ਡਾ. ਅੰਬੇਡਕਰ ਦਾ 130ਵਾਂ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ

(ਬ੍ਰਿਸਬੇਨ) ਇੱਥੇ ਡਾ. ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਬਾਬਾ ਸਾਹਿਬ ਦੇ 130ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਾਹਿਤਕ ਬੈਠਕ ਦਾ ਆਯੋਜਨ ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਜਗਦੀਪ ਸਿੰਘ ਨੇ ਮੁੱਖ ਮਹਿਮਾਨ ‘ਮਾਰਕ ਰੋਬਿਨਸਨ’ ਨੂੰ ਜੀ ਆਇਆਂ ਨਾਲ ਕੀਤੀ। ਉਹਨਾਂ ਡਾ. ਅੰਬੇਡਕਰ ਵੱਲੋਂ ਭਾਰਤ ਵਾਸੀਆਂ ਨੂੰ ਸੰਵਿਧਾਨਿਕ ਜਾਗ੍ਰਿਤੀ ਦੀ ਦੇਣ ਨੂੰ ਮਹਾਨ ਦੱਸਦਿਆਂ ਕਿਹਾ ਕਿ ਉਹਨਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਨ ਉਪਰੰਤ ਚੰਗੀਆਂ ਗੱਲਾਂ ਭਾਰਤ ਦੇ ਸੰਵਿਧਾਨ ਵਿਚ ਦਰਜ ਕੀਤੀਆਂ ਸਨ। ਇਸ ਉਪਰੰਤ ਡਾ. ਅੰਬੇਡਕਰ ਦੇ ਜੀਵਨ ‘ਤੇ ਝਾਤ ਪਾਉਂਦਿਆਂ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਅਤੇ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਦਲਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਬਾਬਾ ਸਾਹਿਬ ਨੂੰ ਸਮੂਹ ਭਾਰਤੀਆਂ ਦਾ ਮਿਹਨਤੀ ਆਗੂ ਦੱਸਿਆ ਅਤੇ ਕਿਹਾ ਕਿ ਉਹਨਾਂ ਨੂੰ ਸਿਰਫ ਇਕ ਖ਼ਾਸ ਵਰਗ ਨਾਲ ਜੋੜਨਾ ਸਾਡੀ ਅਗਿਆਨਤਾ ਹੋਵੇਗੀ। ਸਤਵਿੰਦਰ ਟੀਨੂੰ ਅਤੇ ਅੰਕੁਸ਼ ਕਟਾਰੀਆ ਨੇ ਸੰਸਥਾ ਦੇ ਭਵਿੱਖੀ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਬਾਬਾ ਸਾਹਿਬ ਨੂੰ ਸਮਰਪਿਤ ਹਰ ਸਾਲ ਲਗਾਏ ਜਾਂਦੇ ਖੂਨਦਾਨ ਕੈੰਪ ਨੂੰ ਮਹਾਨ ਦੱਸਿਆ। ਰਿਤਿਕਾ ਅਹੀਰ ਨੇ ਔਰਤਾਂ ਨੂੰ ਘਰਾਂ ਵਿੱਚ ਮਰਦਾਂ ਦੇ ਬਰਾਬਰ ਹੱਕਾਂ ਦੀ ਗੱਲ ਕੀਤੀ। ਗੁਰਦੀਪ ਸਿੰਘ, ਬਲਵਿੰਦਰ ਵਿਦਿਆਰਥੀ ਅਤੇ ਨਵਦੀਪਸਿੰਘ ਨੇ ਮੌਜੂਦਾ ਭਾਰਤੀ ਰਾਜਨੀਤਿਕ ਮੁਸ਼ਕਿਲਾਂ ਬਾਰੇ ਦੱਸਿਆਂ ਕਿਹਾ ਕਿ ਸਰੋਤਾਂ ਉਪਰ ਕਾਬਜ਼ ਲੋਕਾਂ ਸਦਾ ਹੀ ਬਾਕੀ ਲੋਕਾਂ ਦਾ ਸ਼ੋਸਣ ਕੀਤਾ ਹੈ ਤੇ ਬਾਬਾ ਸਾਹਿਬ ਨੇ ਇਸਦੀ ਕਲਮੀ ਵਿਰੋਧਤਾ ‘ਚ ਸਰੋਤਾਂ ਦੀ ਸਾਂਝੀ ਮਲਕੀਅਤ ਦੀ ਗੱਲ ਕੀਤੀ ਹੈ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਮਹਿੰਦਰਪਾਲ ਸਿੰਘ ਕਾਹਲੋ, ਹਰਵਿੰਦਰ ਬਾਸੀ, ਹਰਦੀਪ ਵਾਗਲਾ, ਭੁਪਿੰਦਰ ਮੁਹਾਲੀ ਆਦਿ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਤਕਰੀਰਾਂ ‘ਚ ਡਾ. ਅੰਬੇਡਕਰ ਵੱਲੋਂ ਦੇਸ਼ ਦੇ ਆਰਥਿਕ ਪੱਧਰ ਨੂੰ ਉੱਚਾ ਚੁਕਣ ਲਈ ਰਿਜਰਵ ਬੈਂਕ, ਨੀਤੀ ਆਯੋਗ, ਕੇਂਦਰ ਅਤੇ ਰਾਜਾਂ ਦੀ ਮਜ਼ਬੂਤੀ ਲਈ ਵਿੱਤ ਕਮਿਸ਼ਨਰ ਦੀ ਸਥਾਪਨਾ ਆਦਿ ਦੀ ਜਾਣਕਾਰੀ ਦਿੱਤੀ। ਸੰਸਥਾ ਵੱਲੋਂ ਡਾ. ਬਰਨਾਰਡ ਮਲਿਕ ਅਤੇ ਮਨਜੀਤ ਬੋਪਾਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੱਚਿਆਂ ਵਿੱਚ ਡੌਲੀ ਸ਼ੀਮਾਂਰ ਅਤੇ ਗਰੇਸੀਆ ਬਾਸੀ ਗਰੁੱਪ ਨੇ ਭਾਸ਼ਣਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਕ ਸੁਖਜਿੰਦਰ ਸਿੰਘ ਮੋਰੋਂ ਅਤੇ ਹਰਵਿੰਦਰ ਬੱਸੀ ਅਨੁਸਾਰ ਬਾਬਾ ਸਾਹਿਬ ਨੇ ਘੱਟ ਗਿਣਤੀ ਵਰਗਾਂ ਲਈ ਉਨ੍ਹਾਂ ਦੀ ਭਾਸ਼ਾ, ਸਾਹਿਤ, ਧਰਮ ਦੀ ਸਮੀਖਿਆ ਕਰਨ ਲਈ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ ਜਿਸ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕਰਕੇ ਸੰਵਿਧਾਨ ਦੇ ਸੰਘਾਤਮਕ ਪਰਜਾਤੰਤਰਿਕ ਸਿਧਾਂਤਦਾ ਖ਼ਾਤਮਾ ਕੀਤਾ ਹੈ। 

Welcome to Punjabi Akhbar

Install Punjabi Akhbar
×