
ਮਹਿਲਾਵਾਂ ਦੇ ਕਲਿਆਣਕਾਰੀ ਪ੍ਰੋਗਰਾਮਾਂ ਸਬੰਧੀ ਮਾਮਲਿਆਂ ਦੇ ਮੰਤਰੀ ਬਰੋਨੀ ਟੇਲਰ ਨੇ ਆਪਣੇ ਐਲਾਨਨਾਮੇ ਵਿੱਚ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਮਹਿਲਾਵਾਂ ਦੇ ਕਲਿਆਣ ਕਾਰੀ ਯੋਜਨਾਵਾਂ ਅਧੀਨ ਪ੍ਰੋਗਰਾਮ ਆਦਿ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਲਈ 400,000 ਡਾਲਰ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਤੁਰੰਤ ਸਰਕਾਰ ਕੋਲ ਇਸ ਗ੍ਰਾਂਟ ਵਾਸਤੇ ਅਪਲਾਈ ਕਰ ਸਕਦੀਆਂ ਹਨ ਜੋ ਕਿ ਔਰਤਾਂ ਪ੍ਰਤੀ ਸਮਾਜ ਵਿੱਚ ਉਦਾਰਵਾਦੀ ਰਵੱਈਆ ਦਰਸਾਉਂਦੇ ਪ੍ਰੋਗਰਾਮ ਉਲੀਕਦੀਆਂ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਔਰਤਾਂ ਦੇ ਮਨੋਬਲ ਨੂੰ ਬੜਾਵਾ ਮਿਲਦਾ ਹੈ ਅਤੇ ਸਮਾਜ ਅੰਦਰ ਔਰਤਾਂ ਦੇ ਸਹਿਯੋਗ ਨੂੰ ਦਰਾਉਂਦਿਆਂ ਉਨ੍ਹਾਂ ਦੀ ਛਵੀ ਨੂੰ ਸਤਿਕਾਰ ਯੋਗ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ।
ਇਸ ਪ੍ਰਾਜੈਕਟ ਅਧੀਨ ਹੁਣ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਜਿਨ੍ਹਾਂ ਰਾਹੀਂ ਔਰਤਾਂ ਨੂੰ ਇਹ ਸੰਦੇਸ਼ ਦਿੱਤੇ ਜਾਣਗੇ ਕਿ ਉਹ ਆਪਣੇ ਕੰਮ ਧੰਦਿਆਂ ਨੂੰ ਕਿਵੇਂ ਸੁਧਾਰ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖ ਸਕਦੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2013 ਤੋਂ ਜਦੋਂ ਦੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਸ਼ੁਰੂ ਕੀਤਾ ਗਿਆ ਹੈ ਤਾਂ ਹੁਣ ਤੱਕ 2.3 ਮਿਲੀਅਨ ਡਾਲਰਾਂ ਰਾਹੀਂ ਇਨ੍ਹਾਂ ਪ੍ਰੋਗਰਾਮਾਂ ਨੂੰ ਮਾਲੀ ਮਦਦ ਮੁਹੱਈਆ ਕਰਵਾਈ ਗਈ ਹੈ ਅਤੇ ਮਹਿਲਾਵਾਂ ਨੂੰ ਸਮੇਂ ਸਮੇਂ ਉਪਰ ਉਚਿਤ ਅਤੇ ਲੋੜਵੰਦ ਸਿਖਲਾਈਆਂ ਦੇ ਕੇ ਸਮੇਂ ਦਾ ਹਾਣੀ ਬਣਾਇਆ ਗਿਆ ਹੈ।
ਬੀਤੇ ਪ੍ਰੋਗਰਾਮਾਂ ਅਧੀਨ ਖਾਣਾ ਆਦਿ ਬਣਾਉਣ ਤੋਂ ਲੈ ਕੇ ਹੋਰ ਕਾਫੀ ਤਰ੍ਹਾਂ ਦੀਆਂ ਸਿਖਲਾਈਆਂ ਮਹਿਲਾਵਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਮਹਿਲਾਵਾਂ ਅਤੇ ਐਬੋਰਿਜਨਲ ਮਹਿਲਾਵਾਂ ਵੀ ਸ਼ਾਮਿਲ ਹਨ ਅਤੇ ਹਰ ਇੱਕ ਨੂੰ ਉਨ੍ਹਾਂ ਦੀ ਉਮਰ ਮੁਤਾਬਿਕ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਸਿਖਲਾਈਆਂ ਵਿੱਚ ਰਸੋਈ ਘਰਾਂ ਦੇ ਵੇਸਟ ਤੋਂ ਖਾਦ ਬਣਾਉਣਾ ਆਦਿ ਵੀ ਸ਼ਾਮਿਲ ਹਨ।
ਅਜਿਹੇ ਅਦਾਰੇ ਅਤੇ ਸੰਸਥਾਵਾਂ ਜੋ ਕਿ ਉਪਰੋਕਤ ਕਾਰਜਾਂ ਵਿੱਚ ਕੰਮ ਕਰਦੀਆਂ ਹਨ, ਆਪਣੀਆਂ ਅਰਜ਼ੀਆਂ 23 ਅਪ੍ਰੈਲ 2021 ਦਿਨ ਸ਼ੁਕਰਵਾਰ, ਸ਼ਾਮ ਦੇ 5:00 ਵਜੇ ਤੱਕ ਜਮ੍ਹਾਂ ਕਰਵਾ ਸਕਦੀਆਂ ਹਨ। ਜ਼ਿਆਦਾ ਜਾਣਕਾਰੀ ਲਈ www.women.nsw.gov.au/commissioning/investing-in-women-funding-program ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।