ਡਾ. ਦਰਸ਼ਨ ਸਿੰਘ ‘ਆਸ਼ਟ’ ਦੀਆਂ ਪੁਸਤਕਾਂ ਦੇ ਨਵੇਂ ਸੰਸਕਰਣ ਛਪੇ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਵੱਲੋਂ ਲਿਖੀਆਂ ਮੌਲਿਕ ਬਾਲ ਪੁਸਤਕਾਂ ਦੇ ਨਵੇਂ ਸੰਸਕਰਣ ਨੈਸ਼ਨਲ ਬੁਕ ਟਰੱਸਟ,ਇੰਡੀਆ, ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਮਿਹਨਤ ਕੀ ਕਮਾਈ ਕਾ ਸੁਖ’ (ਹਿੰਦੀ) ਦੇ ਛੇਵੇਂ ਸੰਸਕਰਣ ਤੋਂ ਇਲਾਵਾ ਪੰਜਾਬੀ ਬਾਲ ਪੁਸਤਕ ਮਿਹਨਤ ਦੀ ਕਮਾਈ’ ਦਾ ਦੂਜਾ ਸੰਸਕਰਣ ਸ਼ਾਮਿਲ ਹੈ।ਇਸ ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ ਨੇ ਵੀ ਡਾ. ਆਸ਼ਟ ਦੀਆਂ ਦੋ ਪੁਸਤਕਾਂ ਨਾਟਕ ਵੰਨ ਸੁਵੰਨੇ ਅਤੇ ਬਾਗਾਂ ਵਾਲਾ ਪਿੰਡ’ ਦੇ ਦੋ ਸੰਸਕਰਣ ਪ੍ਰਕਾਸ਼ਿਤ ਕੀਤੇ ਹਨ। ਪੰਜਾਬੀ ਯੂਨੀਵਰਸਿਟੀ,ਪਟਿਆਲਾ ਅਤੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵੱਲੋਂ ਵੀ ਕੁਝ ਹੋਰ ਪੁਸਤਕਾਂ ਦੇ ਨਵੇਂ ਸੰਸਕਰਣ ਛਪਾਈ ਅਧੀਨ ਹਨ।
ਇਸ ਅਵਸਰ ਤੇ ਡਾ. ਆਸ਼ਟ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਅਤੇ ਇਹਨਾਂ ਅਦਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵੱਲੋਂ ਉਹਨਾਂ ਦੀਆਂ ਲਿਖੀਆਂ ਪੁਸਤਕਾਂ ਨੂੰ ਵੱਡਾ ਹੁੰਘਾਰਾ ਮਿਲਣ ਨਾਲ ਬਾਲ ਸਾਹਿਤ ਦੇ ਖੇਤਰ ਨੂੰ ਹੋਰ ਹੁਲਾਰਾ ਅਤੇ ਉਤਸਾਹ ਮਿਲਿਆ ਹੈ। ਇਹਨਾਂ ਸਰਕਾਰੀ ਸੰਸਥਾਵਾਂ ਵੱਲੋਂ ਵੱਡੀ ਤਾਦਾਦ ਵਿਚ ਪੁਸਤਕਾਂ ਛਾਪ ਕੇ ਬਾਲ ਹੱਥਾਂ ਤੱਕ ਪਹੁੰਚਾਉਣ ਨਾਲ ਜਿੱਥੇ ਭਾਰਤੀ ਭਾਸ਼ਾਵਾਂ ਦਾ ਪ੍ਰਸਾਰ ਪ੍ਰਚਾਰ ਹੁੰਦਾ ਹੈ ਉਥੇ ਬੱਚਿਆਂ ਨੂੰ ਨੈਤਿਕ ਮੁੱਲਾਂ ਨਾਲ ਜੁੜਨ ਦੀ ਪ੍ਰੇਰਣਾ ਵੀ ਮਿਲਦੀ ਹੈ ਅਤੇ ਉਹਨਾਂ ਅੰਦਰ ਛੁਪੀ ਰਚਨਾਤਮਕ ਪ੍ਰਤਿਭਾ ਨੂੰ ਉਜਾਗਰ ਹੋਣ ਦੇ ਮੌਕੇ ਮਿਲਦੇ ਹਨ। ਜ਼ਿਕਰਯੋਗ ਹੈ ਕਿ ਡਾ. ‘ਆਸ਼ਟ’ ਦੀਆਂ ਪੁਸਤਕਾਂ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਤਿੰਨ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਇਕ ਬਾਲ ਨਾਵਲ ਛਪਾਈ ਅਧੀਨ ਹੈ।ਇਸ ਤੋਂ ਇਲਾਵਾ ਭਾਰਤ ਦੀਆਂ ਵੱਖ ਵੱਖ ਜੁਬਾਨਾਂ ਵਿਚ ਉਹਨਾਂ ਦਾ ਬਾਲ ਸਾਹਿਤ ਤਰਜਮੇ ਦੇ ਰੂਪ ਵਿਚ ਛਪ ਚੁੱਕਾ ਹੈ ਅਤੇ ਵੱਖ ਵੱਖ ਪਾਠ ਪੁਸਤਕਾਂ ਦੇ ਸਿਲੇਬਸ ਦਾ ਹਿੱਸਾ ਬਣਿਆ ਹੋਇਆ ਹੈ।

Install Punjabi Akhbar App

Install
×