ਨਿਊ ਸਾਊਥ ਵੇਲਜ਼ ਅੰਦਰ ਖੇਡਾਂ, ਸਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮਾਂ ਲਈ 20 ਮਿਲੀਅਨ ਡਾਲਰ

ਵਧੀਕ ਪ੍ਰੀਮੀਆਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਰਾਜ ਪੱਧਰ ਉਪਰ ਵੱਡੇ ਖੇਡਾਂ ਦੇ ਪ੍ਰੋਗਰਾਮਾਂ ਦੇ ਨਾਲ ਨਾਲ -ਮਿਊਜ਼ਿਕ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਅਜਿਹੇ ਮਨੋਰੰਜਨ ਦੇ ਪ੍ਰੋਗਰਾਮਾਂ ਨੂੰ ਨਪੇਰੇ ਚਾੜ੍ਹਨ ਵਾਸਤੇ 20 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੰਡ ਨਾਲ ਕੀਤੇ ਜਾਣ ਵਾਲੇ ਉਕਤ ਪ੍ਰੋਗਰਾਮਾਂ ਨਾਲ ਜਿੱਥੇ ਜਨਤਕ ਤੌਰ ਤੇ ਮਨੋਰੰਜਨ ਦੇ ਸਾਧਨ ਵਧਣਗੇ ਉਥੇ ਹੀ ਇਸ ਵਿੱਚ ਸ਼ਾਮਿਲ ਖਿਡਾਰੀਆਂ, ਕਲ਼ਾਕਾਰਾਂ ਅਤੇ ਅਜਿਹੇ ਪ੍ਰੋਗਰਾਮਾਂ ਲਈ ਇੰਤਜ਼ਾਮ ਆਦਿ ਕਰਨ ਵਾਲਿਆਂ ਦੇ ਰੌਜ਼ਗਾਰ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਾਯੋਜਨ ਦੇ ਨਾਲ ਲੋਕਾਂ ਨੂੰ ਰੌਜ਼ਗਾਰ ਮਿਲੇਗਾ, ਸਥਾਨਕ ਵਿੱਤੀ ਚੱਕਰ ਚੱਲਣਗੇ, ਅਤੇ ਲੋਕਾਂ ਨੂੰ ਆਪਣੇ ਮਨਪਸੰਦ ਖਿਡਾਰੀਆਂ ਅਤੇ ਕਲ਼ਾਕਾਰਾਂ ਨਾਲ ਆਹਮੋ-ਸਾਹਮਣੇ ਹੋਣ ਦਾ ਮੌਕਾ ਵੀ ਮਿਲੇਗਾ ਅਤੇ ਲੋਕਾਂ ਵਾਸਤੇ ਮਨੋਰੰਜਨ ਦੇ ਨਾਲ ਨਾਲ ਬਹੁਤ ਸਾਰੀਆਂ ਖੁਸ਼ੀਆਂ ਦਾ ਕਾਰਨ ਵੀ ਬਣੇਗਾ।
ਇਸ ਪ੍ਰਾਯੋਜਨ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਇਸ ਵਾਸਤੇ ਘੱਟ ਤੋਂ ਘੱਟ 100,000 ਡਾਲਰ ਦੇ ਖਰਚਿਆਂ ਵਾਲਾ ਈਵੈਂਟ ਦਾ ਆਯੋਜਨ ਕਰਨਾ ਹੋਵੇਗਾ ਜਿਸ ਵਿੱਚ ਕਿ ਖੇਡਾਂ, ਲਾਈਫ-ਸਟਾਇਲ, ਭੋਜਨ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ, ਸੰਗੀਤ ਦੇ ਪ੍ਰੋਗਰਾਮ, ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਆਦਿ ਸ਼ਾਮਿਲ ਹੋਣਗੇ ਅਤੇ ਇਹ ਪ੍ਰੋਗਰਾਮ ਸਮੁੱਚੇ ਰਾਜ ਅੰਦਰ ਹੀ ਕੀਤੇ ਜਾਣਗੇ।
