ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਕੋਂਕਣੀ ਭਾਸ਼ਾ ਵਿਚ ਛਪੇਗਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਭਾਰਤ ਦੀ ਪ੍ਰਸਿੱਧ ਭਾਸ਼ਾ ਕੋਂਕਣੀ ਵਿਚ ਅਨੁਵਾਦ ਕਰਕੇ ਛਾਪਿਆ ਜਾਵੇਗਾ। ਗੋਆ ਦੇ ਕੋਂਕਣੀ ਭਾਸ਼ਾ ਵਿਚ ਪਿਛਲੇ ਵੀਹ ਸਾਲਾਂ ਤੋਂ ਨਿਰੰਤਰ ਛਪਣ ਵਾਲੇ ਪ੍ਰਸਿੱਧ ਰਸਾਲੇ ‘ਬਿੰਬ’ ਦੇ ਸੰਪਾਦਕ ਦਿਲੀਪ ਬੋਰਕਰ ਅਨੁਸਾਰ ਪਹਿਲੇ ਪੜਾਅ ਵਿਚ ਡਾ. ਆਸ਼ਟ’ ਦਾ ਬਾਲ ਕਹਾਣੀ ਸੰਗ੍ਰਹਿ ਛਾਪਿਆ ਜਾਵੇਗਾ।ਉਹਨਾਂ ਹੋਰ ਦੱਸਿਆ ਕਿ ਗੋਆ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਦਾਦਰ ਹਵੇਲੀ, ਦਮਨ ਅਤੇ ਦਿਊ ਆਦਿ ਖਿੱਤਿਆਂ ਵਿਚ ਵੀ ਬੋਲੀ ਜਾਣ ਵਾਲੀ ਕੋਂਕਣੀ ਭਾਸ਼ਾ ਬੋਲਣ ਵਾਲੇ ਬੱਚਿਆਂ ਤੱਕ ਪਹੁੰਚਾਉਣ ਲਈ ਯੋਜਨਾ ਆਰੰਭ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਪਹਿਲਾਂ ‘ਬਿੰਬ’ ਰਸਾਲੇ ਵਿਚ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਦਿਲੀਪ ਬੋਰਕਾਰ ਅਨੁਸਾਰ ਇਸ ਪ੍ਰਕਾਰ ਪੰਜਾਬੀ ਅਤੇ ਕੋਂਕਣੀ ਭਾਸ਼ਾਵਾਂ ਵਿਚ ਜਿੱਥੇ ਭਾਈਚਾਰਕ ਸਾਂਝ ਪੈਦਾ ਹੋਵੇਗੀ ਉਥੇ ਬੱਚਿਆਂ ਵਿਚ ਵੀ ਸਿਰਜਣਾਤਮਕ ਰੁਚੀਆਂ ਪੈਦਾ ਹੋਣਗੀਆਂ ਅਤੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਨ ਦੀ ਪ੍ਰੇਰਣਾ ਮਿਲੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਡਾ. ‘ਆਸ਼ਟ’ ਦੀਆਂ ਪੰਜਾਬੀ ਵਿਚ ਬੱਚਿਆਂ ਲਈ ਲਗਭਗ ਇਕ ਸੌ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਪਾਕਿਸਤਾਨ ਅਤੇ ਨੇਪਾਲ ਤੋਂ ਇਲਾਵਾ ਉਹਨਾਂ ਦਾ ਪੰਜਾਬੀ ਬਾਲ ਸਾਹਿਤ ਮਹਾਰਾਸ਼ਟਰ,ਹਰਿਆਣਾ,ਦਿੱਲੀ ਦੇ ਸਕੂਲਾਂ ਵਿਚ ਵੱਖ ਵੱਖ ਸ਼੍ਰੇਣੀਆਂ ਨੂੰ ਅਨੁਵਾਦਿਤ ਰੂਪ ਵਿਚ ਪੜ੍ਹਾਇਆ ਜਾ ਰਿਹਾ ਹੈ।ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਡਾ. ‘ਆਸ਼ਟ’ ਦਾ ਬਾਲ ਸਾਹਿਤ ਬਿਹਾਰ ਦੀ ਮੈਥਿਲੀ,ਹਰਿਆਣਵੀ,ਰਾਜਸਥਾਨੀ ਸਿੰਧੀ ਆਦਿ ਜ਼ੁਬਾਨਾਂ ਵਿਚ ਵੀ ਅਨੁਵਾਦ ਹੋ ਚੁੱਕਾ ਹੈ। ਨੈਸ਼ਨਲ ਬੁੱਕ ਟਰੱਸਟ, ਇੰਡੀਆ ਅਤੇ ਪੰਜਾਬੀ ਅਕਾਦਮੀ, ਦਿੱਲੀ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਪ੍ਰਕਾਸ਼ਕਾਂ ਵੱਲੋਂ ਵੀ ਉਹਨਾਂ ਦੀਆਂ ਪੁਸਤਕਾਂ ਦੇ ਕਈ ਕਈ ਸੰਸਕਰਣ ਛਾਪੇ ਜਾ ਚੁੱਕੇ ਹਨ।
ਡਾ.’ਆਸ਼ਟ’ ਦੇ ਕੋਂਕਣੀ ਭਾਸ਼ਾ ਵਿਚ ਅਨੁਵਾਦ ਹੋਣ ਵਾਲੇ ਬਾਲ ਸਾਹਿਤ ਨੂੰ ਭਵਿੱਖ ਵਿਚ ਗੋਆ (ਮਹਾਰਾਸ਼ਟਰ) ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਵੀ ਕੀਤਾ ਜਾਵੇਗਾ।

Install Punjabi Akhbar App

Install
×