ਡੋਪ ਟੈਸਟ ਬਣਿਆਂ ਸਰਕਾਰ ਦਾ ਕਮਾਊ ਪੁੱਤ-ਅਸਲਾਧਾਰਕਾਂ ਦੀਆਂ ਕੀਤੀਆਂ ਜਾ ਰਹੀਆਂ ਜੇਬਾਂ ਖਾਲੀ

Drugs-300x200
ਫਰੀਦਕੋਟ 5 ਅਗਸਤ — ਪਿਛਲੇ ਕੁੱਝ ਸਾਲਾਂ ਵਿਚ ਸ਼ਰਾਬੀ ਹਾਲਤ ਵਿਚ ਫੁਕਰਾਪਣ ਵਿਖਾਉਣ ਵਾਲੇ ਕੁੱਝ ਕੁ ਅਸਲਾਧਾਰਕਾਂ ਨੇ ਵਿਆਹ ਸਮਾਗਮਾਂ ਵਿਚ ਗੋਲੀਆਂ ਚਲਾਕੇ ਕੁੱਝ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਅਤੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਬੱਚਿਆਂ ਨੂੰ ਅਣਆਈ ਮੌਤ ਮਾਰ ਦਿੱਤਾ। ਅਜਿਹੀਆਂ ਘਟਨਾਵਾਂ ਵਿਰੁੱਧ ਲੋਕਾਂ ਨੇ ਆਪਣਾ ਰੋਸ ਜਾਹਿਰ ਕਰਦਿਆਂ ਆਵਾਜ਼ ਉਠਾਈ ਕਿ ਸਰਕਾਰ ਵਿਆਹ ਸਮਾਗਮਾਂ ਤੇ ਅਸਲਾ ਲਿਆਉਣ ਦੀ ਪਾਬੰਦੀ ਲਗਾਵੇ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਅਜਿਹੀ ਘਟਨਾ ਦੀ ਜਿਮੇਂਵਾਰੀ ਘਰ ਵਾਲੇ ਅਤੇ ਪੈਲਿਸ ਵਾਲਿਆਂ ਤੇ ਪਾਈ ਜਾਂਦੀ ਅਤੇ ਘਟਨਾ ਵਾਪਰਨ ਤੇ ਦੋਹਾਂ ਜਿਮੇਂਵਾਰਾਂ ਤੇ ਨਾਲ ਹੀ ਪਰਚਾ ਦਰਜ ਕੀਤਾ ਜਾਂਦਾ। ਪਰ ਸਰਕਾਰ ਨੇ ਚੁੱਕਕੇ ਅਸਲਾ ਲਾਇਸੈਂਸ ਲੈਣ ਅਤੇ ਨਵਿਆਉਣ ਵਾਲਿਆਂ ਤੇ ਡੋਪ ਟੈਸਟ ਦੀ ਸ਼ਰਤ ਰੱਖ ਦਿੱਤੀ, ਪਰ ਹਾਸੋਹੀਣੀ ਗੱਲ ਇਹ ਹੈ ਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਸਾਰੀਆਂ ਸ਼ਰਾਬੀ ਹਾਲਤ ਚ ਲੋਕਾਂ ਨੇ ਕੀਤੀਆਂ ਤੇ ਸਰਕਾਰ ਨੇ ਡੋਪ ਟੈਸਟ ਵਿਚ ਸ਼ਰਾਬ ਨੂੰ ਘੇਰੇ ਤੋਂ ਹੀ ਬਾਹਰ ਰੱਖਿਆ ਹੈ। ਹੁਣ ਲੋਕ ਜਦੋਂ ਡੋਪ ਟੈਸਟ ਕਰਵਾਉਣ ਜਾਂਦੇ ਹਨ ਤਾਂ ਜੇਕਰ ਕਿਸੇ ਨੇ ਐਂਟੀਬਾਇਟਿਕ ਮੈਡੀਸਨ, ਦਰਦ ਨਾਸ਼ਕ ਗੋਲੀ ਉਨ੍ਹਾਂ ਦਿਨਾ ਵਿਚ ਖਾ ਲਈ ਤਾਂ ਟੈਸਟ ਫੇਲ੍ਹ। ਇਸੇ ਤਰਾਂ ਬੀ ਪੀ, ਡਿਪਰੈਸ਼ਨ, ਹਰਟ ਦੇ ਮਰੀਜ਼ਾਂ ਨੂੰ ਆਪਣੀ ਜ਼ਿੰਦਗੀ ਨੂੰ ਸਲਾਮਤ ਰੱਖਣ ਲਈ ਅਲਪਰਾਜ਼ੋਲਮ ਜਾਂ ਡਾਇਜ਼ਾਪਾਮ ਦੀ ਗੋਲੀ ਰੋਜ਼ਾਨਾ ਖਾਣੀ ਜਰੂਰੀ ਹੁੰਦੀ ਹੈ, ਉਸਦੇ ਵੀ ਟੈਸਟ ਵਿਚ ਪੋਜੇਟਿਵ ਆਉਣ ਨਾਲ ਟੈਸਟ ਫੇਲ੍ਹ ਹੋ ਜਾਂਦਾ ਹੈ ਅਤੇ ਉਸਨੂੰ ਡਾਕਟਰ ਮੈਡੀਕਲ ਅਣਫਿੱਟ ਲਿਖ ਦਿੰਦੇ ਹਨ। ਉਸਦਾ ਤਦ ਤੱਕ ਟੈਸਟ ਸਹੀ ਨਹੀਂ ਲਿਖਿਆ ਜਾਂਦਾ ਜਦ ਤੱਕ ਰੀਪੋਰਟ ਨੈਗੇਟਿਵ ਨਹੀਂ ਆਉਂਦੀ। ਨੈਗੇਟਿਵ ਤਾਂ ਆਵੇਗੀ ਜੇਕਰ ਉਹ 3-4 ਹਫਤੇ ਕੋਈ ਦਵਾਈ ਨਾ ਵਰਤੇ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਬੁਖਾਰ ਵਾਲਾ, ਜੁਕਾਮ ਵਾਲਾ, ਦਰਦ ਵਾਲਾ, ਬੀ ਪੀ, ਡਿਪਰੈਸ਼ਨ ,ਹਰਟ ਵਾਲਾ ਮਰੀਜ਼ ਮਹੀਨਾ ਮੈਡੀਸਨ ਛੱਡਕੇ ਜਿੰਦਾ ਰਹਿ ਸਕੇਗਾ। ਜਦੋਂ ਕਿ ਸ਼ਰਾਬ ਪੀਣ ਵਾਲਾ ਭਾਵੇਂ ਅਧੀਏ ਦਾ ਹਾੜ੍ਹਾ ਲਾਕੇ ਆਕੇ ਟੈਸਟ ਕਰਵਾ ਲਵੇ, ਉਸਦੀ ਰੀਪੋਰਟ ਨਿੱਲ ਆਉਂਦੀ ਹੈ। ਉਹ ਸ਼ਰਾਬ ਵੀ ਪੀ ਸਕਦਾ, ਹਥਿਆਰ ਵੀ ਰੱਖ ਸਕਦਾ ਤੇ ਫਿਰ ਗੋਲੀਆਂ ਤਾਂ ਚਲਾਊਗਾ ਈ। ਸਮਝ ਨਹੀਂ ਆਉਂਦੀ ਕਿ ਸਾਡੀਆਂ ਸਰਕਾਰਾਂ ਨੂੰ ਇਹੋ ਜੇ ਸਲਾਹਕਾਰ ਕਿੱਥੋਂ ਮਿਲਦੇ ਐ ਜਿਹੜੇ ਪੁੱਠੀਆਂ ਸਲਾਹਾਂ ਦੇ ਕੇ ਬੇਗੁਨਾਂਹ ਲੋਕਾਂ ਨੂੰ ਖੱਜਲ ਖੁਆਰ ਕਰਦੇ ਹਨ। ਇੱਥੇ ਵਰਨਣਯੋਗ ਹੈ ਕਿ ਡੋਪ ਟੈਸਟ ਦਾ ਹਥਿਆਰ ਦੀ ਦੁਰਵਰਤੋਂ ਨੂੰ ਰੋਕਣ ਵਿਚ ਇਕ ਪ੍ਰਤੀਸ਼ਤ ਵੀ ਯੋਗਦਾਨ ਨਹੀਂ ਪੈ ਰਿਹਾ ਸਗੋਂ ਉਲਟਾ ਸ਼ਰਾਬ ਨਾ ਵਰਤਣ ਵਾਲੇ ਲੋਕਾਂ ਦੀ ਅਸਲਾ ਰੱਖਣ ਦੇ ਨਾਂ ਤੇ ਵੱਡੀ ਲੁੱਟ ਹੋ ਰਹੀ ਹੈ। ਉਨ੍ਹਾਂ ਨੂੰ ਇਕ ਵਾਰ ਟੈਸਟ ਫੇਲ੍ਹ ਹੋਣ ਤੇ ਵਾਰ ਵਾਰ ਪ੍ਰਤੀ ਟੈਸਟ 1500 ਰੁਪਏ ਫੀਸ ਭਰਕੇ ਹਸਪਤਾਲਾਂ ਦੇ ਚੱਕਰ ਮਾਰਨੇ ਪੈ ਰਹੇ ਹਨ। ਡੋਪ ਟੈਸਟ ਸਰਕਾਰ ਲਈ ਤਾਂ ਕਮਾਊ ਪੁੱਤ ਬਣ ਗਿਆ ਹੈ ਪਰ ਬੇਗੁਨਾਹ ਅਸਲਾਧਾਰਕ ਲੋਕਾਂ ਦੀਆਂ ਜੇਬਾਂ ਚੋਂ ਰੋਜ਼ਾਨਾ ਲੱਖਾਂ ਰੁਪਏ ਨਜਾਇਜ਼ ਕੱਢੇ ਜਾ ਰਹੇ ਹਨ ਅਤੇ ਇਸਦੇ ਨਾਲ ਹੀ ਲੋਕਾਂ ਦੇ ਆਪਣੀ ਜਾਨ ਮਾਲ ਦੀ ਰਾਖੀ ਲਈ ਲਏ ਅਸਲਾ ਲਾਇਸੈਂਸ ਦੇ ਹੱਕ ਵੀ ਖੋਹੇ ਜਾ ਰਹੇ ਹਨ। ਅਸਲਾਧਾਰਕਾਂ ਦੇ ਟੈਸਟ ਤਾਂ ਇੰਜ ਲਏ ਜਾ ਰਹੇ ਹਨ, ਜਿਵੇਂ ਇਨ੍ਹਾਂ ਨੂੰ ਭਰਤੀ ਕਰਕੇ ਕਸ਼ਮੀਰ ਦੇ ਫਰੰਟ ਤੇ ਭੇਜਣਾ ਹੋਵੇ। ਜਦੋਂ ਕਿ ਪੰਜਾਬ ਦੀ ਅੱਧੀ ਪੁਲਿਸ ਨਸ਼ੇੜੀ ਹੈ ਅਤੇ ਉਨ੍ਹਾਂ ਦੇ ਹੱਥਾਂ ਚ ਏ ਕੇ 47 ਵਰਗੇ ਖਤਰਨਾਕ ਹਥਿਆਰ ਫੜਾਏ ਹੋਏ ਹਨ। ਸਰਕਾਰ ਨੂੰ ਪਹਿਲਾਂ ਉਨ੍ਹਾਂ ਦੇ ਟੈਸਟ ਕਰਕੇ ਵੇਖਣੇ ਚਾਹੀਦੇ ਹਨ, ਜਿਨ੍ਹਾਂ ਦੇ ਮੋਢਿਆਂ ਤੇ ਪੂਰੇ ਸੂਬੇ ਦੀ ਜਿਮੇਂਵਾਰੀ ਹੈ। ਅਸਲਾਧਾਰਕਾਂ ਵਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਇਹ ਲੁੱਟ ਬੰਦ ਕਰੇ । ਡੋਪ ਟੈਸਟ ਉਸਦਾ ਹੀ ਫੇਲ੍ਹ ਐਲਾਨਿਆਂ ਜਾਵੇ ਜੋ ਕੋਈ ਖਤਰਨਾਕ ਨਸ਼ਾ ਕਰਦਾ ਹੈ ਨਾ ਕਿ ਜਿੰਦਗੀ ਦੀ ਲੋੜ ਲਈ ਮੈਡੀਸਨ ਖਾਣ ਵਾਲੇ ਮਰੀਜ਼ਾਂ ਨੂੰ ਪਰੇਸ਼ਾਨ ਕੀਤਾ ਜਾਵੇ।

Install Punjabi Akhbar App

Install
×