ਆਪਣੀਆਂ ਮੂਰਖਤਾਵਾਂ ਦਾ ਪ੍ਰਗਟਾਵਾ ਨਾ ਕਰੋ ਅਤੇ ਜੁਰਮਾਨਿਆਂ ਤੋਂ ਬਚੋ -ਕ੍ਰਿਸ ਡਾਅਸਨ

ਪੱਛਮੀ ਆਸਟ੍ਰੇਲੀਆ ਦੇ ਪਰਥ ਮੈਟਰੋਪੋਲੇਟਿਨ, ਦ ਪੀਲ ਅਤੇ ਦੱਖਣੀ ਪੱਛਮੀ ਖੇਤਰਾਂ ਅੰਦਰ 5 ਦਿਨਾਂ ਦਾ ਲਾਕਡਾਊਨ

(ਦ ਏਜ ਮੁਤਾਬਿਕ) ਜਿਵੇਂ ਕਿ ਪੱਛਮੀ ਆਸਟ੍ਰੇਲੀਆ ਦੇ ਉਪਰੋਕਤ ਖੇਤਰਾਂ ਵਿਚਲੇ ਘੱਟੋ ਘੱਟ 2 ਮਿਲੀਅਨ ਲੋਕ ਹੁਣ 5 ਦਿਨਾਂ ਦੇ ਲਾਕਡਾਊਨ ਵਿੱਚ ਆ ਹੀ ਚੁਕੋ ਹਨ ਤਾਂ ਸਥਿਤੀਆਂ ਨੂੰ ਭਾਂਪਦਿਆਂ, ਪੁਲਿਸ ਕਮਿਸ਼ਨਰ ਕ੍ਰਿਸ ਡਾਅਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਤੋਂ ਬਚਾਅ ਕਾਰਨ ਬਣਾਏ ਗਏ ਨਿਯਮਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰੋ ਅਤੇ ਸੜਕ ਉਪਰ ਚਲਦਿਆਂ ਅਤੇ ਜਾਂ ਫੇਰ ਡ੍ਰਾਇਵਿੰਗ ਕਰਦਿਆਂ ਕੋਈ ਵੀ ਅਜਿਹੀ ਮੂਰਖਤਾ ਭਰੀ ਕਾਰਵਾਈ ਨਾ ਕਰੋ ਜਿਸ ਨਾਲ ਕਿ ਪੁਲਿਸ ਨੂੰ ਤੁਹਾਡੇ ਉਪਰ ਜੁਰਮਾਨੇ ਲਗਾਉਣ ਵਾਸਤੇ ਮਜਬੂਰ ਹੋਣਾ ਪਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਅਜਿਹੀਆਂ ਉਲੰਘਣਾਂ ਕਰਦਾ ਕੋਈ ਵੀ ਪੁਲਿਸ ਦੇ ਹੱਥੀਂ ਚੜ੍ਹਦਾ ਹੈ ਅਤੇ ਚਿਤਾਵਨੀਆਂ ਦੇ ਬਾਵਜੂਦ ਵੀ ਅਜਿਹੀਆਂ ਗੈਰ-ਕਾਨੂੰਨੀ ਹਰਕਤਾਂ ਕਰਦਾ ਹੈ ਤਾਂ ਫੇਰ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ ਅਤੇ ਉਸਨੂੰ ਘੱਟ ਤੋਂ ਘੱਟ 1,000 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਬੀਤੇ ਕੁੱਝ ਮਹੀਨਿਆਂ ਅੰਦਰ ਰਾਜ ਅੰਦਰ ਕਿਸੇ ਕਿਸਮ ਦਾ ਕਰੋਨਾ ਦਾ ਕੋਈ ਸਥਾਨਕ ਮਾਮਲਾ ਨਾ ਆਉਣ ਕਾਰਨ ਦੁਕਾਨਾਂ ਵਿੱਚੋਂ ਫੇਸ ਮਾਸਕ ਤਾਂ ਅਲੋਪ ਹੀ ਹੋ ਗਏ ਸਨ ਅਤੇ ਲੋਕਾਂ ਨੇ ਵੀ ਇਨ੍ਹਾਂ ਨੂੰ ਸ਼ਾਇਦ ਭੁਲਾ ਹੀ ਦਿੱਤਾ ਸੀ ਅਤੇ ਹੁਣ ਇਨ੍ਹਾਂ ਦੀ ਜਦੋਂ ਮੁੜ ਤੋਂ ਲੋੜ ਪਈ ਹੈ ਤਾਂ ਜੇਕਰ ਕੋਈ ਫੇਸ ਮਾਸਕਾਂ ਨੂੰ ਦੁਕਾਨਾਂ ਤੋਂ ਖ੍ਰੀਦਣ ਵੀ ਜਾ ਰਿਹਾ ਹੈ ਤਾਂ ਉਸ ਦਾ ਮੂੰਹ ਚੰਗੀ ਤਰ੍ਹਾਂ ਨਾਲ ‘ਬੰਡਾਨਾ’ ਜਾਂ ਕਿਸੇ ਹੋਰ ਸਾਫ ਕੱਪੜੇ ਨਾਲ ਢੱਕਿਆ ਹੋਣਾ ਚਾਹੀਦਾ ਹੈ ਅਤੇ ਫੇਰ ਉਹ ਬਾਜ਼ਾਰ ਜਾ ਕੇ ਆਪਣਾ ਫੇਸ ਮਾਸਕ ਖ੍ਰੀਦ ਲਵੇ ਅਤੇ ਉਸ ਨੂੰ ਪਹਿਨ ਲਵੇ। ਹਰ ਜਨਤਕ ਥਾਂ ਉਪਰ ਹੁਣ ਇਹ ਮਾਸਕ ਪਾਉਣਾ ਲਾਜ਼ਮੀ ਹੈ। ਵੈਸੇ ਜੇਕਰ ਤੁਸੀਂ ਆਪਣੀ ਕਾਰ ਆਪ ਡ੍ਰਾਇਵ ਕਰ ਰਹੇ ਹੋ ਤਾਂ ਇਸ ਦੀ ਛੋਟ ਦਿੱਤੀ ਗਈ ਹੈ ਅਤੇ 12 ਸਾਲ ਤੋਂ ਘੱਟ ਦੇ ਬੱਚਿਆਂ ਲਈ ਵੀ ਇਹ ਛੋਟ ਦਿੱਤੀ ਗਈ ਹੈ ਅਤੇ ਜਾਂ ਫੇਰ ਕਿਸੇ ਨੂੰ ਕਿਸੇ ਕਿਸਮ ਦੀ ਸਾਹ ਆਦਿ ਦੀ ਬਿਮਾਰੀ ਹੈ ਜਾਂ ਡਾਕਟਰਾਂ ਵੱਲੋਂ ਹੀ ਮਾਸਕ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਵਿੱਚ ਸਾਫ਼ ਲਫ਼ਜ਼ਾਂ ਵਿੱਚ ਆਪਣੀ ਸਥਿਤੀਆਂ ਨੂੰ ਬਿਆਨ ਕਰਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲਾਕਡਾਊਨ ਦੌਰਾਨ ਰਾਜ ਦੇ ਲੋਕ ਆਪਣੇ ਘਰਾਂ ਤੋਂ ਮਹਿਜ਼ ਇੱਕ ਘੰਟੇ ਲਈ ਹੀ ਬਾਹਰ ਕਸਰਤ ਕਰਨ ਲਈ ਜਾ ਸਕਦੇ ਹਨ ਅਤੇ ਉਹ ਪੰਜ ਕਿਲੋਮੀਟਰ ਦੇ ਦਾਇਰੇ ਅੰਦਰ ਹੀ ਰਹਿਣੇ ਚਾਹੀਦੇ ਹਨ ਪਰੰਤੂ ਉਹ ਆਪਣੇ ਘਰਾਂ ਦੇ ਅੰਦਰ ਬਿਨਾਂ ਫੇਸ ਮਾਸਕ ਤੋਂ ਰਹਿ ਸਕਦੇ ਹਨ।

Install Punjabi Akhbar App

Install
×