ਇਮੀਗ੍ਰੇਸ਼ਨ ਦੁਆਰ-ਖੋਲ੍ਹੇਗੀ ਸਰਕਾਰ -ਸੋਹਣੇ-ਸੋਹਣੇ ਪਰਦਿਆਂ ਵਾਲਾ ਫਰੇਮ ਲਾ ਕੇ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਨੇ ਦੇਸ਼ ਦਾਖਲੇ ਲਈ ਦਰਵਾਜ਼ੇ ਖੋਲ੍ਹੇ

ਪੈਸੇਫਿਕ ਦੇਸ਼ਾਂ ਵਾਲਿਆਂ ਲਈ ਵਿਜ਼ਟਰ ਵੀਜ਼ਾ ਸੋਮਵਾਰ ਤੋਂ

(ਔਕਲੈਂਡ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਬੀਬਾ ਜੈਸਿੰਡਾ ਆਰਡਨ ਦੇ ਜੀਵਨ ਸਾਥੀ ਨੂੰ ਕਰੋਨਾ ਹੋਣ ਕਰਕੇ ਬੀਬਾ ਜੀ ਅਜੇ ਜਨਤਕ ਤੌਰ ਉਤੇ ਨਹੀਂ ਵਿਚਰ ਰਹੇ, ਪਰ ਇਸ ਦਰਮਿਆਨ ਅੱਜ ਉਨ੍ਹਾਂ ਨੇ ਇਕ ਵਿਸ਼ੇਸ਼ ਸਰਕਾਰੀ ਐਲਾਨ ਵੀਡੀਓ ਕਾਨਫਰੰਸ (ਵਰਚੂਅਲ) ਰਾਹੀਂ ਕੀਤਾ ਹੈ।  ਇਹ ਵਿਸ਼ੇਸ਼ ਐਲਾਨ ਨਿਊਜ਼ੀਲੈਂਡ ਨੂੰ ਸਮੁੱਚੇ ਸੰਸਾਰ ਦੇ ਨਾਲ ਮੁੜ ਤੋਂ ਜੋੜਨ ਲਈ ਨਿਰਧਾਰਤ ਸਰਹੱਦਾਂ ਨੂੰ ਪੜਾਅਦਾਰ ਖੋਲ੍ਹਣ ਦੇ ਪ੍ਰੋਗਰਾਮ ਸਬੰਧੀ ਸੀ ਅਤੇ ਕਾਰੋਬਾਰੀ ਅਦਾਰਿਆਂ (ਬਿਜ਼ਨਸ) ਅਤੇ ਇਮੀਗ੍ਰੇਸ਼ਨ ਵਿਚਕਾਰ ਸੰਤੁਲਿਨ ਬਣਾਈ ਰੱਖਣ ਲਈ ਸੀ। ਦੇਸ਼ ਦੀਆਂ ਸਰਹੱਦਾਂ ਨੂੰ ਖੋਲ੍ਹਣ ਲਈ ਚੌਥਾ ਪੜਾਅ ਜੁਲਾਈ ਮਹੀਨੇ ਸ਼ੁਰੂ ਹੋਣਾ ਸੀ ਅਤੇ ਪੰਜਵਾਂ ਗੇੜ ਅਕਤੂਬਰ ਮਹੀਨੇ ਆਉਣ ਵਾਲਾ ਸੀ, ਜਿਸ ਨੂੰ ਹੁਣ ਅੱਗੇ ਖਿਸਕਾ 31 ਜੁਲਾਈ ਦੇ ਨਾਲ ਹੀ ਕਰ ਦਿੱਤਾ ਗਿਆ ਹੈ।
ਨਵੇਂ ਐਲਾਨ ਤਹਿਤ ਇਮੀਗ੍ਰੇਸ਼ਨ ਕਾਰਵਾਈ ਨੂੰ ਆਸਾਨ ਅਤੇ ਤੇਜ਼ ਕੀਤਾ ਜਾਵੇਗਾ। 85 ਸ਼੍ਰੇਣੀਆ (ਗ੍ਰੀਨ ਲਿਸਟ) ਜਿਨ੍ਹਾਂ ਵਿਚ ਹੁਨਰਮੰਦ ਕਾਮੇ ਸ਼ਾਮਿਲ ਹਨ,  ਨੂੰ ਆਕਰਿਸ਼ਤ ਕਰਨ ਲਈ ਨੀਤੀ ਤਿਆਰ ਕੀਤੀ ਗਈ ਹੈ। ਇਨ੍ਹਾਂ ਮਾਹਿਰਾਂ (ਸਿਹਤ ਕਾਮੇ, ਇੰਜੀਨੀਅਰ, ਟ੍ਰੇਡ ਅਤੇ ਟੈਕ ਸੈਕਟਰ) ਨੂੰ ਪਾਥਵੇਅ-ਟੂ-ਰੈਜ਼ੀਡੈਂਸੀ (ਪੱਕੇ ਹੋਣ ਵੱਲ ਜਾਂਦਾ ਰਾਹ) ਵਿਚ ਪਹਿਲ ਦੇ ਅਧਾਰ ਉਤੇ ਸ਼ਾਮਿਲ ਕੀਤਾ ਜਾਵੇਗਾ।
