ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਡਾ. ਬਲਕਾਰ ਸਿੰਘ ਨਾਲ ਰੂ-ਬ-ਰੂ 

(ਸਰੀ)-ਅਰਪਨ ਲਿਖਾਰੀ ਸਭਾ, ਕੈਲਗਰੀ ਵੱਲੋਂ ਉੱਘੇ ਸਿੱਖ ਵਿਦਵਾਨ ਅਤੇ ਅਕਾਦਮਿਕ ਹਲਕਿਆਂ ਦੀ ਜਾਣੀ-ਪਛਾਣੀ ਹਸਤੀ ਡਾ. ਬਲਕਾਰ ਸਿੰਘ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਬਲਕਾਰ ਸਿੰਘ, ਕੇਸਰ ਸਿੰਘ ਨੀਰ, ਮਨਜੀਤ ਸਿੰਘ ਪਿਆਸਾ ਅਤੇ ‘ਸਿੱਖ ਵਿਰਸਾ’ ਮੈਗਜ਼ੀਨ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਕੀਤੀ।

ਕੇਸਰ ਸਿੰਘ ਨੀਰ ਨੇ ਪ੍ਰੋ. ਬਲਕਾਰ ਸਿੰਘ ਦਾ ਸਵਾਗਤ ਕਰਨ ਉਪਰੰਤ ਉਨ੍ਹਾਂ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਪਰਸ਼ੀਅਨ ਦੀ ਐੱਮ.ਏ, ਪੰਜਾਬੀ ਦੀ ਐੱਮ. ਏ. ਅਤੇ ਪੀਐੱਚ. ਡੀ. ਹਾਸਲ ਕਰਨ ਵਾਲੇ ਡਾ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਅਨ ਵਿਭਾਗ’ ਦੇ ਮੁਖੀ ਰਹੇ ਹਨ ਅਤੇ ਯੂਨੀਵਰਸਿਟੀ ਵਿੱਚ ਡੀਨ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪਰਚਾਰ ਕਮੇਟੀ ਦੇ ਮੈਂਬਰ, ਅਕਾਲ ਤਖ਼ਤ ਸਾਹਿਬ ਦੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਰਹੇ ਹਨ। ਅੱਜ ਕੱਲ੍ਹ ਉਹ ‘ਵਿਸ਼ਵ ਪੰਜਾਬੀ ਸੰਸਥਾ ਯੂਨੀਵਰਸਿਟੀ ਪਟਿਆਲਾ’ ਦੇ ਡਾਇਰੈਕਟਰ ਹਨ। ਉਨ੍ਹਾਂ ਨੇ ਕਰੀਬ ਇੱਕ ਦਰਜਨ ਪੁਸਤਕਾਂ ਲਿਖੀਆਂ ਅਤੇ ਤਕਰੀਬਨ ਏਨੀਆਂ ਹੀ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ।

