ਕੀ ਬੁੱਢੀ ਹੁੰਦੀ ਜਾ ਰਹੀ ਹੈ …. ਦੁਨੀਆ ?

ਅੱਜ ਦੁਨੀਆ ਦੀ ਕੁੱਲ ਆਬਾਦੀ 8 ਅਰਬ (8 ਬਿਲੀਅਨ) ਹੋ ਚੁੱਕੀ ਹੈ ਅਤੇ ਅਨੁਮਾਨ ਹੈ ਕਿ 2060 ਤੱਕ ਇਹ 10 ਅਰਬ ਹੋ ਜਾਏਗੀ। ਪ੍ਰੰਤੂ ਇਸਦੇ ਨਾਲ ਹੀ ਇਹ ਵੀ ਵੇਖਣ ਦੀ ਲੋੜ ਹੈ ਕਿ ਕਿਹੜੇ ਮੁਲਕ ਵਿੱਚ ਕਿੰਨੇ ਫ਼ੀਸਦੀ ਬੱਚੇ, ਕਿੰਨੇ ਨੌਜਵਾਨ ਅਤੇ ਕਿੰਨੇ ਬਜ਼ੁਰਗ ਹਨ। 15 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 64 ਸਾਲ ਤੋਂ ਉੱਪਰ ਦੇ ਬਜ਼ੁਰਗ ਆਸ਼ਰਿਤ ਨਾਗਰਿਕ ਮੰਨੇ ਜਾਂਦੇ ਹਨ ਜੋ ਕਿ ਆਮ ਕਰਕੇ 15 ਸਾਲ ਤੋਂ 64 ਸਾਲ ਤੱਕ ਦੇ ਕੰਮ ਕਰਨ ਵਾਲੇ ਨਾਗਰਿਕਾਂ ਉੱਤੇ ਹੀ ਨਿਰਭਰ ਹੁੰਦੇ ਹਨ। ਇਸ ਹਿਸਾਬ ਨਾਲ ਜਿਹੜੇ ਮੁਲਕਾਂ ਵਿੱਚ 15 ਸਾਲ ਤੋਂ 64 ਸਾਲ ਵਾਲੇ ਨਾਗਰਿਕਾਂ ਦੀ ਗਿਣਤੀ ਵੱਧ ਹੋਏਗੀ ਉਹਨਾਂ ਵਿੱਚ ਤਰੱਕੀ ਦੀ ਰਫ਼ਤਾਰ ਵੱਧ ਹੋਏਗੀ ਪਰ ਸ਼ਰਤ ਇਹ ਹੈ ਕਿ ਮੁਲਕ ਵਿੱਚ ਬੇਰੁਜ਼ਗਾਰੀ ਘੱਟ ਤੋਂ ਘੱਟ ਹੋਵੇ। ਉਦਾਹਰਨ ਵਜੋਂ ਭਾਰਤ ਵਿੱਚ ਅੱਜ ਦੇ ਸਮੇਂ ਅਨੁਮਾਨਤ 26 ਫ਼ੀਸਦੀ ਬੱਚੇ, 7 ਫ਼ੀਸਦੀ ਬਜ਼ੁਰਗ ਅਤੇ 67 ਫ਼ੀਸਦੀ ਕੰਮ ਕਰਨ ਵਾਲੀ ਆਬਾਦੀ ਹੈ। ਪਰ ਜਾਪਾਨ ਵਿੱਚ ਅੱਜ ਦੇ ਸਮੇਂ ਅਨੁਮਾਨਤ 12 ਫ਼ੀਸਦੀ ਬੱਚੇ, 29 ਫ਼ੀਸਦੀ ਬਜ਼ੁਰਗ ਅਤੇ 58 ਫ਼ੀਸਦੀ ਕੰਮ ਕਰਨ ਵਾਲੀ ਆਬਾਦੀ ਹੈ। ਇਸੇ ਤਰ੍ਹਾਂ ਇਟਲੀ, ਜਰਮਨੀ, ਯੂਨਾਨ, ਲਾਤਵੀਆ, ਲਿਥੂਆਨੀਆ ਅਤੇ ਪੋਲੈਂਡ ਵਰਗੇ ਮੁਲਕਾਂ ਵਿੱਚ ਵੀ ਬਜ਼ੁਰਗਾਂ ਦੀ ਪ੍ਰਤੀਸ਼ਤ ਆਬਾਦੀ ਵਧਦੀ ਜਾ ਰਹੀ ਹੈ ਅਤੇ ਨੌਜਵਾਨ ਘਟਦੇ ਜਾ ਰਹੇ ਹਨ।

