ਡਾ. ਸੁਰਿੰਦਰ ਕਾਹਲੋਂ ਪੰਜਾਬ ਦੀ ਇੱਕ ਨੁਕਰ ਗੁਰਦਾਸਪੁਰ ਵਿਖੇ ਰਹਿ ਰਿਹਾ ਪ੍ਰੌੜ ਸਾਹਿਤਕਾਰ, ਖੋਜੀ, ਚਿੰਤਕ ਅਤੇ ਹੋਮਿਉਪੈਥਿਕ ਚਕਿਤਸਕ ਹੈ। ਉਹ ਸਮਕਾਲੀ ਸਾਹਿਤ ਨੂੰ ਪੜ੍ਹਦਾ, ਵਿਚਾਰ ਕਰਦਾ ਅਤੇ ਉਸ ਬਾਰੇ ਵਿੱਚ ਸਿਰਜਣਾਤਮਕ ਵਿਚਾਰ ਦਿੰਦਾ ਰਹਿੰਦਾ ਹੈ। ਉਸ ਨੂੰ ਸਕੂਲ ਸਮੇਂ ਤੋਂ ਸਿਰਜਣਾ ਦੀ ਚੇਟਕ ਲੱਗੀ। ਇਸ ਸਾਹਿਤ ਸਿਰਜਣਾ ਨੂੰ ਸੇਧ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਜਾ ਕੇ ਮਿਲੀ ਜਦੋਂ ਵਿਦਵਾਨ ਪ੍ਰੋਫੈਸਰਾਂ ਦੀ ਪ੍ਰੇਰਨਾ ਅਤੇ ਸਰਪ੍ਰਸਤੀ ਹਾਸਲ ਹੋਈ। ਏਥੇ ਉਹ ਸਾਹਿਤ ਦੇ ਕਲਾਤਮਕ ਤੇ ਸਿਰਜਣਾਤਮਕ ਪੱਖਾ ਦੇ ਰੂਬਰੂ ਹੋਇਆ।
ਵਿਦਿਆਰਥੀ ਜੀਵਨ ਸਮੇਂ ਕਾਹਲੋਂ ਉੱਚ ਕੋਟੀ ਦੇ ਸਾਹਿਤਕਾਰ ਬਰਕਤ ਰਾਮ ਯੁਮਨ, ਡਾ. ਜਗਤਾਰ, ਵਰਿਆਮ ਅਸਰ ਆਦਿ ਦੇ ਸੰਪਰਕ ਵਿੱਚ ਆਇਆ। ਸਾਹਿਤਕ ਚੰਗਿਆੜੀ ਦੇ ਕਾਰਣ ਹੀ ਕਾਲਜ ਵਿਦਿਆਰਥੀ ਹੁੰਦੇ ਹੋਏ ਕਾਹਲੋਂ ਨੇ ਆਪਣੇ ਦੋਸਤ ਹਰਪਾਲ ਸਿੰਘ ਗੁਰਾਇਆ ਨਾਲ ਮਿਲਕੇ ‘ਭਾਵਨਾ’ ਮਾਸਿਕ ਪਰਚਾ ਕੱਢਿਆ। ਕਾਹਲੋਂ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਬਚਪਨ ਤੋਂ ਆਖੀਰ ਤੱਕ ਵੇਖਿਆ ਹੈ ਉਸ ਬਾਰੇ ਸਭ ਵਰਤਾਰਿਆਂ ਨੂੰ ਸਮਝਿਆ ਹੈ।
