17 ਸਾਲਾਂ ਦੀ ਨਵਯੁਵਤੀ ਦੇ ਕਾਤਲਾਂ ਨੂੰ ਲੱਭਣ ਲਈ 750,000 ਡਾਲਰਾਂ ਦਾ ਇਨਾਮ

ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਰਹਿਣ ਵਾਲੀ 17 ਸਾਲਾਂ ਦੀ ਐਲੀਸਨ ਨਿਊਸਟੈਡ, ਜਦੋਂ 6 ਅਕਤੂਬਰ, 1993 ਨੂੰ ਆਪਣੇ ਮਾਪਿਆਂ ਨੂੰ ਕਹਿ ਕੇ ਗਈ ਸੀ ਕਿ ਉਹ ਨਜ਼ਦੀਕ ਹੀ ਇੱਕ ਕੈਫੇ ਵਿੱਚ ਜਾ ਰਹੀ ਹੈ ਤਾਂ ਉਸਦੇ ਮਾਪਿਆਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਸ ਤੋਂ ਬਾਅਦ ਉਹ ਆਪਣੀ ਪਿਆਰੀ ਬੱਚੀ ਨੂੰ ਦੇਖਣ ਨੂੰ ਵੀ ਤਰਸ ਜਾਣਗੇ।
ਅਗਲੇ ਹੀ ਦਿਨ ਮਾਪਿਆਂ ਵੱਲੋਂ ਪੁਲਿਸ ਕੋਲ ਦਰਖਾਸਤ ਦਿੱਤੀ ਗਈ ਕਿ ਉਨ੍ਹਾਂ ਦੀ ਬੱਚੀ ਘਰ ਨਹੀਂ ਆਈ ਅਤੇ ਨਾ ਹੀ ਉਸਦਾ ਕੋਈ ਪਤਾ ਠਿਕਾਣਾ ਮਿਲ ਰਿਹਾ ਹੈ। ਪੁਲਿਸ ਤੇ ਤਫ਼ਤੀਸ਼ ਕੀਤੀ ਤਾਂ ਇੱਕ ਹਫ਼ਤੇ ਪਿੱਛੋਂ.. ਬਸ… ਉਕਤ ਨਵਯੁਵਤੀ ਦੀ ਮ੍ਰਿਤਕ ਦੇਹ ਹੀ ਮਿਲੀ ਜੋ ਕਿ ਪੁਲਿਸ ਵੱਲੋਂ ਇੱਕ ਸੁੰਨੀ ਪਈ ਕੋਲਾ ਕਾਨ ਦੇ ਘਰ ਕੋਲੋਂ ਬਰਾਮਦ ਕੀਤੀ ਗਈ ਸੀ।
ਸਾਲ 1994 ਵਿੱਚ ਇੱਕ 30 ਸਾਲਾਂ ਦੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰੰਤੂ ਅਗਲੇ ਤਿੰਨ ਕੁ ਸਾਲਾਂ ਤੋਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਨੂੰ ਕਾਤਲਾਂ ਦਾ ਕੁੱਝ ਵੀ ਨਹੀਂ ਲੱਭਿਆ ਅਤੇ ਐਲੀਸਨ ਦਾ ਕਤਲ ਇੱਕ ਅਣਸੁਲਝੀ ਗੁੱਥੀ ਬਣ ਕੇ ਰਹਿ ਗਿਆ।
ਸਾਲ 1998 ਵਿੱਚ ਪੁਲਿਸ ਨੇ ਕਤਲ ਕੇਸ ਦੇ ਗਵਾਹ ਆਦਿ ਲੱਭਣ ਵਾਸਤੇ 100,000 ਡਾਲਰਾਂ ਦਾ ਇਨਾਮ ਰੱਖਿਆ ਪਰੰਤੂ ਇਸ ਮਾਮਲੇ ਵਿੱਚ ਕੋਈ ਵੀ ਗਵਾਹ ਜਾਂ ਸੂਚਕ ਅੱਗੇ ਨਾ ਆਇਆ। ਜਿਵੇਂ ਜਿਵੇਂ ਵਕਤ ਬੀਤਦਾ ਗਿਆ, ਇਨਾਮ ਦੀ ਰਾਸ਼ੀ ਵੱਧਦੀ ਗਈ ਅਤੇ ਹੁਣ 24 ਸਾਲਾਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਨੇ ਉਕਤ ਕਤਲ ਦੀ ਗੁੱਥੀ ਸੁਲਝਾਉਣ ਵਾਲੇ ਵਾਸਤੇ 750,000 ਡਾਲਰਾਂ ਦੇ ਇਨਾਮ ਦੀ ਰਾਸ਼ੀ ਦੀ ਘੋਸ਼ਣਾ ਕਰ ਦਿੱਤੀ ਹੈ।
ਐਲੀਸਨ ਦੇ ਮਾਤਾ ਅਤੇ ਭੈਣ ਹਾਲੇ ਵੀ ਉਸਨੂੰ ਯਾਦ ਕਰਕੇ ਅੱਖਾਂ ਭਰ ਲੈਂਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੱਚੀ ਦੇ ਕਾਤਲਾਂ ਨੂੰ ਆਸਟ੍ਰੇਲੀਆਈ ਕਾਨੂੰਨ ਮੁਤਾਬਿਕ ਉਚਿਤ ਸਜ਼ਾ ਮਿਲੇ। ਪਰੰਤੂ ਹਾਲੇ ਤੱਕ ਤਾਂ ਇਸ ਕਤਲ ਤੋਂ ਕੋਈ ਪਰਦਾ ਉਠਦਾ ਦਿਖਾਈ ਵੀ ਨਹੀਂ ਦਿੰਦਾ। ਪਰੰਤੂ ਵਕਤ ਦੀ ਬੁੱਕਲ ਵਿੱਚ ਕੀ ਲੁਕਿਆ ਹੈ… ਇਸ ਦਾ ਤਾਂ ਬਸ ਇੰਤਜ਼ਾਰ ਹੀ ਕੀਤਾ ਜਾ ਸਕਦਾ ਹੈ। ਫੇਰ ਵੀ ਨਿਊ ਸਾਊਥ ਵੇਲਜ਼ ਪੁਲਿਸ ਆਪਣੇ ਪੂਰੇ ਬਲ਼-ਬੂਤੇ ਨਾਲ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰ ਹੀ ਹੈ ਅਤੇ ਆਸਵੰਦ ਹੈ ਕਿ ਕੋਈ ਨਾ ਕੋਈ ਸੁਰਾਗ ਤਾਂ ਜ਼ਰੂਰ ਹੱਥ ਲੱਗੇਗਾ।