ਸਿੱਖੀ ਵਿਚ ਨਿਘਾਰ ਦੇ ਕੁਝ ਕਾਰਨ

sikhs-fighting

ਅਕਸਰ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ ਜਾਂ ਕਹਿ ਲਿਆ ਜਾਵੇ ਕਿ ਹਿੰਦੂਆਂ ਨੂੰ ਹੀ ਸਿੱਖ ਬਣਾਇਆ ਗਿਆ ਭਾਵ ਸਿੱਖ ਹਿੰਦੂ ਹੀ ਹਨ| ਹਿੰਦੂ ਅਤੇ ਸਿੱਖ ਵਿਚ ਕੀ ਅੰਤਰ ਹੈ ਇਸ ਬਹਿਸ ‘ਚ ਨਾ ਪੈਂਦਿਆਂ ਮੈਂ ਕੇਵਲ ਇਕ ਦਲੀਲ ਦੇ ਕੇ ਹੀ ਏਸ ਫਰਕ ਦੀ ਬਹਿਸ ਖਤਮ ਕਰਨਾ ਚਾਹਾਂਗੀ ਕਿ ਹਿੰਦੋਸਤਾਨ ਉੱਤੇ ਮੁਸਲਮਾਨਾਂ ਵੱਲੋਂ ਹਮਲੇ ਸੱਤਵੀਂ ਸਦੀ ਦੇ ਮੱਧ ਵਿਚ ਅਰੰਭ ਹੋਏ| ਅਰਬੀ ਜੇਤੂਆਂ ਮਗਰੋਂ ਅਫ਼ਗਾਨੀ ਲੁਟੇਰਿਆਂ ਵੱਲੋਂ ਹਾਹਾਕਾਰ ਮਚਾਉਣ ਮਗਰੋਂ ਹਿੰਦੋਸਤਾਨ ਦਾ ਸਭਤੋਂ ਪਹਿਲਾ ਜੇਤੂ ਇਲਾਕਾ ਪੰਜਾਬ ਸੀ| ਭਾਵ ਪੰਜਾਬ ਦੇ ਵਸਨੀਕਾਂ ਨੂੰ ਸਭਤੋਂ ਪਹਿਲਾਂ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ| ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਪੰਜਾਬ ਵਿਚ ਸਿੱਖੀ ਦੀ ਨੀਂਹ ਰਖੀ ਗਈ ਅਤੇ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਖ਼ਾਲ਼ਸਾ ਪੰਥ ਦੀ ਸਥਾਪਨਾ ਕੀਤੀ। ਮੁਗ਼ਲ਼ ਰਾਜ ਤੋਂ ਬਾਦ ਹਿੰਦੋਸਤਾਨ ਉੱਤੇ ਅੰਗ੍ਰੇਜ਼ਾਂ ਦਾ ਕਬਜਾ ਹੋਇਆ ਤਾਂ ਅੰਗ੍ਰੇਜ਼ਾਂ ਦਾ ਆਖਰੀ ਜੇਤੂ ਇਲਾਕਾ ਪੰਜਾਬ ਸੀ। ਭਾਵਂ ਏਸ ਖਾਲਸਾ ਫੌਜ ਦੀ ਦਲੇਰੀ ਕਾਰਨ ਅੰਗ੍ਰੇਜ਼ ਭਾਰਤ ਦੇ ਏਸ ਇਲਾਕੇ ਨੂੰ ਸਭਤੋਂ ਅਖੀਰ ਵਿਚ ਕਬਜ਼ੇ ਅਧੀਨ ਲਿਆ ਸਕੇ| ਹਿੰਦੂ ਅਤੇ ਸਿੱਖਾਂ ਵਿਚ ਕੀ ਅੰਤਰ ਹੈ ਇਹ ਦਲੀਲ ਸ਼ਾਇਦ ਪਾਠਕ ਦੇ ਮਨ ਵਿਚ ਆਉਣ ਵਾਲੇ ਹਰ ਸਵਾਲ ਦਾ ਜਵਾਬ ਹੈ। ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਸਮਾਜ ਵਿਚਲੇ ਚਲ ਰਹੇ ਕਰਮ-ਕਾਂਡ, ਪਖੰਡ, ਧਾਰਮਿਕ ਅਡੰਬਰ, ਜ਼ੁਲਮ ਅਤੇ ਗੁਲਾਮੀ ਵਿਰੁੱਧ ਉਠਾਈ ਅਵਾਜ਼ ਐਨੀ ਬੁਲੰਦ ਹੋ ਨਿਬੜੀ ਕਿ ਇਹ ਅਵਾਜ਼ ਇਕ ਵਿਚਾਰਧਾਰਾ ਬਣਦੀ-ਬਣਦੀ ਇਕ ਵਿਲਖਣ ਕੌਮ ਦੇ ਰੂਪ ਵਿਚ ਉਭੱਰ ਕੇ ਸਾਹਮਣੇ ਆਈ। 40 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਗੁਰੁ ਸਾਹਿਬ ਨੇ ਇਸ ਵਿਚਾਰਧਾਰਾ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਕੇ ਭਟਕੀ ਹੋਈ ਲੋਕਾਈ ਨੂੰ ਇਲਾਹੀ ਬਾਣੀ ਰਾਹੀਂ ਸਿੱਧੇ ਰਾਹੇ ਪਾਇਆ। ਇਹ ਵਿਚਾਰਧਾਰਾ ਗੱਦੀ ਦਰ ਗੱਦੀ ਦਸੱਵੇਂ ਗੁਰੁ ਤੱਕ ਪਹੁੰਚ 1699 ਦੀ ਵਿਸਾਖੀ ਵਾਲੇ ਦਿਂਨ ਉਹ ਰੂਪ ਧਾਰਨ ਕਰ ਗਈ ਜਿਸ ਰੂਪ ਦੇ ਵਾਰਸਾਂ ਨੇ ਦੁਨੀਆਂ ਉੱਤੇ ਸ਼ਹੀਦੀਆਂ, ਕੁਰਬਾਨੀਆਂ ਅਤੇ ਉੱਚੇ ਕਿਰਦਾਰਾਂ ਦੀਆਂ ਮਿਸਾਲਾਂ ਕਾਇਮ ਕਰ ਦਿੱਤੀਆਂ। ਖੰਡੇ-ਬਾਟੇ ਦੀ ਪਾਵਨ ਪਹੁਲ ਨੇ ਸਿੱਖਾਂ ਨੂੰ ਅਜਿਹੇ ਸਿੰਘ ਬਣਾ ਦਿੱਤਾ ਜਿਹਨਾਂ ਸਬਰ ਅਤੇ ਸਿਦੱਕ ਦੀਆਂ ਸੱਭ ਹੱਦਾਂ ਟੱਪਦਿਆਂ ਕੇਵਲ ਆਪਣੇ ਹੱਕਾਂ ਲਈ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਤਲਵਾਰ ਚੁੱਕੀ ਤੇ ਜ਼ਾਲਮਾਂ ਨੂੰ ਭਾਜੜਾਂ ਪਾ ਦਿੱਤੀਆਂ।

