ਡੇਨੀਅਲ ਐਂਡ੍ਰਿਊਜ਼ ਦੀ ਹਾਲਤ ਸਥਿਰ ਪਰੰਤੂ ਸੱਟਾਂ ਗਹਿਰੀਆਂ ਲੱਗੀਆਂ -ਡਾਕਟਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆਈ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਦਾ ਇਲਾਜ ਕਰਦਿਆਂ, ਉਨ੍ਹਾਂ ਦੀ ਹਾਲਤ ਬਾਰੇ ਗੱਲਬਾਤ ਦਸਦਿਆਂ ਮੈਲਬੋਰਨ ਵਿਚਲੇ ਐਲਫਰਡ ਹਸਪਤਾਲ ਅਤੇ ਟਰਾਮਾ ਸੈਂਟਰ ਦੇ ਡਾਕਟਰ ਐਸੋਸਿਏਟ ਪ੍ਰੋਫੈਸਰ ਸਟੀਵ ਮੈਕਗਲੋਗਲਿਨ (ਆਈ.ਸੀ.ਯੂ. ਮੁਖੀ), ਦਾ ਕਹਿਣਾ ਹੈ ਕਿ ਡੇਨੀਅਲ ਨੂੰ ਕਾਫੀ ਗਹਿਰੀਆਂ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੇ ਕਈ ਫਰੈਕਚਰ ਹੋਏ ਹਨ ਅਤੇ ਸਭ ਤੋਂ ਵੱਧ ਚਿੰਤਾ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਾਲੀ ਸੱਟ ਦੀ ਹੈ ਜਿਸ ਬਾਰੇ ਉਹ ਹਾਲੇ ਵਿਚਾਰ ਕਰ ਰਹੇ ਕਿ ਉਨ੍ਹਾਂ ਦਾ ਆਪ੍ਰੇਸ਼ਨ ਕਰਨਾ ਹੈ ਜਾਂ ਨਹੀਂ -ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਦਰਦ ਤੋਂ ਰਾਹਤ ਵੀ ਮਹਿਸੂਸ ਕਰ ਰਹੇ ਹਨ।
ਡਾਕਟਰਾਂ ਨੇ ਉਨ੍ਹਾਂ ਵਾਸਤੇ ਆਈ.ਸੀ.ਯੂ., ਟਰਾਮਾ ਅਤੇ ਆਰਥੋਪੈਡਿਕਸ (ਹੱਡੀਆਂ ਦਾ ਇਲਾਜ) ਆਦਿ ਨਾਲ ਸਬੰਧਤ ਡਾਕਟਰਾਂ ਦੀ ਇੱਕ ਟੀਮ ਗਠਿਤ ਕੀਤੀ ਹੈ ਜਿੱਥੇ ਕਿ ਉਨ੍ਹਾਂ ਦੇ ਇਲਾਜ ਸਬੰਧੀ ਸਾਰੇ ਪਲਾਨ ਬਣਾਏ ਜਾ ਰਹੇ ਹਨ ਅਤੇ ਇਸ ਵਿੱਚ ਡੇਨੀਅਲ ਐਂਡ੍ਰਿਊਜ਼ ਦਾ ਪਰਵਾਰ ਵੀ ਸ਼ਾਮਿਲ ਹੈ। ਵੈਸੇ ਉਨ੍ਹਾਂ ਦੀ ਸਕੈਨ ਰਿਪੋਰਟ ਬਾਰੇ ਕਿਹਾ ਗਿਆ ਹੈ ਕਿ ਪਸਲੀਆਂ ਦੇ ਫਰੈਕਚਰ ਤੋਂ ਇਲਾਵਾ, ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦੇ ਵਿਚਕਾਰ ਜਿਹੇ ਟੀ-7 ਪੁਆਇੰਟ ਉਪਰ ਫਰੈਕਚਰ ਹੈ।
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਆਪਣੀ ਇੱਕ ਰਿਹਾਇਸ਼ ਵਿੱਚ, ਪੋੜੀਆਂ ਵਿੱਚੋਂ ਫਿਸਲ ਕੇ ਗਿਰ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਜ਼ੇਰੇ ਇਲਾਜ ਹਨ। ਪਹਿਲਾਂ ਉਨ੍ਹਾਂ ਨੂੰ ਪੈਨਿਨਸੁਲਾ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਪਰੰਤੂ ਐਮ.ਆਰ.ਆਈ. ਸਕੈਨ ਨੂੰ ਵਾਚਦਿਆਂ, ਅਤੇ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਐਲਫਰਡ ਟਰਾਮਾ ਸੈੇਂਟਰ (ਮੈਲਬੋਰਨ) ਵਿਖੇ ਰੈਫਰ ਕਰ ਦਿੱਤਾ ਸੀ।
ਉਨ੍ਹਾਂ ਦੀ ਇਸ ਹਾਲਤ ਵਿੱਚ ਵਧੀਕ ਪ੍ਰੀਮੀਅਰ ਜੇਮਜ਼ ਮੈਰੀਲੀਨੋ ਹੁਣ ਪ੍ਰੀਮੀਅਰ ਦਾ ਪਦ ਭਾਰ ਕਾਰਜਕਾਰੀ ਤੌਰ ਤੇ ਸੰਭਾਲ ਰਹੇ ਹਨ।

Install Punjabi Akhbar App

Install
×