ਕਤਲ ਕੀਤੇ ਗਏ ਪੰਜਾਬੀ ਦਵਿੰਦਰ ਸਿੰਘ ਦੇ ਪੀੜ੍ਹਤ ਪਰਿਵਾਰ ਲਈ ਇਕੱਤਰ ਮਾਇਆ ਅਤੇ ਸਰਕਾਰੀ ਸਹਾਇਤਾ ਆਸ ਤੋਂ ਵੱਧ ਹੋਈ

donation-davinder-murder-case
ਬੀਤੀ 7 ਅਗਸਤ ਨੂੰ ਇਕ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਗੰਗਾਨਗਰ ਦਾ ਪਾਪਾਟੋਏਟੋਏ ਵਿਖੇ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਜਾਂਚ ਪੜ੍ਹਤਾਲ ਅਜੇ ਜਾਰੀ ਹੈ, ਦਾ ਮ੍ਰਿਤਕ ਸਰੀਰ ਬੀਤੇ ਸ਼ੁੱਕਰਵਾਰ ਇੰਡੀਆ ਭੇਜ ਦਿੱਤਾ ਹੈ। ਗੰਗਾਨਗਰ ਵਿਖੇ ਉਸਦੇ ਪਰਿਵਾਰਕ ਮੈਂਬਰਾਂ ਨੇ ਕੱਲ੍ਹ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਉਸਦੀ ਮਾਤਾ ਅਤੇ ਭੈਣ ਗਹਿਰੇ ਸਦਮੇ ਦੇ ਵਿਚ ਹਨ। ਉਸਦੇ ਬੇਟੇ ਨੂੰ ਮੌਤ ਦਾ ਕੋਈ ਹੋਰ ਬਹਾਨਾ ਲਾ ਕੇ ਵਰਾਉਣ ਦੀ ਕੋਸ਼ਿਸ਼ ਕੀਤੀ ਗਈ। ਬੁੱਧਵਾਰ ਨੂੰ ਮ੍ਰਿਤਕ ਦਵਿੰਦਰ ਪ੍ਰਤੀ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ।
ਮ੍ਰਿਤਕ ਦਵਿੰਦਰ ਸਿੰਘ ਦਾ ਇਕ 10 ਕੁ ਸਾਲਾ ਪੁੱਤਰ ਅਤੇ ਮਾਪੇ ਇੰਡੀਆ ਰਹਿੰਦੇ ਹਨ। ਇਸ ਪਰਿਵਾਰ ਦੀ ਸਹਾਇਤਾ ਵਾਸਤੇ ਜਿੱਥੇ ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ ਉਤੇ ਸਮੂਹ ਸੰਗਤਾਂ, ਭਾਰਤੀ ਭਾਈਚਾਰੇ ਨੇ ਆਸ ਤੋਂ ਵੱਧ ਸਹਾਇਤਾ ਕੀਤੀ ਉਥੇ ਸਰਕਾਰੀ ਪੱਧਰ ਉਤੇ ਵੀ ਆਸ ਤੋਂ ਦੁੱਗਣੀ ਸਹਾਇਤਾ ਪ੍ਰਾਪਤ ਹੋਈ। ਸੁਸਾਇਟੀ ਵੱਲੋਂ ਇਸ ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ ਜੋ ਕਿ ਇਸ ਤਰ੍ਹਾਂ ਹਨ:-
1. ਆਮ ਤੌਰ ‘ਤੇ ਏ.ਸੀ.ਸੀ. ਵਿਭਾਗ 5100 ਡਾਲਰ ਦੀ ਸਹਾਇਤਾ ਹੀ ਦਿੰਦਾ ਹੈ ਪਰ ਇਸ ਕੇਸ ਵਿਚ ਸੰਯੁਕਤ ਰੂਪ ਵਿਚ ਉਦਮ ਕਰਕੇ 10000 ਡਾਲਰ ਪ੍ਰਾਪਤ ਕੀਤੇ ਗਏ ਹਨ। ਇਹ ਰਕਮ ਏ.ਸੀ.ਸੀ. ਵਿਭਾਗ ਵੱਲੋਂ ਸਿੱਧੀ ਫਿਊਨਰਲ ਸਰਵਿਸ ਸੈਂਟਰ (S163) ਨੂੰ ਭੇਜੀ ਗਈ।
