ਉੱਘੇ ਸਿੱਖ ਵਿਦਵਾਨ ਅਤੇ ਚਿੰਤਕ ਡਾ. ਬਲਕਾਰ ਸਿੰਘ ਦੇ ਮਾਣ ਵਿਚ ਵਿਦਾਇਗੀ ਪਾਰਟੀ

ਕਈ ਸਿੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਡਾ. ਬਲਕਾਰ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ

(ਸਰੀ)- ਵਰਲਡ ਪੰਜਾਬੀ ਸੈਂਟਰ, ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ, ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕੈਨੇਡਾ ਫੇਰੀ ਤੇ ਆਏ ਹੋਏ ਸਨ, ਦੀ ਭਾਰਤ ਵਾਪਸੀ ਸਮੇਂ ਸਰੀ ਦੀਆਂ ਕਈ ਸਿੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।

ਸਥਾਨਕ ਲਵਲੀ ਬੈਂਕੁਇਟ ਹਾਲ ਵਿਚ ਉਨ੍ਹਾਂ ਦੇ ਮਾਣ ਵਿਚ ਰੱਖੇ ਇਕ ਸਮਾਗਮ ਡਾ. ਬਲਕਾਰ ਸਿੰਘ ਦੇ ਜੀਵਨ, ਸਾਹਿਤਕ, ਵਿਦਿਅਕ ਅਤੇ ਸਿੱਖੀ ਪ੍ਰਤੀ ਨਿਭਾਈਆਂ ਸੇਵਾਵਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਜੈਤਗ ਸਿੰਘ ਅਨੰਤ ਨੇ ਕਿਹਾ ਕਿ ਉੱਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਸਿੱਖ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਡਾ. ਬਲਕਾਰ ਸਿੰਘ ਨੇ ਆਪਣੀ ਵੱਡਮੁੱਲੀ ਲਾਇਬਰੇਰੀ ਦੀਆਂ ਸਭ ਕਿਤਾਬਾਂ ਸਿੱਖ ਨੈਸ਼ਨਲ ਆਰਕਾਈਵ ਕੈਨੇਡਾ ਨੂੰ ਦੇਣ ਸੰਬੰਧੀ ਅਧਿਕਾਰਤ ਪੱਤਰ ਉਨ੍ਹਾਂ ਨੂੰ ਦਿੱਤਾ ਹੈ। ਇਸ ਮੌਕੇ ਸ. ਅਨੰਤ ਇਹ ਪੱਤਰ ਸਿੱਖ ਨੈਸ਼ਨਲ ਆਰਕਾਈਵ ਕੈਨੇਡਾ ਦੇ ਆਗੂ ਗਿਆਨ ਸਿੰਘ ਸੰਧੂ ਨੂੰ ਇਹ ਪੱਤਰ ਸੌਂਪਿਆ।

ਗਿਆਨ ਸਿੰਘ ਸੰਧੂ ਨੇ ਡਾ. ਬਲਕਾਰ ਸਿੰਘ ਵੱਲੋਂ ਆਪਣੀ ਸਮੁੱਚੀ ਲਾਇਬਰੇਰੀ, ਸਿੱਖ ਨੈਸ਼ਨਲ ਆਰਕਾਈਵ ਕੈਨੇਡਾ ਨੂੰ ਸੌਂਪਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ. ਸੰਧੂ ਨੇ ਡਾ. ਬਲਕਾਰ ਸਿੰਘ ਵੱਲੋਂ ਆਪਣੀਆਂ ਲਿਖਤਾਂ ਅਤੇ ਸੇਵਾਵਾਂ ਰਾਹੀਂ ਸਿੱਖ ਸਾਹਿਤ ਵਿਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਭਰਪੂਰ ਪ੍ਰਸੰਸਾ ਕੀਤੀ। ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਡਾ. ਬਲਕਾਰ ਸਿੰਘ ਵੱਲੋਂ ਕੈਨੇਡਾ ਦੇ ਸੰਖੇਪ ਦੌਰੇ ਦੌਰਾਨ ਵੱਖ ਵੱਖ ਸ਼ਹਿਰਾਂ, ਸਥਾਨਾਂ ‘ਤੇ ਜਾ ਕੇ ਆਪਣੇ ਬੇਸ਼-ਕੀਮਤੀ ਵਿਚਾਰਾਂ ਦੀ ਸਾਂਝ ਸਿੱਖ ਭਾਈਚਾਰੇ ਪਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਦੇ ਆਗੂ ਬਲਵੀਰ ਸਿੰਘ ਨਿੱਝਰ ਨੇ ਕਿਹਾ ਕਿ ਡਾ. ਬਲਕਾਰ ਸਿੰਘ ਬਹੁਤ ਵੱਡੇ ਸਿੱਖ ਚਿੰਤਕ ਅਤੇ ਵਿਦਵਾਨ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਉਪਰ ਸਮੁੱਚੇ ਸਿੱਖ ਭਾਈਚਾਰੇ ਨੂੰ ਬੇਹੱਦ ਮਾਣ ਹੈ। ਕੁੰਦਨ ਸਿੰਘ ਸੱਜਣ ਨੇ ਵੀ ਡਾ. ਬਲਕਾਰ ਸਿੰਘ ਦੇ ਸਤਿਕਾਰ ਵਿਚ ਕੁਝ ਸ਼ਬਦ ਕਹੇ।

ਡਾ. ਬਲਕਾਰ ਸਿੰਘ ਨੇ ਇਸ ਮੌਕੇ ਆਪਣੇ ਕੈਨੇਡਾ ਦੌਰੇ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਉਹ ਏਥੋਂ ਦੀਆਂ ਅਨੇਕਾਂ ਨਿੱਘੀਆਂ ਯਾਦਾਂ ਆਪਣੇ ਨਾਲ ਲੈ ਕੇ ਪੰਜਾਬ ਵਾਪਸ ਪਰਤ ਰਹੇ ਹਨ ਅਤੇ ਇਨ੍ਹਾਂ ਯਾਦਾਂ ਦੀ ਖੁਸ਼ਬੂ ਦੇਰ ਤੱਕ ਉਨ੍ਹਾਂ ਨੂੰ ਮਹਿਕਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਨੇ ਵੱਖ ਵੱਖ ਥਾਵਾਂ ‘ਤੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਸਤਿਕਾਰ ਦਿੱਤਾ ਹੈ ਜਿਸ ਲਈ ਉਹ ਹਮੇਸ਼ਾ ਭਾਈਚਾਰੇ ਦੇ ਰਿਣੀ ਰਹਿਣਗੇ।

ਇਸ ਮੌਕੇ ਸਿੱਖ ਨੈਸ਼ਨਲ ਆਰਕਾਈਵ ਕੈਨੇਡਾ ਅਤੇ ਸਮੂਹ ਸੰਸਥਾਵਾਂ ਵੱਲੋਂ ਡਾ. ਬਲਕਾਰ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਯਾਦਗਾਰੀ ਪਲੈਕ ਦਿੱਤੀ ਗਈ। ਵਿਦਾਇਗੀ ਪਾਰਟੀ ਵਿਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਪੰਧੇਰ, ਰੁਪਿੰਦਰਜੀਤ ਸਿੰਘ ਕਾਹਲੋਂ, ਡਾ. ਗੁਰਨਾਮ ਸਿੰਘ ਸੰਘੇੜਾ, ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ, ਬਲਬੀਰ ਸਿੰਘ ਚਾਨਾ ਤੇ ਚਰਨਜੀਤ ਸਿੰਘ ਮਰਵਾਹਾ, ਬਲਜੀਤ ਸਿੰਘ, ਮਨਰੀਤ ਕੌਰ, ਜਸਪਾਲ ਕੌਰ ਅਨੰਤ, ਸੁਰਿੰਦਰ ਕੌਰ ਸੰਧੂ, ਡਾ. ਕਮਲਜੀਤ ਕੌਰ ਸਿੱਧੂ, ਜਰਨੈਲ ਸਿੰਘ ਸਿੱਧੂ, ਲਖਵੀਰ ਸਿੰਘ ਖੰਗੂੜਾ ਅਤੇ ਹਰਦਮ ਸਿੰਘ ਮਾਨ ਹਾਜਰ ਸਨ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×