ਪਰ ਅੱਜ ਸਿੱਖ ਵਿਚੋਂ ਮੁੱਕ ਚੁੱਕੇ ਸਿਦਕ, ਧਰਮ, ਬਿਬੇਕ ਬੁੱਧੀ, ਸਿੱਖੀ ਅਤੇ ਸੋਚਣ, ਵਿਚਾਰਨ ਦੀ ਦੂਰ ਅੰਦੇਸ਼ੀ ਸੋਚ ਨੇ ਸਿੱਖ ਨੂੰ ਮੁੜ ਦੁਚਿੱਤੀਆਂ, ਜਾਤੀਵਾਦ ਅਤੇ ਕਰਮਕਾਂਡਾਂ ਦੀ ਦਲਦਲ ਵਿਚ ਫਸਾ ਕੇ ਸਿੱਖੀ ਨੂੰ ਅਜਿਹੀ ਢਾਹ ਲਾਈ ਹੈ ਕਿ ਰਾਹ ਲੱਭਣਾ ਮੁਸ਼ਕਲ ਹੋ ਗਿਆ ਹੈ। ਸਮੇਂ-ਸਮੇਂ ‘ਤੇ ਵੱਖ-ਵੱਖ ਦਲੀਲਾਂ ਅਤੇ ਸਬੂਤਾਂ ਰਾਹੀਂ ਹਿੰਦੂ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਆਪਣਾ ਦੇਵਤਾ, ਮੁਸਲਮਾਨ ਆਪਣਾ ਪੀਰ ਸਾਬਤ ਕਰਨ ਦੇ ਯਤਨ ਕਰਦੇ ਰਹੇ ਹਨ। ਉਹਨਾਂ ਦੀਆਂ ਦਲੀਲਾਂ ਅਤੇ ਸਬੂਤਾਂ ਨੂੰ ਸਿੱਖ ਵਿਦਵਾਨ ਆਪੋ ਆਪਣੇ ਤਜਰਬੇ ਰਾਹੀਂ ਬੜੇ ਸੋਹਣੇ ਢੰਗ ਨਾਲ਼ ਨਿਕਾਰਦੇ ਰਹੇ ਹਨ। ਫਰ ਅਫ਼ਸੋਸ ਗੁਰੁ ਸਾਹਿਬ ਦੀ ਫ਼ਿਲਾਸਫ਼ੀ ਨੂੰ ਹਿੰਦੂਆਂ, ਮੁਸਲਮਾਨਾਂ ਨੇ ਤਾਂ ਕੀ ਇਥੋਂ ਤੱਕ ਕਿ ਸਿੱਖਾਂ ਨੇ ਵੀ ਨਾ ਸਮਝਿਆ ਤੇ ਨਾ ਹੀ ਅਪਨਾਇਆ। ਗੁਰੁ ਸਾਹਿਬ ਨੇ ਜੋ ਸੋਚ ਦੁਨੀਆਂ ਭਰ ‘ਚ ਫ਼ੈਲਾ ਦਿੱਤਾ ਉਸ ਸੋਚ ਨੂੰ ਅਸੀਂ ਆਪਣੇ ਘਰਾਂ ਵਿਚ ਵੀ ਬਣਦਾ ਸਥਾਨ ਨਾ ਦੇ ਸਕੇ। ਸਗੋਂ ਦੁਨੀਆਂ ‘ਚ ਫ਼ੈਲਾਉਣਾ ਤਾਂ ਦੂਰ ਅਸੀਂ ਆੁਪਸ ਵਿਚ ਹੀ ਉਲਝ ਕੇ ਰਹਿ ਗਏ। ਆਮ ਸਿੱਖ ਕਰਮਕਾਂਡੀ,ਵਿਕਾਰੀ ਅਤੇ ਕੇਸਾਧਾਰੀ ਹਿੰਦੂ ਬਣ ਕੇ ਰਹਿ ਗਿਆ ਅਤੇ ਜਿਹਨਾਂ ਨੂੰ ਇਸ ਫ਼ਲਸਫ਼ੇ ਦੀ ਕੁਝ ਸੂਜ ਸੀ ਉਹ ਭਟਕੇ ਸਿੱਖਾਂ ਨੂੰ ਸਹੀ ਰਾਹ ਤੇ ਲਿਆਉਣ ‘ਚ ਹੀ ਸਮਾਂ ਗਵਾ ਬੈਠਾ। ‘ਤੇ ਦੋਸ਼ ਲੱਗਦੇ ਰਹੇ ਸਰਕਾਰਾਂ ਤੇ, ਮੀਡੀਏ ਤੇ, ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ਤੇ। ਪਰ ਤਾੜੀ ਤਾਂ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ। ਫ਼ੇਰ ਅਸੀਂ ਆਪਣੇ ਆਪ ਨੂੰ ਕੀ ਦਲੀਲ ਦੇ ਕੇ ਨਿਦੋਸ਼ ਸਾਬਤ ਕਰ ਰਹੇ ਹਾਂ? ਅਸਲ ‘ਚ ਇਨਸਾਨ ਦੀ ਫਿਤਰਤ ਹੈ ਆਪਣੇ ਉੱਤੇ ਹੋਏ ਹਰ ਜ਼ੁਲਮ, ਹਰ ਨਾਇਨਸਾਫ਼ੀ ਲਈ ਕਿਸੇ ਦੂਜੇ ਨੂੰ ਜਿੰਮੇਦਾਰ ਠਹਿਰਾ ਕੇ ਆਪਨੂੰ ਵਿਚਾਰਾ, ਮਜਬੂਰ ਅਤੇ ਤਰਸ ਦਾ ਪਾਤਰ ਬਣਾ ਕੇ ਪੇਸ਼ ਕਰਦਾ ਹੈ। ਤੇ ਫੇਰ ਸਿੱਖ ਵੀ ਬਹਾਨੇਬਾਜ਼ ਬਣਨੋ ਕਿਵੇਂ ਬਚ ਸਕਦਾ ਸੀ? ਤੇ ਕਦੇ ਸਿੱਖ ਘੱਟਗਿਣਤੀ ਹੋਣ ਦਾ ਬਹਾਨਾ ਲਾਉਂਦਾ ਹੈ, ਕਦੇ ਧਾਰਮਿਕ ਆਗੂਆਂ ਸਿਰ ਦੋਸ਼ ਮੜ੍ਹਦਾ ਹੈ, ਕਦੇ ਬਿਪਰਵਾਦੀ ਸੋਚ ਹੇਠ ਦਬੇ ਜਾਣ ਦੀ ਦੁਹਾਈ ਦਿੰਦਾ ਹੋਇਆ ਸੱਭ ਜਿੰਮੇਦਾਰੀਆਂ ਤੋਂ ਪੱਲਾ ਝਾੜਦਾ ਨਜ਼ਰੀਂ ਆਉਂਦਾ ਹੈ। ਗੱਲ ਕਰੀਏ ਅੱਜ ਦੇ ਸਿੱਖ ਦੇ ਸੱਭ ਤੋਂ ਪਹਿਲੇ ਬਹਾਨੇ ਘੱਟਗਿਣਤੀ ਹੋਣਾ ਦੀ। ਜੇਕਰ ਘੱਟਗਿਣਤੀ ਹੋਣ ਕਾਰਨ ਹੀ ਅੱਜ ਉਹ ਪਛੱੜ ਗਿਆ, ਲਿਤਾੜਿਆ ਗਿਆ, ਮਾਰਿਆ ਗਿਆ ਤਾਂ ਫੇਰ ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਦੀ ਬਹੁਗਿਣਤੀ ਕਦੋਂ ਸੀ? ਮੁਗ਼ਲ਼ਰਾਜ ਹੋਵੇ, ਅੰਗ੍ਰੇਜ਼ ਹਕੂਮਤ ਹੋਵੇ ਤੇ ਜਾਂ ਫ਼ੇਰ ਸਿੱਖਾਂ ਦਾ ਰਾਜ – ਸਿੱਖ ਤਾਂ ਮੁੱਢ ਤੋਂ ਹੀ ਮੁੱਠੀ ਭਰ ਰਹੇ ਹਨ। ਕਿਉਂਕਿ ਸ਼ਾਇਦ ਬਹੁਗਿਣਤੀ ਤਾਂ ਭੇਡਾਂ-ਬਕਰੀਆਂ ਦੀ ਹੋਇਆ ਕਰਦੀ ਹੈ ਸ਼ੇਰਾਂ ਦੀ ਨਹੀਂ। ਖੈਰ…।