ਡਾ. ਬਲਕਾਰ ਸਿੰਘ ਨੇ ਸਿੱਖ ਧਰਮ ਬਾਰੇ ਵਿਦਵਤਾ ਭਰਪੂਰ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਇੱਕ ਮਾਤਰ ਅਜਿਹੇ ਧਾਰਮਿਕ ਆਗੂ ਸਨ ਜਿਹੜੇ ਤਤਕਾਲੀ ਸੱਭਿਆਚਾਰ ਨੂੰ ਵੀ ਨਾਲ ਲੈ ਕੇ ਚੱਲੇ। ਸਿੱਖ ਧਰਮ ਪੈਰੋਕਾਰਾਂ ਨੂੰ ਸਿੱਖਿਆਰਥੀ ਬਣਾਉਂਦਾ ਹੈ। ਇਹ ਧਰਮ ਕਿਸੇ ਕਿਸਮ ਦੀ ਕੱਟੜਤਾ ਦੀ ਨਿਖੇਧੀ ਕਰਦਾ ਹੈ। ਸਿੱਖ ਸੱਭਿਆਚਾਰ ਤੋਂ ਸਮੁੱਚੇ ਪੰਜਾਬੀ ਸੱਭਿਆਚਾਰ ਨੇ ਬਹੁਤ ਕੁਝ ਲਿਆ ਹੈ, ਜਿਵੇਂ ਪ੍ਰੋ. ਪੂਰਨ ਸਿੰਘ ਨੇ ਕਿਹਾ ਸੀ ‘ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ’। ਉਨ੍ਹਾਂ ਆਪਣੇ ਤਜਰਬੇ ਵਿੱਚੋਂ ਅਜੋਕੇ ਸਮੇਂ ਸਿੱਖ ਸੰਸਥਾਵਾਂ ਦੇ ਨਿਘਾਰ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਸਿੱਖ ਧਰਮ ਦੇ ਅਧਿਆਤਮਕ ਪੱਖ ਨੂੰ ਰਾਜਨੀਤੀਵਾਨਾਂ ਨੇ ਗੁੰਮ ਹੋਣ ਦੀ ਕਗਾਰ ਤੇ ਲਿਆ ਖੜ੍ਹਾ ਕੀਤਾ ਹੈ। ਪਰ ਨਾਲ ਹੀ ਇਹ ਵੀ ਕਿਹਾ ਕਿ ਸਿੱਖੀ ਨੂੰ ਕੋਈ ਢਾਹ ਨਹੀਂ ਲੱਗ ਸਕਦੀ। ਸਾਨੂੰ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਅੰਦਰ ਗੁਰਬਾਣੀ ਤੋਂ ਦਿਸ਼ਾ ਲੈ ਕੇ ਚੜ੍ਹਦੀ ਕਲਾ ਵੱਲ ਜਾਣ ਦੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਸਰੋਤਿਆਂ ਵੱਲੋਂ ਗੰਭੀਰ ਮਸਲਿਆਂ ਪ੍ਰਤੀ ਕੀਤੇ ਸਵਾਲਾਂ ਦੇ ਜਵਾਬ ਦਿੱਤੇ।

ਡਾ. ਜੋਗਾ ਸਿੰਘ ਸਹੋਤਾ ਨੇ ਹਰਮੋਨੀਅਮ ਦੀਆਂ ਸੁਰਾਂ ‘ਤੇ ਦਸ਼ਮੇਸ਼ ਪਿਤਾ ਦੀ ਮਹਿਮਾ ਗਾਇਨ ਕਰ ਕੇ ਵਧੀਆ ਸੰਗੀਤਮਈ ਧਾਰਮਿਕ ਮਾਹੌਲ ਸਿਰਜ ਦਿੱਤਾ ‘ਸਾਰਾ ਆਲਮ ਦੇਖੇਗਾ ਚਿੜੀਆਂ ਤੋਂ ਬਾਜ਼ ਤੁੜਾਵਾਂਗਾ’। ਬੁਲੰਦ ਅਵਾਜ਼ ਦੇ ਮਾਲਕ ਸੁਖਵਿੰਦਰ ਸਿੰਘ ਤੂਰ ਨੇ ਆਪਣੀ ਗਾਈਕੀ ਰਾਹੀਂ ਸਰੋਤਿਆਂ ਨੂੰ ਵਿਚਾਰ-ਮਗਨ ਕੀਤਾ ‘ਨਾ ਵੰਡਣ ਨਾ ਢਾਹੁਣ ਲਈ ਲੜ, ਸਾਂਭਣ ਅਤੇ ਬਚਾਉਣ ਲਈ ਲੜ’। ਹਰਚਰਨ ਸਿੰਘ ਪਰਹਾਰ ਨੇ ਬਹੁਤ ਹੀ ਨਾਪੇ-ਤੋਲੇ ਸ਼ਬਦਾਂ ਰਾਹੀਂ ਸਿੱਖ ਧਰਮ ਦੇ ਮੁੱਦਿਆਂ ਬਾਰੇ ਸਕਾਰਆਤਮਿਕ ਵਿਚਾਰ ਰੱਖਦਿਆਂ ਡੇਰਾਵਾਦ ਬਾਰੇ ਵਿਸ਼ਲੇਸ਼ਣਾਤਮਿਕ ਪੱਖ ਪੇਸ਼ ਕੀਤਾ। ਪਰਹਾਰ ਨੇ ਉਦਾਹਰਣਾਂ ਦੇ ਕੇ ਦੱਸਿਆ ਕਿ ਕਿਵੇਂ ਆਮ ਲੋਕ ਗੁਰਦੁਆਰਿਆਂ ਅੰਦਰ ਸਿੱਖੀ ਨੂੰ ਸੀਮਿਤ ਕਰਨ ਵਾਲੀ ਨੀਤੀ ਤੋਂ ਨਿਰਾਸ਼ ਹੋ ਕੇ ਡੇਰਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਉਨ੍ਹਾਂ ਡਾ. ਬਲਕਾਰ ਸਿੰਘ ਦੇ ਕਈ ਨੁਕਤਿਆਂ ਨੂੰ ਆਪਣੇ ਸ਼ਬਦਾਂ ਰਾਹੀਂ ਹੋਰ ਸਪਸ਼ਟ ਕੀਤਾ। ਜਗਦੇਵ ਸਿੰਘ ਸਿੱਧੂ ਵੱਲੋਂ ਸਿੱਖ ਧਰਮ ਉੱਪਰ ਸਿਆਸਤ ਅਤੇ ਧਰਮ ਪ੍ਰਚਾਰ ਦੇ ਦੀਆਂ ਸਮਸਿਆਵਾਂ ਬਾਰੇ ਸਵਾਲ ਉਠਏ। ਸਤਨਾਮ ਸਿੰਘ ਢਾਅ ਅਤੇ ਕਵਿੱਤਰੀ ਸੁਰਿੰਦਰ ਗੀਤ ਨੇ ਮਿਸਾਲਾਂ ਦੇ ਕੇ ਡੇਰਾਵਾਦ ਦੀ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ।

ਜਸਵੰਤ ਸਿੰਘ ਸੇਖੋਂ ਨੇ ਕਿਸਾਨ ਅੰਦੋਲਨ ਸਮੇਂ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੀ ਕੀਤੀ ਕਰਬਾਨੀ ਨੂੰ ਔੜਾ ਛੰਦ ਵਿੱਚ ਬਿਆਨ ਕੀਤਾ। ਦੂਜੀ ਕਵਿਤਾ ਸਿੱਖ ਪੰਥ ਦੀ ਮਹਾਨ ਹਸਤੀ ਬੀਬੀ ਨਿਰੰਜਣੀ ਜੀ ਬਾਰੇ ਡਿਉਢਾ ਛੰਦ ਰਾਹੀਂ ਕਵੀਸ਼ਰੀ ਪੇਸ਼ ਕਰ ਕੇ ਧੰਨ-ਧੰਨ ਕਰਵਾ ਦਿੱਤੀ। ਕੇਸਰ ਸਿੰਘ ਦੀ ਉਚਾਰੀ ਗ਼ਜ਼ਲ ਨੇ ਸਰਿਆਂ ਨੇ ਖੂਬ ਮਾਣਿਆਂ ‘ਜਿਨ੍ਹਾਂ ਦੇ ਸਿਰ ਕਾਮਲ ਨੇ ਉਹ ਘਬਰਾਇਆ ਨਹੀਂ ਕਰਦੇ’। ਪਰਮਜੀਤ ਭੰਗੂ ਨੇ ਇਨਕਲਾਬੀ ਗੀਤ ਪੇਸ਼ ਕਰ ਕੇ ਖ਼ੂਬ ਦਾਦ ਲਈ। ਜੈਪਾਲ ਸਿੰਘ ਰਾਣਾ ਦੇ ਹਲਕੇ ਲਹਿਜ਼ੇ ਨੇ ਆਪਣਾ ਵੱਖਰਾ ਅਸਰ ਛੱਡਿਆ।

ਅਰਪਨ ਲਿਖਾਰੀ ਸਭਾ ਦੀ ਕਾਰਜਕਾਰਨੀ ਵੱਲੋਂ ਬਲਕਾਰ ਸਿੰਘ ਨੂੰ ਯਾਦਗਾਰੀ ਪਲੈਕ ਅਰਪਿਤ ਕਰ ਕੇ ਸਨਮਾਨਿਤ ਕੀਤਾ ਗਿਆ। ਸਕੱਤਰ ਜਸਵੰਤ ਸਿੰਘ ਸੇਖੋਂ ਨੇ ਜਿੱਥੇ ਬਾ-ਖ਼ੂਬੀ ਮੀਟਿਗ ਦਾ ਸੰਚਾਲਨ ਕੀਤਾ, ਉੱਥੇ ਆਪਣੀ ਪੁਸਤਕ ‘ਪਿਆਰੇ ਸੇਖੋਂ’ ਡਾ. ਸਾਹਿਬ ਨੂੰ ਸਤਿਕਾਰ ਸਹਿਤ ਭੇਟ ਕੀਤੀ। ਅਖ਼ੀਰ ਵਿਚ ਸਤਨਾਮ ਸਿੰਘ ਢਾਅ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×