ਜਾਪਾਨ, ਇਟਲੀ ਅਤੇ ਜਰਮਨੀ ਵਰਗੇ ਮੁਲਕਾਂ ਵਿੱਚ ਤਾਂ ਅੱਜ ਹੀ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਲੋਕਾਂ ਦੀ ਬਹੁਤ ਹੀ ਘਾਟ ਹੈ। ਇਸਦੇ ਲਈ ਉਹਨਾਂ ਨੂੰ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਇਲਾਕਿਆਂ ਤੋਂ ਨੈਨੀ ਦੇ ਰੂਪ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਪੈ ਰਹੀ ਹੈ। ਉਹਨਾਂ ਦੀਆਂ ਫੈਕਟਰੀਆਂ ਅਤੇ ਹੋਰ ਜਨਤਕ ਸੇਵਾਵਾਂ ਵਿੱਚ ਕੰਮ ਕਰਨ ਲਈ ਘੱਟ ਵਿਕਸਿਤ ਮੁਲਕਾਂ ਤੋਂ ਕਿੰਨੇ ਹੀ ਲੋਕ ਵੀਜ਼ਾ ਲਗਵਾਉਣ ਲਈ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਹਨ। ਉਦਾਹਰਨ ਦੇ ਤੌਰ ‘ਤੇ ਪੰਜਾਬ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਨੂੰ ਨੌਜਵਾਨਾਂ ਦੀਆਂ ਵਹੀਰਾਂ ਦੀਆਂ ਵਹੀਰਾਂ ਤੁਰੀਆਂ ਜਾ ਰਹੀਆਂ ਹਨ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਮੁਲਕ ਬੁੱਢੇ ਹੁੰਦੇ ਜਾ ਰਹੇ ਹਨ ਅਤੇ ਅਸੀਂ ਉਹਨਾਂ ਨੂੰ ਜਵਾਨ ਕਰਨ ਲਈ ਜਾ ਰਹੇ ਹਾਂ। ਅਰਥਾਤ ਉੱਥੇ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ ਅਤੇ ਸਾਡੇ ਨੌਜਵਾਨ ਉੱਥੇ ਜਾ ਕੇ ਨੌਜਵਾਨਾਂ ਦੀ ਕਮੀ ਪੂਰੀ ਕਰ ਰਹੇ ਹਨ। ਪ੍ਰੰਤੂ ਕੀ ਇਸ ਨਾਲ ਸਾਡੇ ਮੁਲਕ ਨੂੰ ਨੌਜਵਾਨਾਂ ਦਾ ਘਾਟਾ ਨਹੀਂ ਸਹਿਣਾ ਪਏਗਾ ? ਅੱਜ ਤਾਂ ਹੋ ਸਕਦਾ ਹੈ ਕਿ ਅਸੀਂ ਉਸ ਘਾਟੇ ਨੂੰ ਮਹਿਸੂਸ ਨਾ ਕਰੀਏ ਪ੍ਰੰਤੂ ਅਗਲੇ 20-30 ਸਾਲਾਂ ਵਿੱਚ ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਇਹ ਘਾਟਾ ਸਾਫ਼ ਨਜ਼ਰ ਆਉਣ ਲੱਗ ਪਏਗਾ।

ਅੱਜ ਦੁਨੀਆ ਦੀ ਕੁੱਲ ਆਬਾਦੀ ਵਿੱਚ 64 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਦੀ ਆਬਾਦੀ 15 ਫ਼ੀਸਦੀ ਦੇ ਨੇੜੇ-ਤੇੜੇ ਹੈ ਜਿਹੜੀ ਕਿ 1950 ਵਿੱਚ ਕੇਵਲ 5 ਫ਼ੀਸਦੀ ਹੀ ਸੀ। 2020 ਵਿੱਚ ਦੁਨੀਆ ਵਿੱਚ 64 ਸਾਲ ਤੋਂ ਉੱਪਰ ਵਾਲੀ ਕੁੱਲ ਬਜ਼ੁਰਗ ਆਬਾਦੀ 73 ਕਰੋੜ ਸੀ ਜੋ ਕਿ 2050 ਵਿੱਚ ਦੁੱਗਣੀ ਹੋ ਕੇ 150 ਕਰੋੜ ਦੇ ਨੇੜੇ ਪੁੱਜ ਜਾਏਗੀ। ਇਸ ਵਿੱਚ ਵੀ ਵੱਧ ਗਿਣਤੀ ਔਰਤਾਂ ਦੀ ਹੀ ਹੋਏਗੀ ਕਿਉਂਕਿ ਔਰਤਾਂ ਮਰਦਾਂ ਨਾਲੋਂ ਵੱਧ ਉਮਰ ਭੋਗਦੀਆਂ ਹਨ। ਇਸ ਦੇ ਮੁੱਖ ਕਾਰਨ ਇਹੀ ਹਨ ਕਿ ਦੁਨੀਆ ਵਿੱਚ ਡਾਕਟਰੀ ਸਹੂਲਤਾਂ ਵਧਣ ਕਰਕੇ ਉਮਰਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਮੌਤ ਦਰ ਦਿਨੋ-ਦਿਨ ਘਟ ਰਹੀ ਹੈ ਕਿਉਂਕਿ ਬਹੁਤ ਸਾਰੇ ਅਸਾਧ ਰੋਗਾਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ। ਪਰ ਸਮੱਸਿਆ ਇਹ ਹੈ ਕਿ ਉਮਰਾਂ ਭਾਵੇਂ ਵਧ ਰਹੀਆਂ ਹਨ ਪਰ ਤੰਦਰੁਸਤੀ ਵਧ ਨਹੀਂ ਰਹੀ ? ਬਹੁਤ ਸਾਰੇ ਬਜ਼ੁਰਗ ਬਿਸਤਰੇ ਉੱਪਰ ਜ਼ਿੰਦਗੀ ਕੱਟ ਤਾਂ ਜ਼ਰੂਰ ਰਹੇ ਹਨ ਪ੍ਰੰਤੂ ਜ਼ਿੰਦਗੀ ਮਾਣ ਨਹੀਂ ਰਹੇ। ਕਿਉਂਕਿ 64 ਸਾਲ ਤੋਂ ਵੱਧ ਉਮਰ ਵਾਲੇ ਤਕਰੀਬਨ ਬਹੁਤੇ ਬਜ਼ੁਰਗ, ਆਮ ਹੀ ਕਿਸੇ ਨਾ ਕਿਸੇ ਲਾਇਲਾਜ਼ ਬਿਮਾਰੀ ਨਾਲ ਜੂਝ ਰਹੇ ਹੁੰਦੇ ਹਨ। ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ 2050 ਵਿੱਚ ਦੁਨੀਆ ਦੀ ਕੁੱਲ ਬਜ਼ੁਰਗ ਆਬਾਦੀ ਦਾ 80 ਫ਼ੀਸਦੀ ਹਿੱਸਾ ਗ਼ਰੀਬ ਅਤੇ ਮੱਧਵਰਗੀ ਆਮਦਨ ਵਾਲੇ ਮੁਲਕਾਂ ਵਿੱਚ ਰਹਿ ਰਿਹਾ ਹੋਵੇਗਾ। ਇਹ ਵੀ ਇੱਕ ਸਮੱਸਿਆ ਹੋਏਗੀ ਕਿ ਉਦੋਂ ਤੱਕ ਸਾਂਝੇ ਪਰਿਵਾਰਾਂ ਦੀ ਗਿਣਤੀ ਤਕਰੀਬਨ ਨਾਂਹ ਦੇ ਬਰਾਬਰ ਹੀ ਰਹਿ ਸਕਦੀ ਹੈ। ਇਸਦਾ ਮਤਲਬ ਹੈ ਕਿ ਬਜ਼ੁਰਗ ਜਾਂ ਤਾਂ ਇਕੱਲੇ ਹੋਣਗੇ ਅਤੇ ਜਾਂ ਫਿਰ ਆਪਣੀ ਕੁਆਰੀ ਔਲਾਦ ਨਾਲ ਹੀ ਰਹਿ ਰਹੇ ਹੋਣਗੇ। ਬਹੁਤੇ ਪੱਛਮੀ ਮੁਲਕਾਂ ਵਿੱਚ ਤਾਂ ਅੱਜ ਵੀ ਇਹੀ ਹਾਲਾਤ ਹਨ।

ਭਾਰਤ ਅਤੇ ਇਜ਼ਰਾਈਲ ਵਰਗੇ ਮੁਲਕਾਂ ਵਿੱਚ ਅੱਜ ਲਗਭਗ 65-70 ਫ਼ੀਸਦੀ ਆਬਾਦੀ ਨੌਜਵਾਨਾਂ ਦੀ ਹੈ। ਇੱਥੋਂ ਅਸੀਂ ਇਹ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ ਕਿ ਇਹਨਾਂ ਮੁਲਕਾਂ ਵਿੱਚ ਅੱਜ ਤੋਂ 30-40 ਸਾਲ ਬਾਅਦ ਕੀ ਹਾਲਾਤ ਹੋਣਗੇ। ਕਿਉਂਕਿ ਅੱਜ ਜਿੰਨੇ ਵੱਧ ਨੌਜਵਾਨ ਹਨ ਉੱਨੇ ਹੀ ਵੱਧ ਕੱਲ੍ਹ ਨੂੰ ਬਜ਼ੁਰਗ ਹੋਣਗੇ ਅਤੇ ਨੌਜਵਾਨ ਘਟਦੇ ਜਾਣਗੇ ਕਿਉਂਕਿ ਹੁਣ ਸਾਡੀ ਜਨਮ ਦਰ ਪਹਿਲਾਂ ਨਾਲੋਂ ਘਟਦੀ ਜਾ ਰਹੀ ਹੈ। ਭਾਵੇਂ ਕਿ ਭਾਰਤ ਵਿੱਚ ਅੱਜ 26 ਫ਼ੀਸਦੀ ਬੱਚੇ ਹਨ ਜੋ ਕਿ ਅਗਲੇ ਸਾਲਾਂ ਵਿੱਚ ਨੌਜਵਾਨ ਆਬਾਦੀ ਬਣਕੇ ਦੇਸ਼ ਨੂੰ ਜਵਾਨ ਬਣਾਈ ਰੱਖਣਗੇ ਪ੍ਰੰਤੂ ਫਿਰ ਵੀ ਇਹ ਦੌਰ ਕਿੰਨਾ ਕੁ ਲੰਬਾ ਚੱਲੇਗਾ ? ਜਲਦੀ ਹੀ ਉਹ ਸਮਾਂ ਆ ਜਾਏਗਾ ਜਦੋਂ ਬਜ਼ੁਰਗ ਆਬਾਦੀ ਇੱਕੱਦਮ ਵਧਣੀ ਸ਼ੁਰੂ ਹੋ ਜਾਏਗੀ। ਜਾਪਾਨ ਅਤੇ ਇਟਲੀ ਵਰਗੇ ਮੁਲਕਾਂ ਵਿੱਚ ਤਾਂ ਅੱਜ ਹੀ ਬੱਚਿਆਂ ਦੀ ਆਬਾਦੀ 13 ਫ਼ੀਸਦੀ ਤੋਂ ਵੀ ਘੱਟ ਹੈ। ਅਰਥਾਤ ਉਸੇ ਹਿਸਾਬ ਨਾਲ ਉੱਥੇ ਅਗਲੇ ਸਾਲਾਂ ਵਿੱਚ ਨੌਜਵਾਨ ਆਬਾਦੀ ਦੀ ਕਮੀ ਰਹੇਗੀ ਅਤੇ ਬਜ਼ੁਰਗ ਆਬਾਦੀ ਵਿੱਚ ਵਾਧਾ ਹੋਰ ਵੱਧ ਨਜ਼ਰ ਆਏਗਾ। ਮੰਨਿਆ ਜਾ ਰਿਹਾ ਹੈ ਕਿ 2030 ਤੱਕ ਜਾਪਾਨ ਵਿੱਚ ਕਾਮਿਆਂ ਦੀ ਗਿਣਤੀ ਅੱਜ ਨਾਲੋਂ 80 ਲੱਖ ਘਟ ਜਾਏਗੀ। ਚੀਨ ਵਰਗਾ ਮੁਲਕ ਜਿਸਨੇ ਹੁਣ ਤੱਕ ਕੇਵਲ ਇੱਕ ਹੀ ਬੱਚਾ ਪੈਦਾ ਕਰਨ ਦੀ ਨੀਤੀ ਜਾਰੀ ਰੱਖੀ ਹੋਈ ਸੀ, ਹੁਣ ਇਸ ਗੱਲੋਂ ਫ਼ਿਕਰਮੰਦ ਹੈ ਕਿ ਅਗਲੇ ਸਾਲਾਂ ਵਿੱਚ ਉੱਥੇ ਬਜ਼ੁਰਗ ਆਬਾਦੀ ਵਧਦੀ ਜਾਏਗੀ ਅਤੇ ਨੌਜਵਾਨ ਘਟਦੇ ਜਾਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉੱਥੇ ਬੱਚੇ ਘੱਟ ਪੈਦਾ ਹੋਏ ਹਨ। ਇਹੀ ਹਾਲਤ ਆਉਣ ਵਾਲੇ 30-40 ਸਾਲਾਂ ਤੱਕ ਭਾਰਤ ਦੀ ਵੀ ਹੋਣ ਵਾਲੀ ਹੈ ਕਿਉਂਕਿ ਚੀਨ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਭਾਰਤ ਹੀ ਹੈ।   