ਪ੍ਰੋਗਰਾਮਾਂ ਦੇ ਆਯੋਜਕ ਇਸ ਤੋਂ ਇਲਾਵਾ, ਪ੍ਰੋਗਰਾਮਾਂ ਦੇ ਵਾਸਤੇ ਵਾਧੂ ਦੀ ਬੈਠਣ ਦੀ ਸਮਰੱਥਾ, ਆਰਜ਼ੀ ਚਾਰ ਦਿਵਾਰੀ, ਆਰਜ਼ੀ ਸਟੇਜ ਅਤੇ ਹੋਰ ਢਾਂਚੇ, ਫੈਸਟੀਵਲ ਦੌਰਾਨ ਵਾਧੂ ਦੀਆਂ ਸਟੇਜਾਂ, ਕੈਂਪਿੰਗ ਦੀਆਂ ਥਾਵਾਂ, ਅਤੇ ਆਰਜ਼ੀ ਤੌਰ ਉਪਰ ਕਾਰ ਪਾਰਕਿੰਗ ਆਦਿ ਸਥਾਪਤ ਕਰਨ ਵਾਸਤੇ ਵੀ 50,000 ਡਾਲਰਾਂ ਤੋਂ ਲੈ ਕੇ 200,000 ਡਾਲਰਾਂ ਤੱਕ ਦੇ ਆਵੇਦਨ ਦੇ ਸਕਦੇ ਹਨ।
ਰਾਜ ਸਰਕਾਰ ਦਾ ਇਹ ਫੰਡ, ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਚਲਾਏ ਜਾ ਰਹੇ 2 ਬਿਲੀਅਨ ਦੇ ਫੰਡ ਦਾ ਹਿੱਸਾ ਹੈ ਜਿਸ ਦੇ ਤਹਿਤ ਰਾਜ ਅੰਦਰ ਰੌਜ਼ਗਾਰ ਆਦਿ ਦੇ ਨਵੇਂ ਨਵੇਂ ਮੌਕੇ ਪ੍ਰਦਾਨ ਕਰਵਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਮਨੋਰੰਜਨ ਆਦਿ ਦੇ ਸਾਧਨਾਂ ਨਾਲ ਸਥਾਨਕ ਕਲ਼ਾਕਾਰਾਂ ਅਤੇ ਖਿਡਾਰੀਆਂ ਨੂੰ ਸਿੱਧੇ ਤੌਰ ਤੇ ਲਾਭ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।
ਅਰਜ਼ੀਆਂ ਦੀ ਮੰਗ ਅੱਜ ਤੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਵਾਸਤੇ ਆਖਰੀ ਤਾਰੀਖ 17 ਦਿਸੰਬਰ, 2021 ਨੂੰ ਸ਼ਾਮ ਦੇ 5 ਵਜੇ ਤੱਕ ਮਿੱਥੀ ਗਈ ਹੈ।
ਉਕਤ ਪ੍ਰੋਗਰਾਮਾਂ ਲਈ ਸਥਾਨਕ ਕਾਂਸਲਾਂ, ਬਿਨ੍ਹਾਂ ਲਾਭ-ਹਾਨਿ ਦੇ ਕੰਮ ਕਰਨ ਵਾਲੀਆਂ ਸੰਸਥਾਵਾ, ਖੇਡਾਂ ਆਦਿ ਦੇ ਪ੍ਰਾਯੋਜਕ, ਅਤੇ ਐਬੋਰਿਜਨਲ ਲੈਂਡ ਕਾਂਸਲਾਂ ਆਦਿ ਅਰਜ਼ੀਆਂ ਦੇ ਸਕਦੇ ਹਨ।
ਜ਼ਿਆਦਾ ਜਾਣਕਾਰੀ ਲਈ ਰਾਜ ਸਰਕਾਰ ਦੀ ਵੈਬਸਾਈਟ https://www.nsw.gov.au/regional-growth-fund/regional-events-acceleration-fund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×