ਉਮੀਦਵਾਰਾਂ ਦੀਆਂ ਪਰਿਵਾਰਕ ਔਰਤਾਂ ਵੀ ਚੋਣ ਮੁਹਿੰਮ ‘ਚ ਨਿੱਤਰੀਆਂ

ਬਠਿੰਡਾ – ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਰਾਜਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਦੀ ਨੀਂਦ ਉਡਾ ਰਹੀਆਂ ਹਨ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੇ ਸਰਗਰਮੀਆਂ ਤੇਜ ਹੋ ਰਹੀਆਂ ਹਨ। ਭਾਵੇਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਹਲਕੇ ਤੋਂ ਆਪਣੇ ਆਪ ਨੂੰ ਉਮੀਦਵਾਰ ਐਲਾਨ ਕੇ ਤਿਆਰੀਆਂ ਵਿੱਢਿਆਂ ਹੋਈਆਂ ਹਨ, ਪਰ ਚੋਣਾਂ ਤੇ ਐਲਾਨ ਤੋਂ ਪਹਿਲਾਂ ਸੰਭਾਵੀ ਉਮੀਦਵਾਰ ਹੀ ਮੰਨਿਆਂ ਜਾ ਸਕਦਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਲਈ ਮੌਜੂਦਾ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਹਿੰਮ ਸੁਰੂ ਕੀਤੀ ਹੋਈ ਹੈ, ਸ੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਨੇ ਕਾਫ਼ੀ ਦੇਰ ਤੋਂ ਚੋਣ ਸਰਗਰਮੀਆਂ ਸੁਰੂ ਕੀਤੀਆਂ ਹੋਈਆਂ ਹਨ, ਆਮ ਆਦਮੀ ਪਾਰਟੀ ਵੱਲੋਂ ਸ੍ਰੀ ਜਗਰੂਪ ਸਿੰਘ ਗਿੱਲ ਸੰਭਾਵੀ ਉਮੀਦਵਾਰ ਮੰਨੇ ਜਾਂਦੇ ਹਨ।
ਤਿੰਨਾਂ ਸੰਭਾਵੀ ਉਮੀਦਵਾਰਾਂ ਨੇ ਮੀਟਿੰਗਾਂ ਤੇ ਘਰ ਘਰ ਸੰਪਰਕ ਦੀ ਮੁਹਿੰਮ ਸੁਰੂ ਕੀਤੀ ਹੋਈ ਹੈ। ਪਰ ਹੁਣ ਉਮੀਦਵਾਰਾਂ ਦੇ ਦੂਜੇ ਪਰਿਵਾਰਕ ਮੈਂਬਰ ਵੀ ਸਰਗਰਮ ਹੋ ਗਏ ਹਨ। ਸ੍ਰ: ਮਨਪ੍ਰੀਤ ਸਿੰਘ ਬਾਦਲ ਦੀ ਸੁਪਤਨੀ ਸ੍ਰੀਮਤੀ ਵੀਨੂੰ ਬਾਦਲ ਹਲਕੇ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ।

ਉਹ ਗਲੀਆਂ ਮੁਹੱਲਿਆਂ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਪਹੁੰਚ ਕੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਰਹੀ ਹੈ। ਬਠਿੰਡਾ ਸ਼ਹਿਰ ਦੇ ਕੀਤੇ ਵਿਕਾਸ ਅਤੇ ਸਰਕਾਰ ਵੱਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰ ਰਹੀ ਹੈ। ਸ਼ਹਿਰ ਵਿੱਚ ਚਲਦੇ ਵਿਕਾਸ ਕੰਮਾਂ ਵੱਲ ਉਹਨਾਂ ਵੱਲੋਂ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ।
ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ੍ਰੀ ਸਰੂਪ ਚੰਦ ਸਿੰਗਲਾ ਦੀ ਨੂੰਹ ਬੀਬੀ ਗੁਰਰੀਤ ਸਿੰਗਲਾ ਚੋਣ ਮੁਹਿੰਮ ਵਿੱਚ ਨਿੱਤਰ ਕੇ ਔਰਤਾਂ ਨਾਲ ਸੰਪਰਕ ਕਰਨਾ ਸੁਰੂ ਕਰ ਦਿੱਤਾ ਹੈ। ਉਹ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਦੇ ਨਾਲ ਨਾਲ ਸ੍ਰੋਮਣੀ ਅਕਾਲੀ ਦਲ ਦੇ ਕੰਮਾਂ ਦੀ ਜਾਣਕਾਰੀ ਮੁਹੱਈਆ ਕਰ ਰਹੀ ਹੈ। ਇਸਤੋਂ ਇਲਾਵਾ ਉਹ ਆਪਣੇ ਪਰਿਵਾਰ ਅਤੇ ਖਾਸ ਕਰਕੇ ਸ੍ਰੀ ਸਰੂਪ ਚੰਦ ਸਿੰਗਲਾ ਵੱਲੋਂ ਬਠਿੰਡਾ ਵਾਸੀਆਂ ਲਈ ਪਾਏ ਯੋਗਦਾਨ ਨੂੰ ਉਚੇਚੇ ਤੌਰ ਦੱਸ ਕੇ ਮੁਹਿੰਮ ਨੂੰ ਤੇਜ ਕਰ ਰਹੀ ਹੈ। ਆਪਣੇ ਤੌਰ ਤੇ ਉਹ ਭਾਵੇਂ ਸਿਆਸਤ ਵਿੱਚ ਨਵੀਂ ਹੈ, ਪਰ ਉਸਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਇਹ ਪਹਿਲੀ ਵਾਰ ਹੈ ਕਿ ਚੋਣਾਂ ਤੋਂ ਬਹੁਤ ਪਹਿਲਾਂ ਹੀ ਉਮੀਦਵਾਰਾਂ ਦੇ ਪਰਿਵਾਰ ਦੀਆਂ ਔਰਤਾਂ ਚੋਣ ਮੁਹਿੰਮ ਭਖਾਉਣ ਲਈ ਮੈਦਾਨ ਵਿੱਚ ਨਿੱਤਰ ਪਈਆਂ ਹਨ।

Install Punjabi Akhbar App

Install
×