2. ਇਸ ਕੇਸ ਦੇ ਵਿਚ ‘ਵਿਕਟਮ ਸੁਪਰੋਟ’ ਵੱਲੋਂ ਜੋ ਹੋਰ ਰਾਹਤ ਮਿਲੀ ਉਹ ਨਕਦ ਰੂਪ ਵਿਚ 5000 ਡਾਲਰ ਸੀ ਜੋ ਕਿ ਮ੍ਰਿਤਕ ਦਵਿੰਦਰ ਸਿੰਘ ਦੀ ਦੇਹ ਦੇ ਨਾਲ ਗਏ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਵਾਸਤੇ ਵਰਤੀ ਗਈ ਅਤੇ ਜੋ ਪੈਸੇ ਬਚੇ ਉਹ ਉਸਦੇ ਪਰਿਵਾਰ ਨੂੰ ਭੇਟ ਕੀਤੇ ਗਏ। ਇਹ ਰਕਮ ਮ੍ਰਿਤਕ ਦਵਿੰਦਰ ਸਿੰਘ ਦੇ ਮਾਪਿਆਂ ਦੀ ਰਜ਼ਾਮੰਦੀ ਬਾਅਦ ਉਨ੍ਹਾਂ ਦੇ  ਰਿਸ਼ਤੇਦਾਰ ਸੰਦੀਪ ਸਿੰਘ ਦੇ ਖਾਤੇ ਵਿਚ ਪਾਏ ਗਏ।
3. ਉਟਾਹੂਹੂ, ਟਾਕਾਨੀਨੀ ਗੁਰਦੁਆਰਾ ਸਾਹਿਬ, ਪੰਜਾਬੀ ਮੀਡੀਆ, ਗਰੋਸਰੀ ਸਟੋਰਾਂ ਅਤੇ ਹੋਰ ਪੰਜਾਬੀ ਵੀਰਾਂ ਦੀ ਮਦਦ ਨਾਲ 9888.60 ਡਾਲਰ ਇਕੱਠੇ ਕੀਤੇ ਗਏ।
4. ਇਸ ਵੇਲੇ 9888.60 ਡਾਲਰ ਸੁਸਾਇਟੀ ਦੇ ਕੋਲ ਹਨ ਜਿਹੜੇ ਕਿ ਇਸ ਹਫਤੇ ਪਰਿਵਾਰ ਦੀ ਮਰਜ਼ੀ ਅਨੁਸਾਰ ਮ੍ਰਿਤਕ ਦੇ ਬੱਚੇ ਦੇ ਨਾਂਅ ਜਾਂ ਮਾਪਿਆਂ ਦੇ ਨਾਂਅ ‘ਤੇ ਜਾਣਗੇ। 
ਸੰਗਤਾਂ ਦੇ ਧਿਆਨ ਹਿੱਤ: ਸੁਪਰੀਮ ਸਿੱਖ ਸੁਸਾਇਟੀ ਨੇ ਜਾਰੀ ਬਿਆਨ ਇਹ ਗੱਲ ਨਿਖਾਰ ਕੇ ਕਹੀ ਹੈ ਕਿ ਜਿਹੜੇ ਲੋਕ ਇਸ ਸਹਾਇਤਾ ਦੇ ਕਾਰਜ ਦਾ ਵੀ ਵਿਰੋਧ ਕਰਨ ਰਹੇ ਹਨ ਉਹ ਜਾਂ ਤਾਂ ਕੁਝ ਗਲਤ ਹੋਇਆ ਸਾਹਮਣੇ ਰੱਖਣ ਜਾਂ ਫਿਰ ਮੂੰਹ ਬੰਦ ਰੱਖਣ ਜਿਵੇਂ ਕਿ ਅੰਗਰੇਜ਼ੀ ਦੀ ਕਹਾਵਤ ਹੈ ‘ਪੁੱਟ ਅੱਪ ਜਾਂ ਸ਼ੱਟ ਅਪ’। ਅੱਗੇ ਕਿਹਾ ਗਿਆ ਹੈ ਕਿ ਜੋ ਇੰਸ਼ੋਰੈਂਸ ਦੀ ਸ਼ਰਤ ਹੈ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਤਾਂ ਲਾਜ਼ਮੀ ਹੈ ਪਰ ਜਦੋਂ ਕੋਈ ਅਸਥੀ ਵਰਕ ਵੀਜ਼ੇ ਉਤੇ ਚਲਾ ਜਾਂਦਾ ਹੈ ਤਾਂ ਉਸਨੂੰ ਇੰਸ਼ੋਰੈਂਸ ਲੈਣ ਜਾਂ ਨਾ ਲੈਣ ਦੀ ਖੁੱਲ੍ਹ ਹੁੰਦੀ ਹੈ। ਇਸ ਕੇਸ ਦੇ ਵਿਚ ਹੀ ਦਵਿੰਦਰ ਸਿੰਘ ਨੇ ਪਹਿਲਾਂ ਛੇ ਸਾਲ ਤੱਕ ਇੰਸ਼ੋਰੈਂਸ ਲੈ ਰੱਖੀ ਪਰ ਹੁਣ ਡੇਢ ਕੁ ਸਾਲ ਤੋਂ ਬਿਨਾਂ ਇੰਸ਼ੋਰੈਂਸ ਤੋਂ ਰਹਿ ਰਿਹਾ ਸੀ।
ਧੰਨਵਾਦ: ਸੁਸਾਇਟੀ ਨੇ ਇਸ ਕੇਸ ਦੇ ਵਿਚ ਲਗਪਗ ਵੱਖ-ਵੱਖ ਅਦਾਰਿਆਂ ਤੋਂ 24,488.60 ਡਾਲਰ ਦੀ ਸਹਾਇਤਾ ਰਾਸ਼ੀ ਇਕੱਤਰ ਕਰਨ ਦੇ ਵਿਚ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਹੈ।