
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਦੱਖਣੀ ਸਿਡਨੀ (ਸਦਰਲੈਂਡ ਅਤੇ ਕਰੋਨੂਲਾ ਵਿਚਾਲੇ) ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਹੁਣ ਡਿਜੀਟਲ ਸਿਗਨਲ ਪ੍ਰਣਾਲੀ ਨਾਲ ਜੋੜਨ ਦਾ ਫੈਸਲਾ ਲਿਆ ਹੈ ਜਿਸ ਦੇ ਤਹਿਤ ਰੇਲ ਗੱਡੀਆਂ ਦੇ ਚਾਲਕਾਂ ਨੂੰ ਹੁਣ ਬਾਹਰਵਾਰ ਲੱਗੇ ਟ੍ਰੈਫਿਕ ਲਾਈਟ ਸਿਗਨਲਾਂ ਨੂੰ ਵਾਚਣ ਦੀ ਬਜਾਏ, ਉਨ੍ਹਾਂ ਦੇ ਕੈਬਿਨ ਦੇ ਅੰਦਰ ਹੀ ਡਿਜੀਟਲ ਸਿਗਨਲ ਪ੍ਰਾਪਤ ਹੋਣਗੇ ਅਤੇ ਇਸ ਵਾਸਤੇ ਸਰਕਾਰ ਨੇ 110 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਤਹਿਤ ਸੀਮੈਨਜ਼ ਮੋਬਿਲਟੀ ਪ੍ਰਾਈਵੇਟ ਲਿਮਿਟੇਡ ਕੰਪਨੀ ਨਾਲ ਇਕਰਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਥੋੜ੍ਹੇ ਜਿਹੇ ਬਦਲਾਵਾਂ ਆਦਿ ਨਾਲ, ਭਵਿੱਖ ਦੇ ਇਸ ਵੱਡੇ ਬਦਲ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਡਨੀ ਵਿਚਲੇ ਖੇਤਰਾਂ ਅੰਦਰ ਕਈ ਦਹਾਕਿਆਂ ਤੋਂ ਹੀ ਰਵਾਇਤੀ ਸਿਗਨਲਾਂ ਆਦਿ ਨਾਲ ਹੀ ਰੇਲ-ਗੱਡੀਆਂ ਨੂੰ ਚਲਾਇਆ ਜਾ ਰਿਹਾ ਸੀ ਜੋ ਕਿ ਸੀਮਿਤ ਥਾਵਾਂ ਉਪਰ ਅਤੇ ਸੀਮਿਤ ਹਾਲਾਤਾਂ ਵਿੱਚ ਹੀ ਕੰਮ ਕਰਦੇ ਰਹੇ ਹਨ ਪਰੰਤੂ ਹੁਣ ਨਵੇਂ ਜ਼ਮਾਨੇ ਅਤੇ ਨਵੀਆਂ ਤਕਨੀਕਾਂ ਦੇ ਮੱਦੇਨਜ਼ਰ ਇਹ ਬਦਲਾਅ ਕੀਤੇ ਜਾ ਰਹੇ ਹਨ ਜੋ ਕਿ ਸਮੇਂ ਮੁਤਾਬਿਕ ਕਰਨੇ ਜ਼ਰੂਰੀ ਵੀ ਹਨ।
ਹੀਥਕੋਟ ਤੋਂ ਐਮ.ਪੀ. ਲੀ ਈਵਾਨਜ਼ ਨੇ ਕਿਹਾ ਕਿ ਇਸ ਨਵੀਂ ਤਕਨੀਕ ਨਾਲ ਰੇਲ ਗੱਡੀਆਂ ਨੂੰ ਚੱਲਣ ਅਤੇ ਚਲਾਉਣ ਵਿੱਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਅਤੇ ਸਹੂਲਤਾਂ ਪ੍ਰਦਾਨ ਹੋਣਗੀਆਂ ਅਤੇ ਟ੍ਰੈਫਿਕ ਦੇ ਨਾਲ ਨਾਲ ਰੇਲਵੇ ਲਾਈਨਾਂ ਦਾ ਵੀ ਉਚਿਤ ਪ੍ਰਯੋਗ ਹੋਵੇਗਾ ਕਿਉਂਕਿ ਅਜਿਹੇ ਸਿਗਨਲਾਂ ਦੀ ਸਹਾਇਤਾ ਨਾਲ ਰੇਲ ਗੱਡੀਆਂ ਆਪਸੀ ਦੂਰੀ ਨੂੰ ਘਟਾ ਕੇ ਵੀ ਚੱਲ ਸਕਣਗੀਆਂ ਅਤੇ ਇਸ ਨਾਲ ਆਵਾਜਾਈ ਉਪਰ ਸਹੀ ਬੱਧ ਤਰੀਕਿਆਂ ਦੇ ਨਾਲ ਉਸਾਰੂ ਅਸਰ ਪੈਣਾ ਲਾਜ਼ਮੀ ਹੈ।
ਸਦਰਲੈਂਡ ਅਤੇ ਕਰੋਨੂਲਾ ਵਿਚਾਲੇ ਇਸ ਪ੍ਰਾਜੈਕਟ ਉਪਰ ਕੰਮ ਇਸੇ ਮਹੀਨੇ ਸ਼ੁਰੂ ਕਰ ਲਿਆ ਜਾਵੇਗਾ ਅਤੇ ਸਾਲ 2023 ਤੱਕ ਇਹ ਜਨਤਕ ਤੌਰ ਤੇ ਸੇਵਾ ਵਿੱਚ ਹਾਜ਼ਿਰ ਹੋ ਜਾਣਗੇ।
ਮਿਰਾਂਡਾ ਤੋਂ ਐਮ.ਪੀ. ਐਲੀਨਾ ਪੈਟੀਨੋਸ ਨੇ ਕਿਹਾ ਕਿ ਇਹ ਸਰਕਾਰ ਦਾ ਵਧੀਆ ਕਦਮ ਹੈ ਅਤੇ ਇਸ ਨਾਲ ਟੀ4 ਰੇਲਵੇ ਲਾਈਨ, ਇਸ ਸੁਵਿਧਾ ਦਾ ਇਸਤੇਮਾਲ ਕਰਨ ਵਾਲੀ ਅਜਿਹੀ ਪਹਿਲੀ ਰੇਲਵੇ ਲਾਈਨ ਹੋਵੇਗੀ।
ਕਰੋਨੂਲਾ ਤੋਂ ਐਮ.ਪੀ. ਮਾਰਕ ਸਪੀਕਮੈਨ ਨੇ ਵੀ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਖੇਤਰ ਵਿੱਚ ਨਵੀਂ ਤਕਨਾਲੋਜੀ ਦਾ ਵਿਸਤਾਰ ਹੋਵੇਗਾ ਅਤੇ ਹਰ ਕਿਸੇ ਨੂੰ ਹੀ ਇਸ ਦਾ ਲਾਭ ਮਿਲੇਗਾ।