ਸਾਡੀ ਦੁਨੀਆ ਦਿਨੋ-ਦਿਨ ਬੁੱਢੀ ਹੁੰਦੀ ਜਾ ਰਹੀ ਹੈ ਅਤੇ ਇਸ ਨਾਲ ਕਈ ਮੁਲਕਾਂ ਵਿੱਚ ਬਜ਼ੁਰਗਾਂ ਵਾਸਤੇ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਫੰਡਾਂ ਦੀ ਘਾਟ ਹੋ ਰਹੀ ਹੈ। ਇਸ ਲਈ ਜਿਹੜੇ ਮੁਲਕਾਂ ਦੀਆਂ ਸਰਕਾਰਾਂ, ਜਨਤਕ ਸਿਹਤ ਲਈ ਘੱਟ ਬਜਟ ਰੱਖਦੀਆਂ ਹਨ, ਆਉਣ ਵਾਲੇ ਸਮੇਂ ਵਿੱਚ,  ਉਹਨਾਂ ਮੁਲਕਾਂ ਦੇ ਪਰਿਵਾਰਾਂ ਨੂੰ ਵੱਧ ਬੋਝ ਉਠਾਉਣਾ ਪੈ ਸਕਦਾ ਹੈ। ਉਦਾਹਰਨ ਵਜੋਂ, ਭਾਰਤ ਵਰਗੇ ਮੁਲਕ ਨੇ 2004 ਵਿੱਚ ਹੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਅਤੇ ਉਸਦੀ ਥਾਂ ਉੱਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਸੀ। ਇਸਦਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਕੇਵਲ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਉਹਨਾਂ ਨੂੰ ਸੰਭਾਲਣ ਵਾਲੇ ਪਰਿਵਾਰਾਂ ਨੂੰ ਹੋਰ ਵੀ ਵੱਧ ਉਠਾਉਣਾ ਪਏਗਾ ਕਿਉਂਕਿ ਨਵੀਂ ਪੈਨਸ਼ਨ ਨੀਤੀ ਅਧੀਨ ਸੇਵਾ ਮੁਕਤ ਹੋਣ ਤੋਂ ਬਾਅਦ ਕਿਸੇ ਮੁਲਾਜ਼ਮ ਨੂੰ ਬਹੁਤ ਹੀ ਨਿਗੂਣੀ ਜਿਹੀ ਪੈਨਸ਼ਨ ਹੀ ਮਿਲੇਗੀ। ਪ੍ਰੰਤੂ ਸਵਾਲ ਇਹ ਵੀ ਹੈ ਕਿ ਉਹਨਾਂ ਬਜ਼ੁਰਗਾਂ ਦਾ ਕੀ ਬਣੇਗਾ ਜੋ ਆਮ ਗਰੀਬ ਕਿਸਾਨ ਜਾਂ ਮਜ਼ਦੂਰ ਪਰਿਵਾਰਾਂ ਵਿੱਚ ਹੋਣਗੇ ? ਕੀ ਉਹਨਾਂ ਦੇ ਪਰਿਵਾਰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਕਾਬਲ ਰਹਿ ਜਾਣਗੇ ? ਜਦੋਂ ਦੁਨੀਆ ਵਿੱਚ ਕਮਾਉਣ ਵਾਲੇ ਹੱਥ ਘਟਦੇ ਜਾਣਗੇ ਅਤੇ ਆਸ਼ਰਿਤ ਨਾਗਰਿਕ ਵਧਦੇ ਜਾਣਗੇ ਤਾਂ ਕੀ ਸਰਕਾਰਾਂ ਉਸ ਸਮਾਜਿਕ ਅਤੇ ਆਰਥਿਕ ਸੰਕਟ ਨਾਲ ਨਿਪਟ ਸਕਣਗੀਆਂ ? ਕੀ ਦੁਨੀਆ ਭਰ ਦੀਆਂ ਸਰਕਾਰਾਂ ਇਸ ਬੁੱਢੀ ਹੁੰਦੀ ਜਾ ਰਹੀ ਦੁਨੀਆ ਨੂੰ ਜਵਾਨ ਬਣਾਈ ਰੱਖਣ ਦਾ ਕੋਈ ਹੀਲਾ ਕਰ ਰਹੀਆਂ ਹਨ ? ਕੀ ਇਹ ਮੁੱਦਾ ਉਹਨਾਂ ਦੇ ਏਜੰਡੇ ਉੱਤੇ ਹੈ ਵੀ ਜਾਂ ਨਹੀਂ ?