ਪੁਸਤਕ ‘ਸ਼ਾਇਰੀ ਦਾ ਸਰੂਰ’ (ਸ਼ਿਵ ਕੁਮਾਰ ਬਟਾਲਵੀ) ਕਾਹਲੋਂ ਦੀ ਅੱਧੀ ਸਦੀ ਦੀ ਸਾਹਿਤਕ ਘਾਲਣਾ ਦਾ ਸਿੱਟਾ ਹੈ। ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਛੋਟੀ ਉਮਰ ਉਹ ਸੁਹਰਤ ਦੀਆਂ ਬੁਲੰਦੀਆਂ ਹਾਸਲ ਹੋਈਆ ਜੋ ਕਿਸੇ ਵਿਰਲੇ ਦੇ ਹਿੱਸੇ ਆਉਦੀਆਂ ਹਨ। ਸ਼ਿਵ ਕੁਮਾਰ ਨੇ ”ਲੂਣਾਂ” ਲਿਖ ਕੇ ਸਦੀਆਂ ਤੋਂ ਦੂਰਕਾਰੀ ਜਾ ਰਹੀ ਔਰਤ ਨੂੰ ਦੋਸ਼ ਮੁਕਤ ਕਰਕੇ ਸਮਾਜ ਨੂੰ ਦੋਸ਼ੀ ਠਹਿਰਾਇਆ। ਜਿਸ ਨੂੰ ਸਮਕਾਲੀਨ ਸਮਾਜ ਨੇ ਪੂਰੀ ਤਰ੍ਹਾਂ ਸਰਾਹਿਆ। ਉਹ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਮਿੱਥ ਬਣ ਗਿਆ ਸੀ। ਸਾਹਿਤ ਵਿੱਚ ਵੱਖਰੇ ਮਾਪਦੰਡ ਵਿਕਸਿਤ ਹੋ ਗਏ। ਅਕਾਦਮਿਕ, ਸਾਹਿਤਕ, ਸਮਾਜਕ ਖੇਤਰਾਂ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਉੱਚ ਸਥਾਨ ਪ੍ਰਾਪਤ ਹੋ ਗਿਆ।
ਸ਼ਿਵ ਕੁਮਾਰ ਬਟਾਲਵੀ ਬਾਰੇ ਅੱਜ ਤੱਕ ਬਹੁਤ ਪੁਸਤਕਾ ਸਾਹਮਣੇ ਆਈਆਂ ਹਨ। ਉਸ ਦੀ ਰਚਨਾ ਪ੍ਰਕ੍ਰਿਆ, ਸ਼ਖਸੀਅਤ ਅਤੇ ਸਾਹਿਤਕ ਪਹਿਲੂਆਂ ਬਾਰੇ ਦੋ ਪੱਖਾਂ ਤੋਂ ਚਰਚਾ ਹੋਈ ਮਿਲਦੀ ਹੈ। ਉਸ ਦੇ ਪ੍ਰਤੀ ਬਹੁਤ ਹੀ ਉਲਾਰ ਉਸਤਤੀ ਕੀਤੀ ਹੋਈ ਮਿਲਦੀ ਹੈ। ਉੱਥੇ ਬਹੁਤ ਹੀ ਭਾਵੁਕ ਤੇ ਵਿਪ੍ਰੀਤ ਆਲੋਚਨਾ ਜਾਂ ਨੀਵੇਂ ਪੱਧਰ ਦੀਆਂ ਟਿੱਪਣੀਆਂ ਵੀ ਮਿਲਦੀਆਂ ਹਨ। ਉਸ ਬਾਰੇ ਸਤੁੰਲਿਤ ਤੇ ਜਮੀਨੀ ਹਕੀਕਤਾ ਨੂੰ ਬਿਆਨ ਕਰਦੀਆਂ ਰਚਨਾਵਾਂ ਘੱਟ ਹੀ ਨਜ਼ਰ ਆਈਆ ਹਨ। ਵਿਚਾਰ ਅਧੀਨ ਪੁਸਤਕ ”ਸ਼ਾਇਰੀ ਦਾ ਸਰੂਰ-ਸ਼ਿਵ ਕੁਮਾਰ ਬਟਾਲਵੀ” ਉਸਦਾ ਸਤੁੰਲਿਤ, ਪ੍ਰਮਾਣਿਕ ਅਤੇ ਤਰਕਮਈ ਵਿਸ਼ਲੇਸ਼ਣ ਕਰਦੀ ਹੈ।
ਇਸ ਪੁਸਤਕ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਸਿਰਜਣਾਂ ਦੇ ਵਿਭਿੰਨ ਪਹਿਲੂਆਂ ਅਤੇ ਸ਼ਖਸ਼ੀਅਤ ਦਾ ਨਿਰਪੱਖ ਅਤੇ ਸਪਸ਼ਟ ਵਿਸ਼ਲੇਸ਼ਣ ਕੀਤਾ ਹੈ। ਇਸ ਵਿੱਚ ਉਸ ਦੇ ਗੁਣ ਅਤੇ ਔਗੁਣ ਨੂੰ ਪੂਰੀ ਤਰ੍ਹਾਂ ਪ੍ਰਗਟ ਕੀਤਾ ਹੈ। ਸ਼ਿਵ ਦੀ ਸ਼ਖਸੀਅਤ ਤੇ ਰਚਨਾ ਬਾਰੇ ਕਈ ਅਜਿਹੇ ਤੱਥ ਪਹਿਲੀ ਵਾਰ ਸਾਹਮਣੇ ਆਏ ਹਨ। ਇਸ ਲਈ ਡਾ. ਸੁਰਿੰਦਰ ਕਾਹਲੋਂ ਵਧਾਈ ਦਾ ਹੱਕਦਾਰ ਹੈ। ਉਸਨੇ ਸਾਹਿਤਕਾਰ ਦੇ ਪਵਿੱਤਰ ਫਰਜ਼ਾ ਨੂੰ ਸਮਝਦੇ ਹੋਏ ਤਰਕ ਦੇ ਸਹਾਰੇ ਆਪਣੇ ਵਿਚਾਰਾਂ ਨੂੰ ਪੁਖਤਰੀ ਦਿੱਤੀ ਹੈ।
ਭਾਸ਼ਾ ਵਿਭਾਗ ਪੰਜਾਬ ਦੇ ਕਵੀ ਦਰਬਾਰਾਂ ਤੇ ਹੋਰ ਸਮਾਗਮ ਨੇ ਪੰਜਾਬ ਦੇ ਸਾਹਿਤਕਾਰਾਂ ਕਲਾਕਾਰਾਂ ਨੂੰ ਬਹੁਤ ਵੱਡਾ ਸੁਹਾਰਾ ਦਿੱਤਾ ਸੀ। ਸ਼ਿਵ ਕੁਮਾਰ ਬਟਾਲਵੀ ਵੀ ਇਨ੍ਹਾਂ ਕਵੀ ਦਰਬਾਰਾਂ ਵਿੱਚੋਂ ਉਭਰਿਆ। ਇਸ ਪ੍ਰਕਾਰ ਦੇ ਕਵੀ ਦਰਬਾਰ ਦਾ ਜ਼ਿਕਰ ਲੇਖਕ ਨੇ ਯੁਮਨ ਦੇ ਹਵਾਲੇ ਨਾਲ ਕੀਤਾ ਹੈ।
ਸ਼ਿਵ ਕੁਮਾਰ ਬਟਾਲਵੀ ਨਵੇਂ ਉੱਭਰ ਰਹੇ ਸਾਹਿਤਕਾਰਾਂ ਨੂੰ ਵੀ ਹੁਲਾਰਾ ਦਿੱਤਾ। ਇੱਕ ਵਿਦਿਆਰਥੀ ਦੇ ਰੂਪ ਵਿੱਚ ਜਦੋਂ ਸੁਰਿੰਦਰ ਕਾਹਲੋਂ ਨੇ ਆਪਣੀਆਂ ਰਚਨਾਵਾਂ ਸ਼ਿਵ ਨੂੰ ਵਿਖਾਈਆਂ ਤਾਂ ਸ਼ਿਵ ਜਿਸ ਨੂੰ ਕਾਹਲੋਂ ਦਰਦ ਰੰਞਾਣਾ ਕਹਿੰਦਾ ਹੈ ਵੱਲੋਂ ਇਸ ਪ੍ਰਕਾਰ ਉਸਦੀ ਪਿੱਠ ਥਾਪੜੀ ਗਈ। ਲੇਖਕ ਨੇ ਇਸ ਪੁਸਤਕ ਵਿੱਚ ਸ਼ਿਵ ਦੇ ਜੀਵਨ, ਸ਼ਖਸ਼ੀਅਤ, ਸ੍ਰਿਜਣ ਪ੍ਰਕ੍ਰਿਆ ਦਾ ਵਿਸ਼ਲੇਸ਼ਣ ਨੂੰ ਵਿਭਿੰਨ ਸਿਰਲੇਖਾਂ ਦੇ ਤਹਿਤ ਲੇਖਾਂ ਰਾਹੀਂ ਕੀਤਾ ਹੈ। ਇਸ ਦੇ ਅਖੀਰ ਵਿੱਚ ਪੰਜ ਪ੍ਰਮੁੱਖ ਰਚਨਾਵਾਂ ਦਾ ਵਿਵੇਚਨ ਕਰਨ ਲਈ ਗੰਭੀਰ ਸੰਵਾਦ ਸਿਰਜਿਆ ਹੈ।
ਇਸ ਦੇ ਨਿਬੰਧਾਂ ਦਾ ਵੇਰਵਾ ਇਸ ਪ੍ਰਕਾਰ ਹੈ:- ਉਸਤਾਦ ਬਰਕਤ ਰਾਮ ਯੁਮਨ ਜੀ ਅਤੇ ਸ਼ਿਵ ਕੁਮਾਰ- ਸ਼ਾਗਿਰਦੀ ਦੇ ਦਿਨ, ਪਹਿਲ ਪਲੇਠੀ ਝਲਕ, ਵੱਡੇ ਭਾਅ ਨਾਲ ਪਹਿਲ ਪਲੇਠੀ ਮਿਲਣੀ, ਭਾਵਨਾ ਮਾਸਕ ਦਾ ਸੰਦਰਭ, ਗੀਤਾਂ ਦਾ ਸਨਮਾਨ ਸਮਾਰੋਹ, ਨਾਰੀ ਸਮਾਜ ਅਤੇ ਸ਼ਿਵ ਬਟਾਲਵੀ, ਇੱਕ ਕਵੀ ਦਰਬਾਰ ਦੀ ਵਿਥਿਆ, ਜੁਆਨੀਆਂ ਦਾ ਜਸ਼ਨ ਤੇ ਸ਼ਿਵ ਕੁਮਾਰ ਬਟਾਲਵੀ, ਡਾ. ਗੋਪਾਲ ਸਿੰਘ ਦਰਦੀ/ਫਿਲਮ ਇੱਕ ਸਿਨੇਮਾ ਘਰ ਵਿੱਚ, ਸ਼ਿਵ ਕੁਮਾਰ ਸਖਸ਼ੀਅਤੀ ਰੁਝਾਨ, ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ, ਉਸ ਦਰਦ ਰੰਞਾਣੇ ਦੀ ਆਖਰੀ ਬਟਾਲਾ ਫੇਰੀ, ਸੋਗ ਸਭਾ ਤੋਂ ਆਉਂਦਿਆਂ, ਸ਼ਾਇਰੀ ਦਾ ਸਰੂਰ (ਚਰਚਾ ਆਰੰਭ) (ੳ), ਸ਼ਾਇਰੀ ਦਾ ਸਰੂਰ (ਅ), ਸ਼ਾਇਰੀ ਦਾ ਸਰੂਰ (ੲ), ਪੰਜ ਰਚਨਾਵਾਂ ਦਾ ਵੇਰਵਾ ਵਿਸ਼ਲੇਸ਼ਣ ਇਨ੍ਹਾਂ ਸਿਰਲੇਖਾਂ ਅਧੀਨ ਕੀਤਾ ਹੈ:- ਸ਼ਾਇਰੀ ਦਾ ਸਰੂਰ/ ਕੰਡਿਆਲੀ ਖੋਰ, ਸ਼ਾਇਰੀ ਦਾ ਸਰੂਰ/ਗਮਾਂ ਦੀ ਰਾਤ, ਸ਼ਾਇਰੀ ਦਾ ਸਰੂਰ ਪੀੜਾਂ ਦਾ ਪਰਾਗਾ, ਸ਼ਾਇਰੀ ਦਾ ਸਰੂਰ-ਜ਼ਖਮ, ਸ਼ਾਇਰੀ ਦਾ ਸਰੂਰ-ਗੀਤਾਂ ਦਿਆਂ ਨੈਣਾਂ ਵਿੱਚ ਬਿਰਹੋਂ ਦੀ ਰੜਕ, ਇਨ੍ਹਾਂ ਸਿਰਲੇਖਾਂ ਅਧੀਨ ਲੇਖਕ ਨੇ ਸ਼ਿਵ ਬਾਰੇ ਉਸ ਦੀ ਸ਼ਾਇਰੀ ਬਾਰੇ ਬਾਹਰਮੁੱਖੀ ਵਿਸ਼ਲੇਸ਼ਣ ਕੀਤਾ ਹੈ।