ਇਥੇ ਪਹਿਲਾਂ ਹੀ ਮੌਜੂਦ ਲਗਪਗ 20,000 ਪ੍ਰਵਾਸੀ ਹੁਨਰਮੰਦ ਕਾਮਿਆਂ ਦਾ ਵੀਜ਼ਾ ਵਧਾਇਆ ਗਿਆ ਹੈ। ਕਰੂਜ਼ ਸ਼ਿੱਪ (ਸਮੁੰਦਰੀ ਸੈਰ ਸਪਾਟਾ ਜਹਾਜ਼) 31 ਜੁਲਾਈ ਤੋਂ ਸ਼ੁਰੂ ਹੋ ਜਾਣਗੇ। ਅਪਰਿੰਟਸ਼ਿੱਪ ਵੀਜੇ 2023 ਤੱਕ ਵਧਾਏ ਗਏ ਹਨ ਜਿਸ ਨਾਲ 38,000 ਕਾਮਿਆਂ ਨੂੰ ਕੰਮ ਮਿਲਿਆ ਰਹੇਗਾ। ਪੈਸਫਿਕ ਆਈਲੈਂਡ ਫੋਰਮ ਦੇਸ਼ (ਨੂਈ, ਸਾਮੋਆ, ਕੁੱਕ ਆਈਲੈਂਡ, ਫੀਜ਼ੀ, ਮਾਰਸ਼ਲ ਆਈਲੈਂਡ ਆਦਿ) ਦੇ ਲੋਕਾਂ ਲਈ ਵਿਜ਼ਟਰ ਵੀਜ਼ਾ ਅਰਜ਼ੀਆਂ 16 ਮਈ ਤੋਂ ਖੋਲ੍ਹੀਆਂ ਜਾ ਰਹੀਆਂ ਹਨ। ਸੈਰ ਸਪਾਟਾ ਉਦਯੋਗ ਦੇ ਲਈ ਪੂਰੇ ਦੇਸ਼ ਨੂੰ ਬਾਕੀ ਲੋਕਾਂ ਸਿਆਲ ਦੇ ਅੱਧ ਵਿਚ ਖੋਲ੍ਹਿਆ ਜਾਵੇਗਾ ਜੋ ਕਿ 31 ਜੁਲਾਈ ਹੈ।
31 ਜੁਲਾਈ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਆ ਸਕਣ ਦੇ ਯੋਗ ਹੋ ਜਾਣਗੇ। ਪੜ੍ਹਨ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ‘ਕੌਸਟ ਆਫ ਲਿਵਿੰਗ’ (ਸਲਾਨਾ ਰਹਿਣ ਦਾ ਖਰਚਾ) 20,000 ਡਾਲਰ ਪ੍ਰਤੀ ਸਾਲ ਕਰ ਦਿੱਤਾ ਗਿਆ ਹੈ। ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਲਈ ਇਹ ਰਕਮ 17,000 ਡਾਲਰ ਹੋਵੇਗੀ। ਕਈ ਕੰਮਾਂ ਵਿਚ ਯੋਗ ਹੋਣ ਲਈ ਔਸਤਨ ਮਿਹਨਤਾਨਾ ਪ੍ਰਤੀ ਘੰਟਾ 27.76 ਡਾਲਰ 4 ਜੁਲਾਈ ਤੋਂ ਕੀਤਾ ਜਾ ਰਿਹਾ ਹੈ। ਟੂਰਿਜ਼ਮ ਅਤੇ ਹਾਸਪੀਟਲਟੀ ਦੇ ਲਈ ਔਸਤਨ ਮਿਹਨਤਾਨੇ ਲਈ ਛੋਟ ਰਹੇਗੀ ਜੋ ਕਿ 25 ਡਾਲਰ ਹੈ ਅਤੇ ਇਹ ਅਪ੍ਰੈਲ 2023 ਤੱਕ ਚੱਲੇਗੀ। ਪਾਰਟਨਰਸ਼ਿੱਪ ਵਰਕ ਵੀਜ਼ੇ ਦਸੰਬਰ 2022 ਤੋਂ ਸ਼ੁਰੂ ਹੋਣਗੇ ਅਤੇ ਮਾਈਗ੍ਰਾਂਟ ਵਰਕਰਜ਼ ਦੇ ਜੀਵਨ ਸਾਥੀਆਂ ਨੂੰ ਵਿਜ਼ਟਰ ਵੀਜਾ ਦਿੱਤਾ ਜਾਵੇਗਾ। ਜੇਕਰ ਉਹ ਕੰਮ ਕਰਨਾ ਚਾਹੁਣ ਤਾਂ ਐਕਰੀਡੇਟਿਡ ਇੰਪਲਾਇਰ ਵਰਕ ਵੀਜ਼ਾ ਅਧੀਨ ਕਰ ਸਕਣਗੇ। ਦੂਸਰਾ ਵਰਕ ਵੀਜ਼ਾ ਲੈ ਕੇ 30 ਘੰਟੇ ਤੱਕ ਕੰਮ ਕੀਤਾ ਜਾ ਸਕੇਗਾ, ਤੇ ਕਈ ਨਿੱਜੀ ਜਿੰਮਵਾਰੀਆਂ ਤੁਹਾਡੇ ਨਾਲ ਜੁੜੀਆਂ ਰਹਿਣਗੀਆਂ।

Install Punjabi Akhbar App

Install
×