ਈ-ਸਿਗਰਟਾਂ (ਵੈਪਸ) ਦੇ ਧੂੰਏਂ ਨਾਲ 5 ਸਾਲ ਤੋਂ ਛੋਟੇ ਬੱਚੇ ਹੋ ਰਹੇ ਬਿਮਾਰ -ਸਿਹਤ ਮੰਤਰੀ

ਦੇਸ਼ ਦੇ ਸਿਹਤ ਮੰਤੀ -ਮਾਰਕ ਬਟਲਰ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਈ ਸਿਗਰਟਾਂ ਉਪਰ ਜਲਦੀ ਹੀ ਲਗਾਮ ਲਗਾਉਣੀ ਪਵੇਗੀ ਕਿਉਂਕਿ ਵਿਕਟੌਰੀਆ ਰਾਜ ਅੰਦਰ ਇੱਕ ਰਿਪੋਰਟ ਮੁਤਾਬਿਕ ਦਰਸਾਇਆ ਗਿਆ ਹੈ ਕਿ ਰਾਜ ਅੰਦਰ 50 ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਈ-ਸਿਗਰਟਾਂ ਦੇ ਧੂੰਏਂ ਨਾਲ ਫੈਲ ਰਹੇ ਜ਼ਹਿਰੀਲੇ ਪਦਾਰਥ ਕਾਰਨ 5 ਸਾਲਾਂ ਤੋਂ ਛੋਟੇ ਬੱਚੇ ਬਿਮਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਈ-ਸਿਗਰਟਾਂ ਨੂੰ ਵੀ ਤੰਬਾਕੂ ਵਾਲੀਆਂ ਸਿਗਰਟਾਂ ਦੇ ਦਾਇਰੇ ਵਿੱਚ ਹੀ ਲਿਆਉਣਾ ਪਵੇਗਾ ਕਿਉਂਕਿ ਇਹ ਦੇਸ਼ ਦੇ ਭਵਿੱਖ ਦਾ ਸਵਾਲ ਹੈ ਅਤੇ ਭਵਿੱਖ ਨੂੰ ਸਿਹਤਮੰਦ ਕਰਨਾ ਸਰਕਾਰ ਦਾ ਫ਼ਰਜ਼ ਹੈ।
ਹਾਲ ਦੀ ਘੜੀ ਜੋ ਕਾਨੂੰਨੀ ਨਿਯਮ ਹਨ, ਉਨ੍ਹਾਂ ਤਹਿਤ ਨਿਕੋਟਿਨ ਯੁਕਤ ਈ-ਸਿਗਰੇਟ ਕਿਸੇ ਖਾਸ ਹਾਲਤ ਵਿੱਚ ਡਾਕਟਰੀ ਸਲਾਹ ਨਾਲ ਹੀ ਦਿੱਤੀ ਜਾਂਦੀ ਹੈ। ਪਰੰਤੂ ਦੇਖਣ ਵਿੱਚ ਆ ਰਿਹਾ ਹੈ ਕਿ ਅਜਿਹੀਆਂ ਨਿਕੋਟਿਨ ਵਾਲੀਆਂ ਈ-ਸਿਗਰਟਾਂ ਅੰਦਰਖਾਤੇ ਆਮ ਹੀ ਮਿਲ ਜਾਂਦੀਆਂ ਹਨ ਅਤੇ ਇੰਨਾ ਹੀ ਨਹੀਂ ਸਗੋਂ ਇਨ੍ਹਾਂ ਨੂੰ ਨਾ-ਬਾਲਿਗਾਂ ਨੂੰ ਵੀ ਵੇਚ ਦਿੱਤਾ ਜਾਂਦਾ ਹੈ -ਜੋ ਕਿ ਕਾਨੂੰਨਨ ਅਤੇ ਇਖ਼ਲਾਕੀ ਤੌਰ ਤੇ ਵੀ ਸਰਾਸਰ ਗਲਤ ਹੈ।
ਕਈ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਈ-ਸਿਗਰਟਾਂ ਹਾਈਲਾਈਟਰ ਪੈਨਾਂ ਦੇ ਰੂਪ ਵਿੱਚ ਵੀ ਮਿਲਦੀਆਂ ਹਨ ਅਤੇ ਬੱਚੇ ਇਨ੍ਹਾਂ ਨੂੰ ਮਹਿਜ਼ ਆਪਣੇ ਪੈਂਸਿਲ ਬਾਕਸ ਵਿੱਚ ਹੀ ਰੱਖ ਲੈਂਦੇ ਹਨ ਅਤੇ ਦੂਸਰਾ ਸਮਝਦਾ ਹੈ ਕਿ ਇਹ ਤਾਂ ਹਾਈਲਾਈਟਰ ਹੀ ਹੈ।
ਇੱਕ ਰਿਪੋਰਟ (The Alcohol and Drug foundation) ਤਾਂ ਇਹ ਵੀ ਦਰਸਾਉਂਦੀ ਹੈ ਕਿ 12 ਤੋਂ 17 ਸਾਲਾਂ ਦੇ ਬਹੁਤ ਸਾਰੇ ਬੱਚੇ ਈ-ਸਿਗਰਟ ਦਾ ਇਸਤੇਮਾਲ ਕਰਦੇ ਹਨ ਅਤੇ ਇਸ ਦੇ ਆਂਕੜੇ, ਵਿਭਾਗ ਕੋਲ ਵੀ ਮੌਜੂਦ ਹਨ।
ਇਨ੍ਹਾਂ ਵਿੱਚ ਕਈ ਅਜਿਹੇ ਹਨ ਜੋ ਕਿ ਆਪ ਹੀ ਕਿਸੇ ਤਰੀਕੇ ਨਾਲ ਈ-ਸਿਗਰਟ ਖਰੀਦ ਲੈਂਦੇ ਹਨ ਅਤੇ ਬਹੁਤਾਤ ਉਨ੍ਹਾਂ ਦੀ ਹੈ ਜੋ ਕਿ ਦੋਸਤਾਂ ਮਿੱਤਰਾਂ ਤੋਂ ਪਹਿਲਾਂ ਤੋਂ ਇਸਤੇਮਾਲ ਕੀਤੀ ਈ-ਸਿਗਰਟ ਲੈ ਲੈਂਦੇ ਹਨ।