ਸ਼ਿਵ ਕੁਮਾਰ ਨੇ ਉਥਾਨ, ਸਿਖਰ ਅਤੇ ਅੰਤ ਦਾ ਸਮਾਂ ਪੰਜਾਬ ਦੇ ਹਰੇ ਇਨਕਲਾਬ ਦਾ ਉਭਾਰ, ਨਕਸਲਾਈਟ ਲਹਿਰ ਦਾ ਉਭਰਨਾ ਅਤੇ ਖਤਮ ਹੋਣਾ, ਵਿਦਿਆਰਥੀਆਂ ਵਿੱਚ ਖੱਬੇ ਪੱਖੀ ਵਿਚਾਰਧਾਰਾ ਦਾ ਪਸਾਰ ਹੋਣਾ, ਟਰੇਡ ਯੂਨੀਅਨਾਂ ਦਾ ਵੱਡੇ ਪੱਧਰ ਤੇ ਅਦਾਰਿਆ ਵਿੱਚ ਪ੍ਰਭਾਵਸ਼ਾਲੀ ਹੋਣਾ। ਇਸ ਸਮੇਂ ਵਿਸ਼ਵ ਮੰਡੀ ਵਿਕਾਸਸ਼ੀਲ ਮੁਲਕਾਂ ਵਿੱਚ ਆਪਣੇ ਭਵਿੱਖਮੁੱਖੀ ਮੌਕੇ ਤਲਾਸ਼ਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ। ਇਸ ਲਈ ਸਾਹਿਤ, ਸਭਿਆਚਾਰ, ਅਕਾਦਮਿਕ, ਸਮਾਜਿਕ, ਰਾਜਨੀਤਕ ਖੇਤਰਾਂ ਵਿੱਚ ਪੂਰੀ ਦਿਲਚਸਪੀ ਲੈ ਕੇ ਆਪਣੇ ਹਿੱਤਾਂ ਦੀ ਪੂਰਤੀ ਲਈ Invest ਕੀਤਾ ਜਾ ਰਿਹਾ ਸੀ। ਇਸ ਦੀ Sponsored ਹੋਣ ਦੀ ਇਹ ਸਭ ਤੋਂ ਵੱਡੀ ਗਵਾਹੀ ਹੈ ਕਿ ਇੱਕ ਗੈਰ-ਜਿੰਮੇਵਾਰ, ਪਰਿਵਾਰਕ, ਸਮਾਜਕ ਬੰਦਸ਼ਾਂ ਤੋਂ ਬੇਮੁੱਖ, ਸ਼ਰਾਬ ਵਿੱਚ ਬੇਸੁੱਧ ਹੋ ਜਾਣ ਵਾਲੇ ਨੂੰ ਉਸ ਸਮੇਂ ਸਾਹਿਤ ਦਾ ਆਈਕੋਨ ਬਣਾ ਦਿੱਤਾ। ਇੱਥੋਂ ਤੱਕ ਕਿ ਉਸਨੂੰ ਆਪਣੀ ਮੌਤ ਦੀ ਪੇਸ਼ੀਨਗੋਈ ਕਰਨ ਵਾਲਾ ਭਵਿੱਖਵਾਚੀ ਵੀ ਬਣਾ ਦਿੱਤਾ ਸੀ।
