ਈਸਟਰ ਮੌਕੇ ਤੇ ਸਾਵਧਾਨ! ਹੋਣਗੇ ‘ਦੁੱਗਣੇ ਡੀਮੈਰਿਟ ਪੁਆਇੰਟ’ ਨਾਲ ਜੁਰਮਾਨੇ

ਇਹ ਸੱਚ ਹੈ ਕਿ ਜਿਵੇਂ ਹੀ ਈਸਟਰ ਦਾ ਹਫ਼ਤਾ ਆਉਂਦਾ ਹੈ ਤਾਂ ਛੁੱਟੀਆਂ ਮਨਾਉਣ ਵਾਸਤੇ ਆਸਟ੍ਰੇਲੀਆਈ ਲੋਕਾਂ ਦੀ ਬਹੁਤਾਤ ਯਾਤਰਾਵਾਂ ਦਾ ਦੌਰ ਸ਼ੁਰੂ ਕਰ ਦਿੰਦੀ ਹੈ। ਇਹ ਯਾਤਰਾਵਾਂ ਇਸ ਲਈ ਹੁੰਦੀਆਂ ਹਨ ਕਿ ਉਹ ਈਸਟਰ ਦੇ ਮੌਕੇ ਤੇ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਆਦਿ ਨੂੰ ਮਿਲ ਸਕਣ ਅਤੇ ਛੁੱਟੀਆਂ ਦਾ ਆਨੰਦ ਮਾਣ ਸਕਣ।
ਇਹ ਯਾਤਰਾਵਾਂ ਜਾਂ ਤਾਂ ਜਨਤਕ ਵਾਹਨਾਂ ਜਿਵੇਂ ਕਿ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਆਦਿ ਰਾਹੀਂ ਹੁੰਦੀ ਹੈ ਅਤੇ ਜਾਂ ਫੇਰ ਨਿਜੀ ਵਾਹਨਾਂ ਨਾਲ। ਯਾਤਰਾਵਾਂ ਦੀ ਬਹੁਤਾਤ ਕਾਰਨ ਵਾਹਨਾਂ ਦੀ ਬਹੁਤਾਤ ਵੀ ਹੋ ਹੀ ਜਾਂਦੀ ਹੈ ਅਤੇ ਸੜਕਾਂ ਉਪਰ ਭੀੜ ਹੀ ਭੀੜ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਵੀ ਦਿਨ ਰਾਤ ਮਿਹਨਤ ਮੁਸ਼ੱਕਤ ਕਰਨੀ ਪੈ ਜਾਂਦੀ ਹੈ ਤਾਂ ਜੋ ਸੜਕਾਂ ਉਪਰ ਦੁਰਘਟਨਾਵਾਂ ਆਦਿ ਨੂੰ ਰੋਕਿਅ ਜਾ ਸਕੇ।
ਜ਼ਿਆਦਾਤਰ ਲੋਕ ਸੜਕ ਨਿਯਮਾਂ ਦੀ ਪਾਲਣਾ ਕਰਦੇ ਹੀ ਹਨ ਪਰੰਤੂ ਕੁੱਝ ਮਨਚਲੇ ਅਜਿਹੇ ਵੀ ਹੁੰਦੇ ਹਨ ਜੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਨਿਯਮਾਂ ਨੂੰ ਨਹੀਂ ਮੰਨਦੇ ਅਤੇ ਜਾਣਬੁੱਝ ਕੇ ਅਜਿਹੀਆਂ ਲਾਪਰਵਾਹੀਆਂ ਕਰਦੇ ਹਨ ਕਿ ਦੂਸਰੇ ਵਾਹਨਾਂ ਆਦਿ ਦੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰੀ ਤਾਂ ਅਜਿਹੀਆਂ ਬੇ-ਪਰਵਾਹੀਆਂ, ਗੰਭੀਰ ਦੁਰਘਟਨਾਵਾਂ ਦਾ ਕਾਰਨ ਵੀ ਬਣ ਜਾਂਦੀਆਂ ਹਨ।
ਅਜਿਹੇ ਮਨਚਲਿਆਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਅਪ੍ਰੈਲ 06 ਤੋਂ 10 ਤਾਰੀਖ ਤੱਕ ਸੜਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਦੋ-ਗੁਣਾ ਡੀਮੈਰਿਟ ਪੁਆਇੰਟਾਂ ਦਾ ਜੁਰਮਾਨਾ ਕੀਤਾ ਜਾਵੇਗਾ।
ਇਹ ਨਿਯਮ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਏ.ਸੀ.ਟੀ. ਵਿੱਚ ਲਾਗੂ ਰਹਿਣਗੇ। ਇਸ ਦੇ ਤਹਿਤ ਜ਼ਿਆਦਾ ਤੇਜ਼ੀ ਨਾਲ ਗੱਡੀ ਚਲਾਉਣ ਵਾਲਿਆਂ, ਗੱਡੀ ਚਲਾਉਂਦੇ ਸਮੇਂ ਮੋਬਾਇਲ ਫੋਨ ਦਾ ਇਸਤੇਮਾਲ ਕਰਨ ਵਾਲਿਆਂ, ਸੀਟ ਬੈਲਟ ਨਾ ਬੰਨਣ ਵਾਲਿਆਂ ਅਤੇ ਦੋ ਪਹੀਆ ਵਾਹਨਾਂ ਨੂੰ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ ਵਾਲਿਆਂ ਦੇ ਚਲਾਨ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਦੋ-ਗੁਣਾ ਡੀਮੈਰਿਟ ਪੁਆਇੰਟਾਂ ਦਾ ਜੁਰਮਾਨਾ ਭੁਗਤਣਾ ਪਵੇਗਾ।