ਏਸ ਨਿਘਾਰ ਵਿਚ ਅਕਾਲ ਤਖ਼ਤ ਤੋਂ ਕੌਮ ਦੀ ਸੇਵਾ ਵਿਚ ਬੈਠੇ ਧਾਰਮਿਕ ਆਗੂਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਧਾਰਮਿਕ ਆਗੂ ਭਾਵ ਕੌਮ ਦੀ ਅਗਵਾਹੀ ਕਰਨ ਵਾਲਾ,ਜੋ ਕੌਮ ਲਈ ਸਿਰੜੀ ਅਤੇ ਧਰਮੀ ਹੋਣ ਦੀ ਮਿਸਾਲ ਹੋਣਾ ਚਾਹੀਦਾ ਹੈ,ਰੋਲ-ਮਾਡਲ ਦੇ ਰੂਪ ਵਿਚ ਜਾਣਿਆ ਜਾਣਾ ਚਾਹੀਦਾ ਹੈ। ਪਰ ਸਾਡੇ ਧਾਰਮਿਕ ਆਗੂਆਂ ਨੇ ਕੁਰਸੀ,ਫੋਕੀ ਚੌਧਰ ਦੀ ਲਾਲਸਾ ਅਤੇ ਧੰਨ ਇਕੱਠਾ ਕਰਨ ਦੀ ਦੌੜ ਵਿਚ ਸਿੱਖ,ਸਿੱਖੀ ਅਤੇ ਸਿੱਖ ਮਸਲੇ ਛਿੱਕੇ ਤੇ ਟੰਗ ਛੱਡੇ। ਅਕਾਲ ਤਖ਼ਤ ਤੋਂ ਸ਼ੁਰੂ ਹੋਈ ਏਸ ਨਿੱਜ ਦੀ ਸੋਚ ਨੇ ਸਿੱਖੀ ਨੂੰ ਲਗਦੀ ਵਾਹ ਤੱਕ ਢਾਅ ਲਾਈ। ਅੱਜ ਦੁਨੀਆਂ ਭਰ ਵਿਚ ਗੁਰਦੁਆਰਿਆਂ ਦੀ ਗਿਣਤੀ ਤਾਂ ਬੇਸ਼ੱਕ ਅਣਗਿਣਤ ਹੋ ਗਈ ਹੈ ਪਰ ਖ਼ਾਲਸ ਸਿੱਖ ਅਤੇ ਸਿੱਖੀ ਲਭਿਆਂ ਨਹੀਂ ਲੱਭਦੇ। ਕੌਮ ਅੱਜ ਤੱਕ ਵੀ ਮਾਸਾਹਾਰੀ, ਕੇਸਾਧਾਰੀ, ਦੇਹਧਾਰੀ ਆਦਿ ਮੁੱਦਿਆਂ ਉੱਤੇ ਇਕਮਤਿ ਨਹੀਂ ਹੋ ਸਕੀ। ਹਰ ਵਿਸ਼ੇ ਨੂੰ ਲੈ ਕੇ ਦੋਫਾੜ ਹੋਈ ਕੌਮ ਵਰਤੀ ਜਾ ਰਹੀ ਹੈ – ਕੁਝ ਕੁ ਲਾਲਚੀ ਅਤੇ ਸਵਾਰਥੀ ਲੋਕਾਂ ਦੁਆਰਾ। ਸਿੱਖਾਂ ਦੇ ਹੋਰ ਮਸਲਿਆਂ ਜਾਂ ਸਿੱਖੀ ਦੇ ਉਭਾਰ ਬਾਰੇ ਵਿਚਾਰ ਕਰਨ ਨਾਲੋਂ ਗੈਰ ਜ਼ਰੂਰੀ ਵਿਸ਼ਿਆਂ ਨੂੰ ਮੁੱਦੇ ਬਣਾ ਕੇ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਭਾਵੇਂ ਸਿੱਖ ਜਿੱਥੇ ਕਿੱਥੇ ਵੀ ਗਿਆ ਉਸਨੇ ਸੱਭਤੋਂ ਪਹਿਲਾ ਕੰਮ ਗੁਰਦੁਆਰੇ ਉਸਾਰਨ ਦਾ ਕੀਤਾ। ਇਸ ਹੱਲੇ ਸਦਕਾ ਅੱਜ ਹਰ ਸ਼ਹਿਰ, ਪਿੰਡ, ਕਸਬੇ ਵਿਚ ਘੱਟੋ-ਘੱਟ ਤਿੰਨ ਤੋਂ ਚਾਰ ਗੁਰਦੁਆਰੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ ਜਿੱਥੇ ਖੁੱਲੇ ਲੰਗਰ, ਕੀਰਤਨ ਅਤੇ ਪਾਠ ਲਗਾਤਾਰ ਚਲ ਰਹੇ ਹੁੰਦੇ ਹਨ। ਫਰ ਇਹ ਕੀਰਤਨ ਜੋ ਕਿ ਗੁਰਮਤਿ ਅਨੁਸਾਰ ਰਾਗਾਂ ਵਿਚ ਹੋਣਾ ਚਾਹੀਦਾ ਹੈ ਨਾ ਹੋ ਕੇ ਰੀਤਾਂ ਉੱਤੇ ਅਧਾਰਿਤ ਹੁੰਦਾ ਹੈ। ਲੰਗਰ ਇਕੱਠੇ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਤੋਂ ਪਰੇ ਸਾਦੇ ਦਾਲ ਫੁਲਕੇ ਦੀ ਥਾਂ ਵੰਨ-ਸੁਵੰਨੇ ਪਕਵਾਨਾਂ ਨੇ ਲੈ ਲਈ ਅਤੇ ਬਾਣੀ ਦਾ ਪਾਠ ਰਸਮੀਂ ਜਾਂ ਪੁੰਨ ਖਟਣ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ। ਕੋਈ ਵੀ ਗੁਰਦੁਆਰਾ ਸਿੱਖੀ ਅਤੇ ਸਿੱਖ ਇਤਿਹਾਸ ਸਾਂਭਣ ਵਿਚ ਕਾਮਯਾਬ ਨਾ ਹੋ ਸਕਿਆ। ਗੁਰਦੁਆਰਿਆਂ ਦੀਆਂ ਕੰਧਾਂ ਤੇ ਗੁਰੂਆਂ ਦੀਆਂ ਤਸਵੀਰਾਂ ਜੋ ਕਿ ਗੁਰਮਤਿ ਦੇ ਬਿਲਕੁੱਲ ਉੱਲਟ ਹੈ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਗੁਰੂਆਂ ਦੇ ਮਹਾਨ ਕਾਰਜਾਂ,ਕੁਰਬਾਨੀਆਂ,ਸਮਾਜ ਨੂੰ ਦਿੱਤੀ ਗਈ ਸੇਧ ਜਾਂ ਵਿਚਾਰਧਾਰਾ ਦੀ ਥਾਂ ਕੰਧ ਉੱਤੇ ਇਕ ਬੋਰਡ ਉਪਰ ਜਨਮ, ਸ਼ਹੀਦੀ ਅਤੇ ਗੁਰੁ ਸਾਹਿਬ ਵਿਆਹਾਂ ਦੀਆਂ ਤਰੀਕਾਂ, ਪਤਨੀ ਅਤੇ ਬਚਿਆਂ ਦੇ ਨਾਮਾਂ ਦੀ ਸੂਚੀ ਲਿਖ ਕੇ ਹੀ ਇਤਿਹਾਸਕ ਪੱਖ ਨੂੰ ਪੇਸ਼ ਕਰਨ ਦਾ ਵੱਡਾ ਉਪਰਾਲਾ ਸਮਝਿਆ ਜਾਂਦਾ ਹੈ। ਗੁਰਦੁਆਰਿਆਂ ਨੂੰ ਸੰਗਤਾਂ ਨੇ ਵੀ ਖੁਸ਼ੀ-ਗ਼ਮੀ ਅਤੇ ਦਾਤਾਂ ਮੰਗਣ ਲਈ ਵਰਤੇ ਜਾਣ ਵਾਲੇ ਰਸਮੀ ਸਥਾਨ ਦਾ ਦਰਜਾ ਦੇਣ ਵਿਚ ਕੋਈ ਕਸਰ ਨਾ ਛੱਡੀ। ਸਿੱਖ ਘਰਾਂ ਵਿਚ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਦਲੀਲ ਦੇ ਕੇ ਨਹੀਂ ਕਰਦੇ ਕਿ ਐਨੀ ਔਖੀ ਰਹਿਤ ਮਰਿਆਦਾ ਪੁਗਾਉਣੀ ਔਖੀ ਹੈ ਇਸ ਲਈ ਬਾਣੀ ਦਾ ਪ੍ਰਕਾਸ਼ ਘਰ ਕਰਕੇ ਪਾਪਾਂ ਦਾ ਭਾਗੀਦਾਰ ਬਣਨਾ ਠੀਕ ਨਹੀਂ। ਫਰ ਇਹੀ ਸੰਗਤ ਵਿਆਹਾਂ ਸਮੇਂ ਰਾਗੀ ਤੇ ਪਾਠੀ ਨੂੰ ਜਲਦ ਤੋਂ ਜਲਦ ਫੇਰੇ ਪੜ੍ਹ ਕੇ ਕੰਮ ਮੁਕਾਉਣ ਨੂੰ ਕਹਿੰਦੀ ਹੈ ਕਿ ਛੇਤੀ ਗੀਤ-ਗਾਣੇ, ਸ਼ਰਾਬ ਤੇ ਕਬਾਬ ਦਾ ਦੌਰ ਸ਼ੁਰੂ ਕੀਤਾ ਜਾ ਸਕੇ। ਕੀ ਇਹ ਬੇਅਦਬੀ ਨਹੀਂ?

ਅੰਖਡ-ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਕੇਵਲ ਸੁੱਖਣਾ ਲਾਹੁਣ, ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਅਦਾ ਕਰਨ ਤੇ ਜਾਂ ਫੇਰ ਦਾਨ-ਪੁੰਨ ਦੇ ਨਜ਼ਰੀਏ ਤੋਂ ਕੀਤੇ ਜਾਣ ਵਾਲੇ ਰਸਮੀਂ ਪਾਠਾਂ ਵਾਂਗ ਕੀਤੇ ਜਾਂਦੇ ਹਨ। ਬੀਬੀਆਂ ਲੰਗਰ ਦੀ ਸੇਵਾ ਕਰ ਪੁੰਨ ਖੱਟ ਰਹੀਆਂ ਹੁੰਦੀਆਂ ਹਨ ਅਤੇ ਸਿੰਘ ਰਾਜਨੀਤੀ, ਖਬਰਾਂ, ਕੰਮਾਂ ਅਤੇ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਦੀ ਚਰਚਾ ਕਰ ਰਹੇ ਹੁੰਦੇ ਹਨ। ਪਾਠ ਤਾਂ ਕੇਵਲ ਪਾਠੀ ਲਈ ਤੇ ਜਾਂ ਫੇਰ ਕੰਧਾਂ ਲਈ ਹੀ ਹੋ ਰਿਹਾ ਹੁੰਦਾ ਹੈ। ਬੜੀ ਹੱਦ ਹੋਵੇ ਤਾਂ ਪੂਰੇ ਹਾਲ ਵਿਚ ਕੋਈ ਇਕ ਅੱਧਾ ਬਜ਼ੁਰਗ ਬੈਠਾ ਦਿਖਾਈ ਦੇ ਜਾਂਦਾ ਹੈ। ਕੀ ਇਹ ਠੀਕ ਹੈ?

ਸੰਗਤ ਦੀ ਸੌੜੀ ਸੋਚ ਸਦਕਾ ਸਾਡੇ ਕਥਾਕਾਰਾਂ ਨੇ ਵੀ ਬਾਣੀ ਦੇ ਅਰਥਾਂ ਨੂੰ ਓਸ ਰੂਪ ਵਿਚ ਪੇਸ਼ ਕੀਤਾ ਜਿਸਦਾ ਸਿੱਟਾ ਵਹਿਮ ਅਤੇ ਕਰਮਕਾਂਡ ਵਧਾਉਣਾ ਹੀ ਨਿਕਲਿਆ। ਜਿਵੇਂ ਚੁਰਾਸੀ ਲੱਖ ਜੂਨਾਂ ਦੇ ਗੇੜ ‘ਚੋਂ ਕਿਵੇਂ ਨਿਕਲਿਆ ਜਾਵੇ, ਪੁੰਨ ਕਿਵੇਂ ਖੱਟਿਆ ਜਾਵੇ, ਪਾਪਾਂ ਤੋਂ ਕਿਵੇਂ ਮੁਕਤੀ ਹੋਵੇ, ਸਵਰਗਾਂ ਦਾ ਕਹਿੜਾ ਰਾਹ ਹੈ ਅਤੇ ਜਾਂ ਫੇਰ ਅੱਗਾ ਕਿਵੇਂ ਸਵਾਰਿਆ ਜਾਵੇ। ਥੋੜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਭਟਕਿਆ ਕਿਵੇਂ ਜਾਵੇ। ਸਿੱਖ ਇਤਿਹਾਸ ਜਾਂ ਗੁਰਮਤਿ ਦੀ ਥਾਂ ਸਾਖੀਆਂ ਨੇ ਲੈ ਲਈ। ਗੁਰੂ ਘਰਾਂ ਵਿਚਲੇ ਰਾਗੀ, ਪਾਠੀ ਜਾਂ ਕਥਾਕਾਰਾਂ ਕੋਲ ਕੋਈ ਨਾ ਤਾਂ ਖਾਸ ਡਿਗਰੀ ਜਾਂ ਟ੍ਰੇਨਿੰਗ ਹੀ ਹੁੰਦੀ ਹੈ ਤੇ ਨਾ ਬਾਣੀ ਦੀ ਕੋਈ ਖਾਸ ਸਮਝ। ਹੋਰ ਰੋਜ਼ਗਾਰਾਂ ਵਾਂਗ ਇਕ ਥੋੜਾ ਜਿਹਾ ਲੋੜੀਂਦਾ ਗਿਆਨ ਹਾਸਲ ਕਰ ਆਮਦਨ ਦਾ ਸਾਧਨ ਬਣਾ ਲਿਆ ਜਾਂਦਾ ਹੈ। ਅਕਸਰ ਕਥਾਕਾਰ ਕਥਾ ਕਰਦੇ ਕਹਿ ਜਾਂਦੇ ਹਨ ਕਿ ਸ੍ਰੀ ਗੁਰੁ ਗੰਰਥ ਸਾਹਿਬ ਦੀ ਬਾਣੀ ਦਸਾਂ ਗੁਰੂਆਂ ਦੀ ਬਾਣੀ ਹੈ ਸ਼ਾਇਦ ਉਹ ਐਨਾ ਵੀ ਨਹੀਂ ਜਾਣਦੇ ਹੁੰਦੇ ਕਿ ਸਾਡੇ ਕੋਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਕਿੰਨੇ ਗੁਰੂਆਂ, ਸੰਤਾਂ ਅਤੇ ਭਗਤਾਂ ਦੀ ਬਾਣੀ ਮੌਜੂਦ ਹੈ।

ਏਹੀ ਨਹੀਂ, ਸਿੱਖਾਂ ਨੇ ਵੀ ਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਖਾਸ ਜਰੂਰੀ ਨਾ ਸਮਝਦਿਆਂ, ਗੁਰਮਤਿ ਰਹਿਤ ਮਰਿਆਦਾ ਨੂੰ ਬੰਧੰਨ ਸਮਝਦਿਆਂ ਆਪਣੇ ਘਰਾਂ ਅਤੇ ਜੀਵਨ ਵਿਚੋਂ ਪੂਰਨ ਰੂਪ ਵਿਚ ਕੱਢ ਦਿੱਤਾ ਹੈ। ਬਾਣੀ ਪੜ੍ਹਨਾ ਅਤੇ ਵਿਚਾਰਨਾ ਕੇਵਲ ਰਾਗੀਆਂ ਅਤੇ ਪਾਠੀਆਂ ਦਾ ਕੰਮ ਵਜੋਂ ਮਨਿਆ ਜਾਣ ਲਗਾ ਹੈ। ਨਤੀਜੇ ਵਜੋਂ ਅੱਜ ਸਾਡੇ 90 ਫੀਸਦੀ ਸਿੱਖ ਸ਼ੁੱਧ ਬਾਣੀ ਦਾ ਉਚਾਰਨ ਤੱਕ ਨਹੀਂ ਕਰ ਸਕਦੇ। ਏਹੀ ਨਹੀਂ ਸਾਡੇ ਸਿੱਖਾਂ ਨੂੰ ਦਸਾਂ ਗੁਰੂਆਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਪੰਜਾਂ ਤੱਖਤਾਂ, ਕਕਾਰਾਂ ਨਿਤਨੇਮ ਦੀਆਂ ਬਾਣੀਆਂ ਦੇ ਨਾਂ ਤੱਕ ਵੀ ਨਹੀਂ ਆਉਂਦੇ। ਏਸੇ ਗਿਆਨ ਵਿਹੂਣੀ ਸੰਗਤ ਨੇ ਹੀ ਬਾਬਿਆਂ ਅਤੇ ਡੇਰਿਆਂ ਨੂੰ ਜਨਮ ਦਿੱਤਾ ਹੈ। ਦਸਮ ਪਿਤਾ ਵਲੋਂ ਦਿੱਤੇ “ਗੁਰੁ ਮਾਨਿਓ ਗ੍ਰੰਥ” ਦੇ ਫਲਸਫੇ ਤੋਂ ਪੂਰਨ ਰੂਪ ਵਿਚ ਅਣਜਾਣ ਸੰਗਤ ਰੱਬ ਨੂੰ ਪਾਉਣ ਅਤੇ ਦਾਤਾਂ-ਮੁਰਾਦਾਂ ਦੀ ਪੂਰਤੀ ਦੇ ਲਾਲਚ ਵਿਚ ਆਪਣੇ ਗੁਰੁ ਦੇ ਉਪਦੇਸ਼ਾਂ ਦੇ ਉਲਟ ਬਾਬਿਆਂ ਨੂੰ ਮੱਥੇ ਟੇਕਦੀ ਖਵਾਰ ਹੁੰਦੀ ਫਿਰਦੀ ਹੈ। ਇਹਨਾਂ ਬਾਬਿਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਦੇ ਝੰਡੇ ਗਲ਼ਾਂ ਵਿਚ ਗਾਤਰਿਆਂ ਦੀ ਵੱਧ ਰਹੀ ਗਿਣਤੀ ਦੇ ਅਧਾਰ ਤੇ ਗੱਡ ਦਿੱਤੇ। ਇਹਨਾਂ ਡੇਰਿਆਂ ਨੇ ਸਿੱਖਾਂ ਨੂੰ ਅੰਨ੍ਹੇ ਸ਼ਰਧਾਲੂ ਅਤੇ ਲੱਖ ਦੋ ਲੱਖ ਪਾਠ ਧਾਰ ਕੇ ਕਰਨ ਵਾਲੇ ਡਰਪੋਕ ਪੁਜਾਰੀ ਬਣਾ ਕੇ ਰੱਖ ਦਿੱਤਾ। ਤੇ ਹੱਦ ਓਦੋਂ ਹੋ ਜਾਂਦੀ ਹੈ ਜਦ ਸਾਡੇ ਗੁਰੁਘਰਾਂ ਦੇ ਸੇਵਕ ਇਹਨਾਂ ਸੰਗਤਾਂ ਨੂੰ ਗੁਰੁ ਨਾਲ ਜੁੜਨ ਲਈ ਇਹ ਦਲੀਲ ਦਿੰਦੇ ਹਨ ਕਿ ਜੋ ਕੁਝ ਮੰਗਣਾਂ ਹੈ ਗੁਰੂਘਰ ਤੋਂ ਮੰਗੋ ਡੇਰਿਆਂ ‘ਤੇ ਨਾ ਭੱਟਕੋ। ਇਸਦਾ ਇਹ ਭਾਵ ਹੋਇਆ ਕਿ ਲਾਲਚ ਵੱਸ ਹੋ ਕਿ ਜਾਂ ਡਰ ਕੇ ਗੁਰੁ ਨੂੰ ਮੰਨੋ ਅਤੇ ਨਿੱਜ ਦਾ ਸਵਾਰਥ ਪੂਰਾ ਕਰੋ। ਇਸ ਦਲੀਲ ਨੇ ਗੁਰੁ ਅਤੇ ਡੇਰਿਆਂ ਦੇ ਬਾਬੇ ਵਿਚਲਾ ਅੰਤਰ ਖਤਮ ਕਰ ਦਿੱਤਾ। ਸਮਾਜ ਵਿਚ ਪਾਏ ਜਾਣ ਵਾਲੇ ਦੋਹਾਂ ਅਨਪੜ੍ਹ ਅਤੇ ਪੜ੍ਹੇ-ਲਿਖੇ ਤਬਕਿਆਂ ਨੇ ਸਿੱਖੀ ਨੂੰ ਬਰਾਬਰ ਦੀ ਢਾਅ ਲਾਈ ਹੈ। ਅਨਪੜ੍ਹ ਤਬੱਕਾ ਅੰਨੀ੍ਹ ਸ਼ਰਧਾ ਦਾ ਸ਼ਿਕਾਰ ਹੋ ਬੈਠਾ ਅਤੇ ਬਾਬਿਆਂ ਦੀਆਂ ਮੰਜੀਆਂ, ਜੁੱਤੀਆਂ, ਭਾਂਡਿਆਂ ਤੱਕ ਨੂੰ ਮੱਥੇ ਟੇਕਣ ਲੱਗ ਪਏ। ਦੂਜੇ ਪਾਸੇ ਪੜ੍ਹੇ-ਲਿਖੇ ਦਰੁਸਤਵਾਦ ਦਾ ਸ਼ਿਕਾਰ ਹੋ ਬੈਠੇ। ਦਸਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਨਾ ਸਮਝਦਿਆਂ ਧਰਮ ਨੂੰ ਵਾਧੂ ਵਿਸ਼ਾ ਸਮਝੀ ਬੈਠੇ ਇਹ ਪਾੜੂ ਹੋਰ ਫਿਲਾਸਫਰਾਂ ਅਤੇ ਵਿਦਵਾਨਾਂ ਦੀਆਂ ਕਿਤਾਬਾਂ ਸਿਰ ਤੇ ਚੁੱਕੀ ਕੇਵਲ ਸਲਾਹਾਂ ਦੇਣ ਅਤੇ ਨੁੱਕਤਾਚੀਨੀ ਕਰਨ ਵਿਚ ਹੀ ਗਿਆਨਵਾਨ ਹੋਣ ਦਾ ਵਹਿਮ ਪਾਲੀ ਬੈਠੇ ਹਨ। ਇਹ ਲੋਕ ਜਾਂ ਤਾਂ ਕਿਸੇ ਇਕ ਖਾਸ ਵਿਚਾਰਧਾਰਾ ਦੇ ਧਾਰਨੀ ਬਣ ਕੇ ਜਾਂ ਕਿਸੇ ਵਿਦੇਸ਼ੀ ਲਿਖਾਰੀ ਦੇ ਕਾਇਲ ਹੋ ਕੇ ਇਕ ਸੀਮਤ ਜਹੇ ਦਾਇਰੇ ਵਿਚ ਕੈਦ ਹੋ ਕੇ ਰਹਿ ਗਏ ਹਨ। ਇਹਨਾਂ ਅਨਪੜ੍ਹ ਅਤੇ ਪੜ੍ਹੇ-ਲਿਖੀਆਂ ਦੋਹਾਂ ਧਿਰਾਂ ਨੇ ਸਿੱਖੀ ਦੀ ਪਰਿਭਾਸ਼ਾ ਬਦਲਣ ‘ਚ ਕੋਈ ਕਸਰ ਨਾ ਛੱਡੀ। ਜਿਸਦਾ ਫਾਇਦਾ ਸਾਡੇ ਧਾਰਮਿਕ ਆਗੂਆਂ ਨੂੰ -ਆਪਣੀ ਫੋਕੀ ਚੌਧਰ ਦਿਖਾਉਣ ਦਾ ਹੋਇਆ। ਏਸ ਚੌਧਰ ਦੀ ਲਾਲਸਾ ਸਦਕਾ ਆਏ ਦਿਂਨ ਗੁਰਦੁਆਰਿਆਂ ਵਿਚ ਗਾਲਾਂ ਅਤੇ ਕਿਰਪਾਂਨਾਂ ਚਲਦੀਆਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਖਾਸ ਕਰ ਜੱਟਾਂ ਦਾ ਧਰਮ ਦੇ ਠੇਕੇਦਾਰਾਂ ਦੇ ਰੂਪ ਵਿਚ ਉਭਰ ਕੇ ਆਉਣਾ ਅਤੇ ਆਪਣੇ ਹੰਕਾਰ ਦੀ ਪੂਰਤੀ ਲਈ ਕੋਈ ਵੀ ਫੈਸਲਾ ਲੈਣਾ ਬ੍ਰਾਹਮਣਵਾਦੀ ਸੋਚ ਦਾ ਦੂਜਾ ਰੂਪ ਹੈ। ਜੱਟ ਦੇ ਅਖੱੜਪੁਣੇ ਨੇ ਗੁਰਮਤਿ ਨੂੰ ਦੂਜਾ ਅਤੇ ਹੰਕਾਰ ਨੂੰ ਪਹਿਲਾ ਦਰਜਾ ਦਿੱਤਾ ਹੈ। ਗੁਰੂਘਰਾਂ ਵਿਚ ਕੀਤਾ ਜਾਣ ਵਾਲਾ ਹਰ ਫੈਸਲਾ ਅੱਜ ਮੁੱਛ ਦਾ ਸਵਾਲ ਬਣ ਗਿਆ ਹੈ। ਜਿਸਦਾ ਸਿੱਟਾ ਇਕ ਕਮੇਟੀ ‘ਚੋਂ ਦੂਜੀ ਕਮੇਟੀ ਅਤੇ ਇਕ ਨਵਾਂ ਗੁਰਦੁਆਰਾ, ਤੇ ਫੇਰ ਇਕ ਹੋਰ ਕਮੇਟੀ, ਇਕ ਹੋਰ ਗੁਰਦੁਆਰਾ, ਤੇ ਫੇਰ ਇਕ ਹੋਰ ਤੇ ਇਕ ਹੋਰ……….। ਗੁਰੂ ਘਰਾਂ ਦੇ ਆਏ ਦਿਂਨ ਵਿਵਾਦਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ, ਗੁਰਮਤਿ ਅਤੇ ਧਰਮ ਨਾਮੋਂ ਬੁਰੀ ਤਰਾਂਹ ਤੋੜ ਕੇ ਰੱਖ ਦਿੱਤਾ ਹੈ। ਧਰਮ ਨਾਲ ਸੰਬੰਧਤ ਕਿਸੇ ਵਿਸ਼ੇ ‘ਚ ਰੂਚੀ ਦਿਖਾਉਣਾ ਤਾਂ ਦੂਰ ਅੱਜ ਸਾਡੇ ਨੌਜਵਾਨ ਗੁਰਦੁਆਰੇ ਜਾਣਾ ਵੀ ਪੰਸਦ ਨਹੀਂ ਕਰਦੇ। ਧਰਮ ਉਹਨਾਂ ਲਈ ਇਕ ਫਸਾਦੀ ਵਿਸ਼ਾ ਹੈ ਜਿਸ ਉੱਤੇ ਗੱਲ ਕਰਨਾ ਇਹ ਨੌਜਵਾਨ ਸਮਾਂ ਗਵਾਉਣਾ ਸਮਝਦੇ ਹਨ। ਦੂਜੇ ਪਾਸੇ ਧਰਮ ਨਾਲੋਂ ਟੁੱਟ ਕੇ ਭਟੱਕਣਾ ਅਤੇ ਦੁਨੀਆਵੀ ਜ਼ਿੰਮੇਦਾਰੀਆਂ ਦੇ ਬੋਝ ਹੇਠ ਦੱਬਿਆ ਆਮ ਮਨੁੱਖ ਗੁਰਮਤਿ ਦੀ ਥਾਂ ਆਪਣਾ ਬਚਦਾ ਸਮਾਂ ਮੀਡੀਏ ਨੂੰ ਦੇ ਕੇ ਦਿਮਾਗੀ ਸਕੂਨ ਭਾਲਦਾ ਹੈ। ਪਰ ਆਸਾਂ ਤੋਂ ਉਲਟ ਸਗੋਂ ਕਾਮ, ਕ੍ਰੋਧ, ਈਰਖਾ ਅਤੇ ਲਾਲਚ ਦੇ ਜਾਲ ਵਿਚ ਫੱਸਦਾ ਵਿਕਾਰਾਂ ਦੇ ਹਨੇਰੇ ‘ਚ ਟਕੱਰਾਂ ਮਾਰਦਾ ਫਿਰਦਾ ਹੈ। ਸਬਰ ਅਤੇ ਸਿੱਦਕ ਉਸ ਅੰਦਰੋਂ ਜੜ੍ਹੋਂ ਹੀ ਮੁੱਕ ਗਏ।

ਪਰ ਏਸ ਸਾਰੇ ਵਰਤ ਰਹੇ ਵਰਤਾਰੇ ਦਾ ਨਤੀਜਾ ਕੀ ਨਿਕਲਿਆ? ਗੁਰੁ ਦਾ ਸਿੱਖ ਕੇਵਲ ਮਜਬੂਰੀ ਵਸ ਹੀ ਸਿੱਖ ਰਹਿ ਗਿਆ ਹੈ। ਕੇਸਾਧਾਰੀ ਫੌਜ, ਫੈਸ਼ਨਪ੍ਰਸਤੀ ਨੇ ਕਮਜ਼ੋਰ ਅਤੇ ਨਿਪੁੰਸਕ ਬਣਾ ਦਿੱਤੀ ਹੈ। ਗੁਰੁ ਤੋਂ ਬਰਾਬਰੀ ਦੇ ਹੱਕ ਹਾਸਲ ਕਰ ਅਣਖ ਲਈ ਜੀਊਣ ਵਾਲੀਆਂ ਬੀਬੀਆਂ ਅੱਜ ਹੀਰੋਇਨਾਂ, ਮਾਡਲਾਂ, ਵਿਸ਼ਵ-ਸੁੰਦਰੀਆਂ ਬਣਨ ਦੇ ਸੁਫ਼ਨੇ ਅੱਖਾਂ ‘ਚ ਸਜਾਈ ਵੰਨ-ਸੁਵੰਨੇ ਲ਼ਿਬਾਸਾਂ ਅਤੇ ਫੈਸ਼ਨਾਂ ਦੀਆਂ ਪਰਤਾਂ ਹੇਠ ਦੱਬ ਕੇ ਰਹਿ ਗਈਆਂ। ਸਿੱਖ ਨੌਜਵਾਨ ਅਸ਼ਲੀਲ ਗੀਤਾਂ, ਅਸਭਿਅਕ ਫ਼ਿਲਮਾਂ ਅਤੇ ਨਸ਼ਿਆਂ ਵੱਸ ਪੈ ਆਪਣੇ ਇਤਿਹਾਸਕ ਪੱਖਾਂ ਨੂੰ ਅੱਖੋਂ ਪ੍ਰੋਖੇ ਕਰ ਕੇਵਲ ਮੌਜਾਂ ਦੀ ਭਾਲ ਵਿਚ ਭੱਟਕਦੇ ਫਿਰਦੇ ਹਨ। ਅੱਜ ਅਸੀਂ ਆਰ ਐਸ ਐਸ ਦੀ ਨਿਖੇਧੀ ਕਰਦੇ ਤਾਂ ਸਾਹ ਨਹੀਂ ਲੈਂਦੇ ਪਰ ਜਦ ਸਾਡੇ ਕਾਕੇ “ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ, ਮੂਹਰੇ ਜੱਟ ਖਾੜਕੂ ਖੜਾ, ਹੱਥ ਵਿਚ ਫੜੀ ਤਲਵਾਰ ਨੀ, ਗੁੱਟ ਵਿਚ ਸੋਹਣੀਏ ਕੜਾ” ਵਰਗੇ ਗੀਤ ਗਾਉਂਦੇ ਹਨ ਤਾਂ ਸਾਨੂੰ ਗੀਤ ਦੇ ਬੋਲਾਂ ਵਿਚ ਹੋ ਰਹੀ ਕਕਾਰਾਂ ਦੀ ਬੇਅਦਬੀ ਸੁਣਾਈ ਕਿਉਂ ਨਹੀਂ ਦਿੰਦੀ? “ਆ ਗਏ ਪੱਗਾਂ ਬੋਚਵੀਆਂ ਵਾਲੇ, ਰਹੀਂ ਬੱਚਕੇ ਨੀ ਰੰਗਲੇ ਦੁਪੱਟੇ ਵਾਲੀਏ” ਇਸ ਗੀਤ ਦੇ ਬੋਲਾਂ ਦੇ ਅਰਥਾਂ ਅਨੁਸਾਰ ਪੱਗਾਂ ਵਾਲੇ ਜਨਾਨੀਬਾਜ਼ ਹੁੰਦੇ ਹਨ ਭਾਵ ਬੇਗਾਨੀਆਂ ਧੀਆਂ-ਭੈਣਾਂ ਚੁੱਕਣ ਆਉਂਦੇ ਹਨ। “ਪੱਗ ਦੇ ਪੇਚ ‘ਤੇ ਮਰ ਗਈ ਓਏ” ਭਾਵ ਪੱਗ ਆਸ਼ਕੀ ਕਰਨ ਲਈ ਬੰਨੀ੍ਹ ਜਾਂਦੀ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪੱਗ ਜਿਸਨੂੰ ਗੁਰੁ ਸਾਹਿਬ ਨੇ ਸਾਡੇ ਸਿਰਾਂ ਉੱਤੇ ਤਾਜ ਬਣਾ ਕੇ ਸਜਾਇਆ ਤੇ ਸਾਨੂੰ ਸਰਦਾਰੀਆਂ ਦਿੱਤੀਆਂ ਸਨ ਅੱਜ ਅਸੀਂ ਆਪ ਉਸਦੀ ਕੀ ਕਦਰ ਜਾਣਦੇ ਹਾਂ? ਕਕਾਰਾਂ ਦੀ ਅਹਿਮੀਅਤ ਕੀ ਰਹਿ ਗਈ ਹੈ ਅੱਜ ਸਾਡੀਆਂ ਨਜ਼ਰਾਂ ਵਿਚ? ਤਲਵਾਰਾਂ ਜੋ ਕਦੇ ਹੱਕਾਂ ਦੀ ਰਾਖੀ ਲਈ ਜਾਂ ਪੱਤ ਦੀ ਰਾਖੀ ਲਈ ਜ਼ੁਲ਼ਮ ਦਾ ਟਾਕਰਾ ਕਰਨ ਲਈ ਉਠਾਈ ਗਈ ਸੀ ਕੀ ਅੱਜ ਮਸ਼ੂਕਾਂ ਲਈ,ਹੰਕਾਰ ਦੀ ਪੂਰਤੀ ਲਈ ਤੇ ਜਾਂ ਫੇਰ ਗੁੰਡਾਗਰਦੀ ਲਈ ਰਹਿ ਗਈ ਹੈ? ਇਹੀ ਕਾਰਨ ਹੈ ਕਿ ਆਪਣੇ ਅਤੇ ਬੇਗਾਨੇ ਹੱਕਾਂ ਲਈ ਜੂਝ ਕੇ ਮਰਨ ਮਿਟਣ ਵਾਲਾ ਸਿੱਖ ਅੱਜ ਇਨਸਾਫ ਅਤੇ ਆਪਣੇ ਹੱਕ ਸਰਕਾਰਾਂ, ਕਚਿਹਰੀਆਂ ਜਾਂ ਵਿਦੇਸ਼ੀ ਸੰਸਦਾਂ ਵਿਚੋਂ ਮੰਗਦਾ ਫਿਰਦਾ ਹੈ। ਜਿਹਨਾਂ ਹੱਥਾਂ ਵਿਚ ਕਦੇ ਗੁਰੁ ਨੇ ਤਲਵਾਰ ਫੜਾਈ ਸੀ ਅੱਜ ਅਸੀਂ ਉਹਨਾਂ ਹੱਥਾਂ ਵਿਚ ਝਾੜੂ ਫੜੀ “ਜੈ ਹਿੰਦ” ਜਾਂ “ਭਾਰਤ ਮਾਤਾ ਦੀ ਜੈ” ਦੇ ਨਾਹਰੇ ਲਾਉਂਦੇ ਫਿਰਦੇ ਹਾਂ। ਸ਼ਾਇਦ ਹੁਣ ਇਹ ਗਾਂਧੀ ਟੋਪੀ ਵਾਲਾ ਸਾਡੀ ਸੁਣੇ। ਕਿਉਂ ਸਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਅੱਜ ਦੀ ਪੀੜੀ੍ਹ ਵਿਦਿਆ ਤੋਂ ਕਿਨਾਰਾ ਕਰੀ ਬੈਠੀ ਹੈ। ਦਸੱਵੀਂ ਜਾਂ ਬਾਹਰਵੀਂ ਕਰਕੇ ਹੀ ਸਾਡੇ ਸ਼ੇਰ ਪੁੱਤ ਦਿਮਾਗੀ ਬੋਝ ਨਾ ਝਲਦੇ ਹੋਏ ਹੱਥ ਖੜੇ ਕਰ ਜਾਂਦੇ ਹਨ। ਕਿਉਂਕਿ ਕਿਤਾਬਾਂ ਤਾਂ ਪੰਡਤਾਂ ਜਾਂ ਬਾਣੀਆਂ ਲਈ ਹਨ ਸਾਡਾ ਜੱਟ-ਸਿੱਖ ਹੋਣਾ ਹੀ ਬੜੀ ਵੱਡੀ ਪ੍ਰਾਪਤੀ ਹੈ। ਸਾਡਾ ਕੋਈ ਸਾਨ੍ਹੀਂ ਨਹੀਂ। ਏਹੀ ਕਾਰਨ ਹੈ ਅੱਜ ਸਾਡੇ ਵਿਚੋਂ ਇਕ ਵੀ ਕੇਜਰੀਵਾਲ ਨਾ ਉਭਰ ਸਕਿਆ।  ਅਸੀਂ ਕੇਵਲ ਨਾਹਰੇ ਲਾਉਣ ਵਾਲੇ ਤੇ ਖੜਕੇ-ਦੜਕੇ ਵਾਲੇ ਗੀਤਾਂ ਉੱਤੇ ਛਾਲਾਂ ਮਾਰਨ ਜੋਗੇ ਰਹਿ ਗਏ। ਕਿਰਤ ਕਰਨ ਨੂੰ ਹੀਣਭਾਵਨਾ ਸਮਝਦੇ ਰਹੇ ਅੱਜ ਬੇਜਮੀਨੇ ਹੋ ਗਏ। ਘਰਾਂ ਵਿਚੋਂ ਬਾਣੀ ਕੱਢ ਕੇ, ਕੇਸ ਕਟਵਾ ਕੇ, ਪੰਜਾਬੀ ਬੋਲੀ ਤਿਆਗ ਕੇ, ਆਪਣੇ ਸਭਿਆਚਾਰ ਨੂੰ ਨਕਾਰ ਕੇ ਸੁੱਖ ਦਾ ਸਾਹ ਲੈ ਰਹੇ ਹਾਂ ਜਿਵੇਂ ਸਿੱਖੀ ਸਾਡੇ ‘ਤੇ ਜਬਰੀ ਥੋਪੀ ਗਈ ਸੀ ਮਸੀਂ ਛੁਟਕਾਰਾ ਮਿਲਿਆ ਹੋਵੇ।

ਇਤਿਹਾਸ ਤੋਂ ਅਣਜਾਣ ਅਸੀਂ ਕੇਵਲ ਸ਼ਰਧਾ ਵਾਲੇ ਉੱਲੂ ਹੀ ਬਣਕੇ ਰਹਿ ਗਏ ਇਸੇ ਲਈ ਜੇ ਕੋਈ ਕਹੇ ਮੈਂ ਗੁਰੂ ਗੋਬਿੰਦ ਸਿੰਘ ਦਾ ਦੂਜਾ ਰੂਪ ਹਾਂ ਅਸੀਂ ਸਵਿਕਾਰਦੇ ਹਾਂ, ਸਾਡੇ ਖੰਡੇ ਦਾ ਰੂਪ ਬਦਲ ਦਿੱਤਾ ਗਿਆ ਅਸੀਂ ਕਬੂਲ ਕਰ ਲਿਆ, ਜੇ ਕਿਸੇ ਕਿਤਾਬ ਨੂੰ ਸਾਡੇ ਗੁਰੂ ਦੀ ਰਚਨਾ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦਿੱਤਾ ਅਸੀਂ ਮੱਥਾ ਟੇਕ ਦਿੱਤਾ, ਦੁਨੀਆਂ ਦੀ ਉੱਚੀ ਤੋਂ ਉੱਚੀ ਚੋਟੀ ਉੱਤੇ ਸਾਡੇ ਗੁਰੁ ਦਾ ਤੱਪ ਅਸਥਾਨ ਬਣਾ ਦਿੱਤਾ ਗਿਆ ਅਸੀਂ ਵਹੀਰਾਂ ਘੱਤ ਤੁਰ ਪਏ। ਆਖ਼ਰ ਕੀ ਕਰ ਰਹੇ ਹਾਂ ਅਸੀਂ? ਕੀ ਅਸੀਂ ਮੂਰਖ ਹਾਂ? ਕੀ ਅਸੀਂ ਭੇਡਾਂ ਹਾਂ? ਕੀ ਅਸੀਂ ਸਿੱਖ ਰਹਿ ਗਏ ਹਾਂ? ਫਰ ਹੈਰਾਨੀ ਏਸ ਗੱਲ ਦੀ ਹੈ ਕਿ ਇਸ ਸੱਭ ਦੇ ਬਾਵਜੂਦ ਅਸੀਂ ਆਪਣੀ ਕੂੜਮਤ ਨੂੰ ਨਹੀਂ ਸਗੋਂ ਦੂਜਿਆਂ ਨੂੰ ਦੋਸ਼ੀ ਦਸੱਦੇ ਹਾਂ। ਖਾਲਸਤਾਨੀਆਂ, ਮਿਸ਼ਨਰੀਆਂ, ਗਰਮ ਦਲੀਆਂ, ਸਹਿਜਧਾਰੀਆਂ -ਪਤਾ ਨਹੀਂ ਕਿੰਨੇ ਕੁ ਵਰਗਾਂ ‘ਚ ਵੰਡੇ ਬੈਠੇ ਹਾਂ। ਅਸੀਂ ਆਪਣੇ ਆਪਨੂੰ ਕੇਵਲ ਗੁਰੁ ਦੇ ਸਿੱਖ ਹੀ ਅਖਵਾ ਕੇ ਫ਼ਖ਼ਰ ਮਹਿਸੂਸ ਕਿਉਂ ਨਹੀਂ ਕਰਨਾ ਚਾਹੁੰਦੇ? ਬਾਣੀ ਪੜ੍ਹਨੀ ਸਾਡੇ ਲਈ ਅਸੰਭਵ ਵਿਸ਼ਾ ਕਿਉਂ ਬਣਦੀ ਜਾ ਰਹੀ ਹੈ? ਦੁਨੀਆਂ ਭਰ ਦੀ ਜਾਣਕਾਰੀ ਰਖਣਾ ਸਾਡੇ ਲਈ ਫ਼ਖ਼ਰ ਦੀ ਗੱਲ ਹੈ ਪਰ ਆਪਣੇ ਹੀ ਇਤਿਹਾਸ ਨੂੰ ਭੁੱਲੀ ਬੈਠੇ ਹਾਂ ਜਾਨਣਾ ਨਹੀਂ ਚਾਹੁੰਦੇ। ਜੇ ਅੱਜ ਅਸੀਂ ਵਕਤ ਨਾ ਸਾਂਭਿਆ ਤਾਂ ਏਸੇ ਵਕਤ ਨੇ ਇਕ ਦਿਂਨ ਸਾਨੂੰ ਇਕ ਅਜਿਹੇ ਕਾਲੇ ਹਨੇਰੇ ਵਿਚ ਧੱਕ ਦੇਣਾ ਹੈ ਜਿੱਥੋਂ ਰਾਹ ਲੱਭਣਾ ਅਸੰਭਵ ਹੋ ਜਾਵੇਗਾ। ਘਰਾਂ ਵਿਚ ਬਾਣੀ ਦਾ ਪ੍ਰਕਾਸ਼ ਕਰ, ਸਿੱਖ ਰਹਿਤ ਮਰਿਆਦਾ ਵਿਚ ਜੀਵਨ ਜਿਓਣ, ਗਵਾਚ ਚੁੱਕੇ ਕਿਰਦਾਰ ਨੂੰ ਫੇਰ ਧਾਰਨ ਕਰ ਅਤੇ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨਾ ਹੀ ਸਾਡੀ ਬਰਬਾਦੀ ਰੋਕ ਸਕਦਾ ਹੈ। ਨਹੀਂ ਤਾਂ ਆਪਣੇ ਗੁਰੂ ਅੱਗੇ ਜਵਾਬਦੇਹ ਅਸੀਂ ਆਪ ਹੋਵਾਂਗੇ। ਫੈਸਲਾ ਸਾਡੇ ਆਪਣੇ ਹੱਥ ਹੈ।