ਆਸਟ੍ਰੇਲੀਆ ਅੰਦਰ ਕਰੋਨਾ ਵੈਕਸੀਨ ਦੇ ਵਿਤਰਣ ਨੂੰ ਲੈ ਕੇ ਡਾਕਟਰਾਂ ਵੱਲੋਂ ਅਪੀਲ -ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕਰੋਨਾ ਤੋਂ ਬਚਾਉ ਲਈ ਵੈਕਸੀਨ ਲੈਣ ਵਾਸਤੇ ਇੰਨੇ ਕਾਹਲੇ ਨਾ ਪੈਣ ਅਤੇ ਸ਼ਾਂਤੀ ਬਣਾ ਕੇ ਰੱਖਣ ਅਤੇ ਇਸ ਦੇ ਨਾਲ ਹੀ ਜੀ.ਪੀਆਂ ਆਦਿ ਨਾਲ ਵੀ ਕਿਸੇ ਕਿਸਮ ਦੀ ਗਲਤ ਬੋਲ-ਬਾਣੀ ਅਤੇ ਲਹਿਜ਼ੇ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਕ ਤੌਰ ਉਪਰ ਉਕਤ ਵੈਕਸੀਨ ਦੇ ਵਿਤਰਣ ਸਬੰਧੀ ਸਾਫ਼-ਸਾਫ਼ ਸ਼ਬਦਾਂ ਵਿੱਚ ਐਲਾਨਨਾਮੇ ਜ਼ਾਹਿਰ ਕਰੇ ਅਤੇ ਲੋਕਾਂ ਨੂੰ ਸਮਝਾਏ ਕਿ ਇਹ ਦਵਾਈ ਕਿਵੇਂ-ਕਿਵੇਂ, ਕਿੱਥੇ ਕਿੱਥੇ ਅਤੇ ਕਿਸ ਕਿਸ ਸਮੇਂ ਉਪਰ ਲੋਕਾਂ ਨੂੰ ਉਪਲੱਭਧ ਕਰਵਾਈ ਜਾਵੇਗੀ ਅਤੇ ਜਾਂ ਫੇਰ ਉਪਲੱਭਧ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਅੰਦਰ ਨਰਮੀ ਬਣੇ।
ਰਾਇਲ ਆਸਟ੍ਰੇਲੀਅਨ ਕਾਲੇਜ (ਜਨਰਲ ਪ੍ਰੈਕਟਿਸ਼ਨਰਜ਼) ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਆਪਣਾ ਗੁੱਸਾ ਜੀ.ਪੀਆਂ ਜਾਂ ਹੋਰ ਸਿਹਤ ਅਧਿਕਾਰੀਆਂ ਉਪਰ ਨਾ ਕੱਢਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨ।
ਪ੍ਰਧਾਨ ਡਾ. ਕੈਨਰ ਪ੍ਰਾਈਸ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਬੀਤੇ ਕੱਲ੍ਹ, ਬੁੱਧਵਾਰ ਦਾ ਦਿਨ, ਉਨ੍ਹਾਂ ਲਈ ਬਹੁਤ ਹੀ ਮੁਸ਼ਕਿਲਾਂ ਭਰਿਆ ਦਿਨ ਰਿਹਾ ਅਤੇ ਉਹ ਸਮਝ ਨਹੀਂ ਪਾ ਰਹੇ ਸਨ ਕਿ ਉਹ ਮਰੀਜ਼ਾਂ ਦੀਆਂ ਸਰਜਰੀਆਂ ਆਦਿ ਕਰਨ ਕਿ ਫੈਡਰਲ ਸਿਹਤ ਵਿਭਾਗ ਦੇ ਆਨਲਾਈਨ ਕਰੋਨਾ ਵੈਕਸੀਨ ਬੁਕਿੰਗ ਸਿਸਟਮ ਵਿੱਚ ਹੋਈ ਗੜਬੜੀ ਵੱਲ ਧਿਆਨ ਦੇਣ….।
ਦਰਅਸਲ ਸਰਕਾਰ ਨੇ ਬੀਤੇ ਕੱਲ੍ਹ ਕਰੋਨਾ ਦੇ 1ਬੀ ਪੜਾਅ ਤਹਿਤ ਐਸਟ੍ਰੇਜ਼ੈਨੇਕਾ ਦਵਾਈ ਦੇ ਵਿਤਰਣ ਵਾਸਤੇ ਕਲਿਨਿਕਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਇਸ ਤੋਂ ਬਾਅਦ ਹੀ ਲੋਕਾਂ ਦੀਆਂ ਕਾਲਾਂ ਜੀ.ਪੀਆਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਕਈ ਲੋਕਾਂ ਨੇ ਤਾਂ ਜਲਦਬਾਜ਼ੀ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਸਟਾਫ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਗਲਤ ਸ਼ਬਦਾਵਲੀ ਵੀ ਵਰਤੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਵੈਕਸੀਨ ਦੇ ਵਿਤਰਣ ਸਬੰਧੀ ਪੈਦਾ ਹੋਈਆਂ ਖਾਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਅਤੇ ਨਾਲ ਹੀ ਲੋਕਾਂ ਨੂੰ ਵੀ ਇਸ ਗੱਲੋਂ ਅਵਗਤ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਲੋਕ ਕਿਸੇ ਫਰੰਟ ਲਾਈਨ ਵਰਕਰ ਦੇ ਖ਼ਿਲਾਫ਼ ਅਜਿਹਾ ਕੁੱਝ ਨਾ ਬੋਲਣ ਜਿਸ ਨਾਲ ਉਸਦੇ ਵੱਕਾਰ ਨੂੰ ਸੱਟ ਲੱਗੇ।

Install Punjabi Akhbar App

Install
×