਾ ਕਰਨ ਲਈ ਸਰਕਾਰ ਅਤੇ ਮਾਪਿਆਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਸਾਨੂੰ ਪੂਰੀ ਇਹਤਿਹਾਤ ਵਰਤਦੇ ਹੋਏ ਘਰਾਂ ਵਿਚ ਹੀ ਲਾਕਡਾਊਨ ਦੀ ਸਥਿਤੀ ਵਿਚ ਵਿਚਰਦਿਆਂ ਸਿਰਜਣਾਤਮਕ ਰੁਚੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਉਪਰੰਤ ਡਾ. ‘ਆਸ਼ਟ’ ਨੇ ਅਧਿਆਪਕ ਵਰਗ ਦੇ ਸਤਿਕਾਰ ਵਿਚ ਬਾਲ ਕਵਿਤਾ ‘ਹੇ ਅਧਿਆਪਕ’ ਨਾਲ ਕਾਵਿ ਪੇਸ਼ਕਾਰੀ ਦਾ ਆਗਾਜ਼ ਕੀਤਾ।ਉਪਰੰਤ ਉਹਨਾਂ ਨੂੰ ਇਸ ਮੌਕੇ ਜੁੜੇ ਅਨੇਕਾਂਸਕੂਲ ਦੇ ਵਿਦਿਆਰਥੀਆਂ,ਅਧਿਆਪਕਾਂ, ਕਲਾਕਾਰਾਂ ਅਤੇ ਲੇਖਕਾਂ ਆਦਿ ਨੇ ਵੱਖ ਵੱਖ ਪੱਖਾਂ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਪ੍ਰਗਟ ਕੀਤਾ। ਜਿਨ੍ਹਾਂ ਦੇ ਜਵਾਬ ਡਾ. ਆਸ਼ਟ ਨੇ ਪੂਰੀ ਸ਼ਿੱਦਤ ਨਾਲ ਦੇ ਕੇ ਜਿਗਿਆਸਾ ਨੂੰ ਤ੍ਰਿਪਤ ਕੀਤਾ। ਉਨ੍ਹਾਂ ਨੇ ਆਪਣੇ ਸੰਘਰਸ਼ਮਈ ਜੀਵਨ ਦੀ ਦਾਸਤਾਂ ਦੇ ਨਾਲ-ਨਾਲ ਸਾਹਿਤਕ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ । ਇਸ ਦੌਰਾਨ ਉਨ੍ਹਾਂ ਨੇ ਪ੍ਰਕ੍ਰਿਤੀ ਅਤੇ ਮਾਤ ਭਾਸ਼ਾ ਦੀ ਰਖਵਾਲੀ ਨੂੰ ਬਚਾਉਣ ਸੰਬੰਧੀ ਕਹਾਣੀਆਂ ਅਤੇ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਅੰਤ ‘ਚ ਉਨ੍ਹਾਂ ਨੇ ਤਰੰਨਮ ਵਿੱਚ ਆਪਣੀ ਸ਼ਾਹਕਾਰ ਕਵਿਤਾ ‘ਨੀਂ ਚਿੜੀਏ’ ਪੇਸ਼ ਕਰਕੇ ਇਸ ਪ੍ਰੋਗਰਾਮ ਨੂੰ ਯਾਦਗਾਰ ਰੰਗਤ ਪ੍ਰਦਾਨ ਕੀਤੀ।

ਸਮਾਗਮ ਦੇ ਆਰੰਭ ਵਿੱਚ ਸੰਸਥਾ ਦੇ ਮੁੱਖੀ, ਸ਼ਾਇਰ ਅਤੇ ‘ਦਰਪਣ’ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਇਸ ਇਕੱਤਰਤਾ ਦਾ ਸੰਚਾਲਨ ਕਰਦਿਆਂ ਸ਼ਾਮਿਲ ਹੋਣ ਵਾਲੇ ਸਾਰੇ ਸਹਿਭਾਗੀਆਂ ਨੂੰ ਡਾ. ਦਰਸ਼ਨ ਸਿੰਘ ਆਸ਼ਟ ਦੇ ਜੀਵਨ ਅਤੇ ਸਾਹਿਤਕ ਕਾਰਜਾਂ ਬਾਰੇ ਵਿਸਤ੍ਰਿਤ ਵਾਕਫ਼ੀਅਤ ਦਿੱਤੀ ਤੇ ਉਨ੍ਹਾਂ ਡਾ. ਆਸ਼ਟ ਨੂੰ ਆਪਣੀ ਸਾਂਝ ਪਾਉਣ ਦਾ ਸੱਦਾ ਦਿੱਤਾ। ਇਸ ਇਕੱਤਰਤਾ ਵਿਚ ਜਿੱਥੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਉਥੇ ਪ੍ਰਸਿੱਧ ਲੇਖਕਾਂ,ਸਿੱਖਿਆ ਸ਼ਾਸਤਰੀਆਂ,ਅਧਿਆਪਕਾਂ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਕਰੀਬ 50 ਹਿਤੈਸ਼ੀਆਂ ਨੇ ਦੇਸ਼-ਵਿਦੇਸ਼ ਤੋਂ ਵੀ ਖੁੱਲ੍ਹ ਦਿਲੀ ਨਾਲ ਸ਼ਿਰਕਤ ਕੀਤੀ।ਜਿਨ੍ਹਾਂ ਵਿਚ ਡਾ. ਰਾਜਵੰਤ ਕੌਰ ਪੰਜਾਬੀ, ਹਰਪ੍ਰੀਤ ਕੌਰ ਸੰਧੂ (ਆਸਟ੍ਰੇਲੀਆ), ਕੇ. ਐਲ. ਗੁਰੂ, ਡਾ. ਕਮਲਜੀਤ ਕੌਰ, ਲੈਕਚਰਾਰ ਰਾਮ ਸਿੰਘ, ਅਮਰਪ੍ਰੀਤ ਸਿੰਘ ਝੀਤਾ,ਮੈਡਮ ਵੀਨਾ ਰਾਣੀ, ਮਨਦੀਪ ਕੌਰ ਅੰਮ੍ਰਿਤਸਰ, ਨੀਤੂ ਸ਼ਰਮਾ,ਦੀਪਾਲੀ ਸ਼ਰਮਾ, ਸਰਵਜੀਤ ਕੌਰ ਚੀਮਾ, ਅੰਜੂ ਬਾਲਾ, ਕੰਵਰਨੂਰ ਸਿੰਘ, ਸੋਡੀ ਢੀਡਸਾ, ਲੈਕਚਰਾਰ ਨੇਕ ਚੰਦ, ਗੁਰਮੀਤ ਸਿੰਘ, ਡਾ. ਕਰਮਜੀਤ ਕੌਰ, ਅਮਰੀਕ ਸਿੰਘ ਉੱਪਲ ਆਦਿ ਸ਼ਾਮਿਲ ਸਨ। ਅੰਤ ਵਿਚ ਅਮਰਜੀਤ ਭਗਤ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕੱਤਰਤਾ ਘਰ ਬੈਠੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਰਹੀ ਹੈ ।
ਕੈਪਸ਼ਨ- ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਦਰਸ਼ਨ ਸਿੰਘ ਆਸ਼ਟ, ਸ੍ਰੀ ਸੁਮਨ ਸ਼ਾਮਪੁਰੀ ਦੇ ਹੋਰ ਦਿਖਾਈ ਦੇ ਰਹੇਸਾਹਿਤਕਾਰ ਤੇ ਕਲਾ ਪ੍ਰੇਮੀ

Install Punjabi Akhbar App

Install
×