ਵਿਚਾਰ ਅਧੀਨ ਪੁਸਤਕ ਵਿੱਚ ਉਸਨੇ ਸ਼ਿਵ ਕੁਮਾਰ ਦੀ ਬਿੰਬਾਵਲੀ, ਪ੍ਰਤੀਕ , ਸ਼ਬਦਾਵਲੀ, ਸਮਾਜਕ ਪ੍ਰਸ਼ੰਗਾਂ ਬਾਰੇ ਵਿਭਿੰਨ ਪਹਿਲੂਆਂ ਨੂੰ ਅਗਰਭੂਮਿਤ ਕੀਤਾ ਹੈ। ਕੰਡਿਆਲੀ ਥੋਰ ਅਤੇ ਪੀੜਾਂ ਦਾ ਪਰਾਗਾ ਦਾ ਜਿੰਨਾ ਸਫਲ ਵਿਸ਼ਲੇਸ਼ਣ ਕਾਹਲੋਂ ਨੇ ਕੀਤਾ ਹੈ, ਉਹ ਅੱਜ ਦੀ ਆਲੋਚਨਾ ਦਾ ਸਿਖਰ ਹੈ।
ਸਮੁੱਚੀ ਪੁਸਤਕ ਦਾ ਗੰਭੀਰ ਚਿੰਤਨ ਕਈ ਨਵੇਂ ਨੁਕਤਿਆਂ ਨੂੰ ਉਭਾਰਦਾ ਹੈ। ਅਜੋਕੀ ਪ੍ਰਸਥਿਤੀਆਂ ਤੇ ਵਿਸ਼ਵ ਮੰਡੀ ਦੇ ਸੰਦਰਭ ਵਿੱਚ, ਸਾਹਿਤ ਸਭਿਆਚਾਰਕ ਪ੍ਰਸ਼ੰਗਾਂ ਨੂੰ ਸਮਝਣ ਲਈ ਵੀ ਇਹ ਪੁਸਤਕ ਆਧਾਰਿਕ ਸਮੱਗਰੀ ਮੁੱਹਈਆ ਕਰਾਉਂਦੀ ਹੈ। ਡਾ. ਸੁਰਿੰਦਰ ਕਾਹਲੋਂ ਦੀ ਭਾਸ਼ਾ ਸ਼ੈਲੀ ਕਮਾਲ ਦੀ ਹੈ। ਕਾਹਲੋਂ ਨੇ ਬਹੁਤ ਨਵੇਂ ਸ਼ਬਦ ਪ੍ਰਸਤੁਤ ਕੀਤੇ ਹਨ। ਡੇਢ ਦਰਜਨ ਤੋਂ ਵੱਧ ਪੁਸਤਕਾਂ ਦੇ ਰਚੈਤਾ ਨੂੰ ਭਾਸ਼ਾ ਉੱਪਰ ਆਬੂਰ ਹਾਸਲ ਹੈ। ਉਸ ਨੇ ਪੁਸਤਕ ਵਿੱਚ ਪੈਦਾ ਕਰਨ ਦੇ ਨਾਲ ਨਾਲ ਆਲੋਚਨਾਤਮਕ ਪ੍ਰਵਿਰਤੀ ਤੇ ਪ੍ਰਕਿਰਤੀ ਨੂੰ ਬਰਕਰਾਰ ਰੱਖਿਆ ਹੈ। ਇਹ ਉਸ ਦੀ ਵਿਦਵਤਾ ਅਤੇ ਵਿਸ਼ਾਲ ਗਿਆਨ ਦੀ ਸਪਸ਼ਟ ਉਦਾਹਰਣ ਹੈ। ਉਸ ਦੀ ਸ਼ੈਲੀ ਬਹੁਤ ਹੀ ਵਿਲੱਖਣ ਹੈ। ਉਹ ਸ਼ਿਵ ਕੁਮਾਰ ਦੀ ਕਾਵਿ-ਆਲੋਚਨਾ ਪੂਰਬੀ ਆਲੋਚਨਾ ਪੱਧਤੀ ਅਨੁਸਾਰ ਕਰਦਾ ਹੋਇਆ ਵਿਭਿੰਨ ਆਲੋਚਨਾ ਪੱਧਤੀਆਂ ਬਾਰੇ ਵੀ ਜਾਣਕਾਰੀ ਦਿੰਦਾ ਹੈ।ਅਜਿਹੀ ਬਹੁਮੁੱਲੀ ਪੁਸਤਕ ਪੜ੍ਹਨ ਤੇ ਸਾਂਭਣ ਵਾਲੀ ਹੈ। ਇਹ ਤਰਕ-ਵਿਤਰਕ ਅਤੇ ਵਿਚਾਰ-ਵਿਸ਼ਲੇਸ਼ਣ ਦੀ ਅਨੂਠੀ ਰਚਨਾ ਹੈ।
(ਡਾ. ਭਗਵੰਤ ਸਿੰਘ)
+91 98148-51500
jagointernational@yahoo.com