1997 ਵਿੱਚ ਹੋਏ ਕਤਲ ਦਾ ਸੁਰਾਗ ਦੇਣ ਵਾਲੇ ਨੂੰ 500,000 ਡਾਲਰ ਦਾ ਇਨਾਮ ਘੋਸ਼ਿਤ

ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ, ਸਾਲ 1997 ਦੌਰਾਨ ਹੋਏ ਇੱਕ 25 ਕੁ ਸਾਲਾਂ ਦੇ ਵਿਅਕਤੀ ਦੇ ਕਤਲ ਸਬੰਧੀ ਪੁਖਤਾ ਸੁਰਾਗ ਦੇਣ ਵਾਲੇ ਲਈ 5 ਲੱਖ ਡਾਲਰਾਂ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ।
ਸਾਲ 1997 ਵਿੱਚ ਮਾਰੂਲੈਨ ਦੇ ਨਜ਼ਦੀਕ ਪੈਨਰੋਜ਼ ਦੇ ਹਿਊਮ ਹਾਈਵੇਅ ਉਪਰ ਇੱਕ ਜੋੜੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਨਦੀ ਦੇ ਕਿਨਾਰੇ ਉਪਰ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਪਈ ਹੈ। ਪੁਲਿਸ ਨੇ ਉਥੋਂ ਉਕਤ ਮ੍ਰਿਤਕ ਦੇਹ ਨੂੰ ਬਰਾਮਦ ਕੀਤਾ ਅਤੇ ਪਾਇਆ ਕਿ ਉਸਦਾ ਸਿਰ ਬਾਕੀ ਸਰੀਰ ਦੇ ਨਾਲ ਨਹੀਂ ਸੀ।
ਫੇਰ ਦੋ ਕੁ ਹਫ਼ਤਿਆਂ ਪਿੱਛੋਂ ਸਾਲਟ ਪੈਨ ਕਰੀਕ (ਪੈਡਸਟਾਅ) ਦੇ ਚਾਰ ਮਛੁਆਰਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇੱਕ ਥੈਲਾ ਮਿਲਿਆ ਹੈ ਜਿਸ ਵਿੱਚ ਕਿਸੇ ਵਿਅਕਤੀ ਦਾ ਸਿਰ ਹੈ।
ਪੁਲਿਸ ਨੇ ਉਕਤ ਸਿਰ ਨੂੰ ਪਹਿਲਾਂ ਮਿਲੀ ਮ੍ਰਿਤਕ ਦੇਹ ਨਾਲ ਮਿਲਾਇਆ ਅਤੇ ਦੱਸਿਆ ਕਿ ਫੋਰੈਂਸਿਕ ਜਾਂਚ ਤੋਂ ਪਤਾ ਚਲਿਆ ਹੈ ਕਿ ਮ੍ਰਿਤਕ ਦੇਹ ਅਤੇ ਸਿਰ ਇੱਕ ਹੀ ਵਿਅਕਤੀ ਦੇ ਹਨ। ਅਤੇ ਇਹ ਵੀ ਅੰਦਾਜ਼ਾ ਜਾਹਿਰ ਕੀਤਾ ਕਿ ਕੁੱਝ ਵਿਅਕਤੀਆਂ ਵੱਲੋਂ ਉਕਤ ਵਿਅਕਤੀ ਦਾ ਕਤਲ 20 ਫਰਵਰੀ, 1997 ਦੇ ਆਸ ਪਾਸ ਕੀਤਾ ਗਿਆ ਸੀ।
ਇਸਤੋਂ ਬਾਅਦ ਪੁਲਿਸ ਨੇ ਇੱਕ ਸਕੈਚ ਤਿਆਰ ਕੀਤਾ ਜੋ ਕਿ ਮ੍ਰਿਤਕ ਦੇਹ ਦੀ ਪਹਿਚਾਣ ਦੱਸੀ ਜਾਂਦੀ ਹੈ ਅਤੇ ਇੱਕ ਟੈਟੂ ਦੀ ਫੋਟੋ ਵੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਜੋ ਕਿ ਮ੍ਰਿਤਕ ਦੀ ਉਪਰਲੀ ਬਾਂਹ ਉਪਰ ਬਣਿਆ ਹੋਇਆ ਸੀ। ਮ੍ਰਿਤਕ ਦੇਹ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਉਕਤ ਇਨਾਮ ਦੀ ਘੋਸ਼ਣਾ ਕੀਤੀ ਹੈ ਅਤੇ
ਡਿਟੈਕਟਿਵ ਸੁਪਰਡੈਂਟ ਡੈਨੀ ਡੋਹਰਟੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਉਕਤ ਵਿਅਕਤੀ ਦੀ ਪਹਿਚਾਣ ਹੋਵੇ ਜਾਂ ਉਹ ਇਸ ਕਤਲ ਬਾਰੇ ਕੁੱਝ ਵੀ ਜਾਣਦਾ ਹੋਵੇ ਤਾਂ ਤੁਰੰਤ ਪੁਲਿਸ ਨੂੰ 1800 333 000 ਤੇ ਸੰਪਰਕ ਕਰੇ ਅਤੇ 25 ਸਾਲ ਪਹਿਲਾਂ ਹੋਏ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕਰੇ।

Install Punjabi Akhbar App

Install
×