ਕਾਬਲੀਅਤ ਰੱਖਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਨੂੰ 4 ਲੱਖ ਰੁਪਏ ਦੇ ਵੰਡੇ ਵਜ਼ੀਫੇ : ਡਾ. ਅਵੀਨਿੰਦਰਪਾਲ ਸਿੰਘ

ਪਹਿਲਾਂ ਵੱਖ ਵੱਖ ਸਕੂਲਾਂ ਦੇ ਬੱਚਿਆਂ ਦਾ ਬਕਾਇਦਾ ਲਿਆ ਗਿਆ ਟੈਸਟ : ਗਿੱਲ

(ਫਰੀਦਕੋਟ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ, ਵਜ਼ੀਫਾ ਵੰਡ ਸਮਾਗਮ ਦੌਰਾਨ ਡਾ. ਪੂਰਨ ਸਿੰਘ ਆਡੀਟੋਰੀਅਮ ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਡਾ. ਬੂਟਾ ਸਿੰਘ ਵਾਈਸ ਚਾਂਸਲਰ ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਜਥੇਬੰਦੀ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤਰਾਂ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਹੁਸ਼ਿਆਰ ਵਿਦਿਆਰਥੀਆਂ ਦੀ ਕਾਬਲੀਅਤ ਪਰਖਣ ਤੋਂ ਬਾਅਦ ਉਹਨਾਂ ਦੀ ਅਗਲੇਰੀ ਪੜਾਈ ਜਾਰੀ ਰੱਖਣ ਦੇ ਯਤਨ ਸ਼ਲਾਘਾਯੋਗ ਹਨ। ਸਟੇਜ ਸੰਚਾਲਨ ਕਰਦਿਆਂ ਡਾ. ਅਵੀਨਿੰਦਰਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ 200 ਬੱਚਿਆਂ ਨੂੰ 2000 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਵਜ਼ੀਫੇ ਦਿੱਤੇ ਜਾ ਰਹੇ ਹਨ। ਉਹਨਾਂ ਜਿੱਥੇ ਜਥੇਬੰਦੀ ਦੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਵਰਨਣ ਕੀਤਾ, ਉੱਥੇ ਵੱਖ ਵੱਖ ਸਕੂਲਾਂ ਤੋਂ ਪੁੱਜੇ ਵਿਦਿਆਰਥੀ-ਵਿਦਿਆਰਥਣਾ ਨੂੰ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਨੁਕਤੇ ਸਮਝਾਉਂਦਿਆਂ ਉਤਸ਼ਾਹਿਤ ਵੀ ਕੀਤਾ। ਆਪਣੇ ਸੰਬੋਧਨ ਦੌਰਾਨ ਵਿਸ਼ੇਸ਼ ਮਹਿਮਾਨਾ ਦੇ ਤੌਰ ‘ਤੇ ਪੁੱਜੇ ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਸਮੇਤ ਡਾ. ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ ਅਤੇ ਕੇਂਦਰੀ ਦਫਤਰ ਲੁਧਿਆਣਾ ਤੋਂ ਪੁੱਜੇ ਪ੍ਰਤਾਪ ਸਿੰਘ ਆਦਿਕ ਬੁਲਾਰਿਆਂ ਨੇ ਸਟੱਡੀ ਸਰਕਲ ਨਾਲ ਆਪਣੀ ਪੁਰਾਣੀ ਸਾਂਝ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪ੍ਰੇਰਨਾ ਸਦਕਾ ਜਿੱਥੇ ਉਹ ਸਮਾਜਿਕ ਕੁਰੀਤੀਆਂ ਤੋਂ ਬਚੇ ਰਹੇ, ਉੱਥੇ ਉਹਨਾਂ ਨੂੰ ਇਸ ਜਥੇਬੰਦੀ ਤੋਂ ਬਹੁਤ ਉਤਸ਼ਾਹ ਮਿਲਿਆ। ਪ੍ਰੋਜੈਕਟ ਇੰਚਾਰਜ ਡਾ. ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਫਰੀਦਕੋਟ ਨੇ ਦੱਸਿਆ ਕਿ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ, ਵਿਦਿਆਰਥਣਾ ਸਮੇਤ ਸਮੂਹ ਮਹਿਮਾਨਾ ਨੂੰ ਇਕ-ਇਕ ਬੂਟਾ ਦੇ ਕੇ ਉਹਨਾਂ ਦੀ ਸੰਭਾਲ ਕਰਨ ਦਾ ਪ੍ਰਣ ਵੀ ਕਰਵਾਇਆ ਗਿਆ। ਜਥੇਬੰਦੀ ਦੇ ਸੇਵਾ ਕਾਰਜਾਂ ਲਈ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ 2 ਲੱਖ ਰੁਪਏ ਦੀ ਗ੍ਰਾਂਟ ਦੇਣ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਢਿੱਲਵਾਂ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਵੀ ਜਥੇਬੰਦੀ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ। ਪ੍ਰਿੰਸੀਪਲ ਮਨਿੰਦਰ ਕੌਰ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਜਦਕਿ ਡਾ ਗੁਰਜਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਵਜ਼ੀਫਾ ਵੰਡ ਸਮਾਰੋਹ ਦੌਰਾਨ ਨਿਸ਼ਕਾਮ ਸਿੱਖ ਕੌਂਸਲ ਵੱਲੋਂ ਪੁੱਜੇ ਹਰਵਿੰਦਰ ਸਿੰਘ ਖਾਲਸਾ ਅਤੇ ਕੇਅਰ ਵੰਨ ਕੇਅਰ ਆਲ ਗਰੁੱਪ ਵੱਲੋਂ ਆਏ ਪਵਨ ਸ਼ਰਮਾ ਸੁੱਖਣਵਾਲਾ ਦਾ ਵੀ ਵਿਸ਼ੇਸ਼ ਸਨਮਾਨ ਹੋਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਰਮਜੀਤ ਸਿੰਘ ਬੈਨੀਪਾਲ ਆਸਟ੍ਰੇਲੀਆ, ਡਾ. ਕਰਨਜੀਤ ਸਿੰਘ ਗਿੱਲ, ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਚੰਦਬਾਜਾ, ਸ਼ਿਵਜੀਤ ਸਿੰਘ ਸੰਘਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਖਵਿੰਦਰ ਸਿੰਘ ਬੱਬੂ, ਹਰਭਜਨ ਸਿੰਘ, ਇੰਦਰਜੀਤ ਸਿੰਘ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਅੱਛਰ ਸਿੰਘ, ਜਸਵੀਰ ਸਿੰਘ ਜੱਸਾ, ਬੀਰ ਸਿੰਘ, ਨਵਨੀਤ ਸਿੰਘ, ਚਮਕੌਰ ਸਿੰਘ, ਸੰਤ ਸਿੰਘ, ਜਗਜੀਤ ਸਿੰਘ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।

Install Punjabi Akhbar App

Install
×