ਪੁਲਾੜ ਖੋਜ ਵਿਗਿਆਨ ਖੇਤਰ ‘ਚ ਕੰਮ ਕਰਦੀ ਪ੍ਰਿਆ ਨੂੰ ਅਮਰੀਕਾ ਵੱਲੋਂ ਡਾਕਟਰੇਟ ਡਿਗਰੀ ਲਈ ਸੱਦਾ

  • ਇਹ ਮੁਕਾਮ ਹਾਸਲ ਕਰਨ ਵਾਲੀ ਪੰਜਾਬ ਦੀ ਇੱਕੋ ਇੱਕ ਵਿਦਿਆਰਥਣ
(ਪ੍ਰਿਆ ਗਰਗ ਆਪਣੇ ਮਾਂ ਬਾਪ ਨਾਲ ਮੈਰੀਲੈਂਡ ਯੂਨੀਵਰਸਿਟੀ ਅਮਰੀਕਾ ਦਾ ਸੱਦਾ ਪੱਤਰ ਦਿਖਾਉਂਦੀ ਹੋਈ)
(ਪ੍ਰਿਆ ਗਰਗ ਆਪਣੇ ਮਾਂ ਬਾਪ ਨਾਲ ਮੈਰੀਲੈਂਡ ਯੂਨੀਵਰਸਿਟੀ ਅਮਰੀਕਾ ਦਾ ਸੱਦਾ ਪੱਤਰ ਦਿਖਾਉਂਦੀ ਹੋਈ)

ਬਠਿੰਡਾ/ 4 ਅਗਸਤ/ — ਪੁਲਾੜ ਖੋਜ ਵਿਗਿਆਨ ਦੇ ਖੇਤਰ ਵਿੱਚ ਅੰਤਰਰਾਜੀ ਵਿਦਿਆਰਥੀਆਂ ਦੇ ਗਰੁੱਪ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਇਸ ਸ਼ਹਿਰ ਦੀ ਧੀ ‘ਪ੍ਰਿਆ ਗਰਗ’ ਨੂੰ ਅਮਰੀਕਾ ਦੀ ਪ੍ਰਸਿੱਧ ਮੈਰੀਲੈਂਡ ਯੂਨੀਵਰਸਿਟੀ ਨੇ ਐਰੋਸਪੇਸ ਇੰਜਨੀਅਰਿੰਗ ਵਿੱਚ ਡਾਕਟਰੇਟ ਦੀ ਡਿਗਰੀ ਵਾਸਤੇ ਸੱਦਾ ਦਿੱਤਾ ਹੈ। ਸਪੇਸ ਸ਼ਟਲ ਵਿੱਚ ਵਰਤੇ ਜਾਂਦੇ ਫਿਊਲ ਨੂੰ ਹੋਰ ਵੱਧ ਹਲਕਾ ਤੇ ਕਿਫਾਇਤੀ ਬਣਾਉਣ ਤੇ ਖੋਜ ਕਰਨ ਵਾਲੀ ਅਤੇ ਇਹ ਮੁਕਾਮ ਹਾਸਲ ਕਰਨ ਵਾਲੀ ਪੰਜਾਬ ਦੀ ਇੱਕੋ ਇੱਕ ਵਿਦਿਆਰਥਣ ਹੈ, ਜਿਸਦੀ ਪ੍ਰਾਪਤੀ ਤੇ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ: ਗੌਲਨਰ ਦੀ ਅਗਵਾਈ ਵਿੱਚ ਡਾਕਟਰੇਟ ਦੀ ਪੜ੍ਹਾਈ ਦਾ ਖਰਚਾ ਕਰੀਬ 30 ਲੱਖ ਰੁਪਏ ਸਲਾਨਾ ਯੂਨੀਵਰਸਿਟੀ ਵੱਲੋਂ ਹੀ ਅਦਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖੋਜ ਕਾਰਜ ਦੌਰਾਨ ਪ੍ਰਿਆ ਗਰਗ ਨੂੰ ਐਰੋਸਪੇਸ ਇੰਜਨੀਅਰਿੰਗ ਦੀਆਂ ਬੀ ਟੈੱਕ ਦੀਆਂ ਕਲਾਸਾਂ ਨੂੰ ਪੜ੍ਹਾਉਣ ਦਾ ਕੰਮ ਵੀ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਪ੍ਰਿਆ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਇਟਲੀ ਦੀ ਪੌਲੀਟੈਕਨੀਕੋ ਡੀ ਮੀਲਾਨੋ ਯੂਨੀਵਰਸਿਟੀ ਨੇ ਉਸਨੂੰ ਗੋਲਡ ਸਕਾਲਰਸਿਪ ਦਿੰਦੇ ਹੋਏ ਐਰੋਸਪੇਸ ਇੰਜਨੀਅਰਿੰਗ ਦੀ ਮਾਸਟਰ ਡਿਗਰੀ ਕਰਨ ਦਾ ਸੱਦਾ ਦਿੱਤਾ ਸੀ। ਉਸਨੇ ਅਮਰੀਕਾ, ਮੈਕਸੀਕੋ ਆਦਿ ਕਈ ਦੇਸਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛਡਦੇ ਹੋਏ 94.5 ਫੀਸਦੀ ਅੰਕਾਂ ਨਾਲ ਇਹ ਡਿਗਰੀ ਹਾਸਲ ਕੀਤੀ ਸੀ। ਵਰਨਣਯੋਗ ਹੈ ਕਿ ਪ੍ਰਿਆ ਦੀ ਖੋਜ ਦਾ ਵਿਸ਼ਾ ਸਪੇਸ ਸ਼ਟਲ ਵਿੱਚ ਵਰਤੇ ਜਾਂਦੇ ਫਿਊਲ ਨੂੰ ਹੋਰ ਵੱਧ ਹਲਕਾ ਤੇ ਕਿਫਾਇਤੀ ਬਣਾਉਣਾ ਹੈ। ਮਾਸਟਰ ਡਿਗਰੀ ਦੌਰਾਨ ਇਸ ਵਿਸ਼ੇ ਤੇ ਲਿਖੇ ਥੀਸਿਸ ਵਿੱਚ ਸੌ ਫੀਸਦੀ ਅੰਕ ਹਾਸਲ ਕਰਨ ਵਾਲੀ ਉਹ ਇੱਕੋ ਇੱਕ ਵਿਦਿਆਰਥਣ ਹੈ।
ਇਸ ਸ਼ਹਿਰ ਦੇ ਕਾਰੋਬਾਰੀ ਸ੍ਰੀ ਹੇਮ ਰਾਜ ਗਰਗ ਤੇ ਸ੍ਰੀਮਤੀ ਨਿਰਮਲਾ ਗਰਗ ਦੀ ਬੇਟੀ ਪ੍ਰਿਆ ਗਰਗ ਆਪਣੀ ਇਸ ਪ੍ਰਾਪਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦੀ ਹੋਈ ਭਾਰਤ ਦੀ ਵਿਸ਼ਵ ਪ੍ਰਸਿੱਧ ਪੁਲਾੜ ਵਿਗਿਆਨੀ ਮਰਹੂਮ ਕਲਪਨਾ ਚਾਵਲਾ ਨੂੰ ਆਪਣਾ ਰੋਲ ਮਾਡਲ ਤੇ ਪ੍ਰੇਰਨਾ ਸਰੋਤ ਮੰਨਦੀ ਹੈ। ਉਸਦਾ ਕਹਿਣਾ ਹੈ ਕਿ ਮੈਰੀਲੈਂਡ ਯੂਨੀਵਰਸਿਟੀ ਤੋਂ ਐਰੋਸਪੇਸ ਇੰਜਨੀਅਰਿੰਗ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਉਪਰੰਤ ਉਸ ਵਾਸਤੇ ਦੁਨੀਆਂ ਭਰ ਦੀਆਂ ਪੁਲਾਜ ਖੋਜ ਏਜੰਸੀਆਂ ਵਿੱਚ ਕੰਮ ਕਰਨ ਦੇ ਬੇਸ਼ੁਮਾਰ ਮੌਕੇ ਮਿਲਣਗੇ। ਉਸਨੇ ਦੱਸਿਆ ਕਿ ਸਾਲ 2014 ‘ਚ ਉਸਨੇ ਤਾਮਿਲਨਾਡੂ ਦੀ ਐਸ ਆਰ ਐਮ ਯੂਨੀਵਰਸਿਟੀ ਤੋਂ ਐਰੋਸਪੇਸ ਇੰਜਨੀਅਰਿੰਗ ਦੀ ਬੀ ਟੈੱਕ ਦੀ ਡਿਗਰੀ 93.75 ਫੀਸਦੀ ਅੰਕਾਂ ਨਾਲ ਹਾਸਲ ਕਰਕੇ ਕੁਲ 140 ਵਿਦਿਆਰਥੀਆਂ ਚੋਂ ਤੀਜਾ ਸਥਾਨ ਹਾਸਲ ਕੀਤਾ ਸੀ।
ਪ੍ਰਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਖੇ ਸਤੰਬਰ 2013 ਨੂੰ ਅਡਵਾਂਸ ਇਨ ਮਕੈਨੀਕਲ ਆਟੋਮੋਬਾਈਲ ਐਂਡ ਐਰੋਸਪੇਸ ਇੰਜਨੀਅਰਿੰਗ ਵਿਸ਼ੇ ਤੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਦੁਆਰਾ ਉਸਦੇ ਪੇਪਰ ਮੈਗਨੈਟਿਕ ਜਰਨੀ ਆਫ ਸਪੇਸ ਸ਼ਟਲ ਨੂੰ ਪ੍ਰਵਾਨ ਕਰਕੇ ਪ੍ਰਕਾਸਿਤ ਕਰਨ ਨੂੰ ਆਪਣੀ ਵੱਡੀ ਪ੍ਰਾਪਤੀ ਦਸਦੀ ਹੈ। ਉਸਨੇ ਦੱਸਿਆ ਕਿ ਇਸਤੋਂ ਇਲਾਵਾ ਜਨਵਰੀ 2018 ਵਿੱਚ ਇੰਟਰਨੈਸਨਲ ਪ੍ਰਸਿੱਧ ਜਨਰਲ ਪ੍ਰੋਪੈਲੈਂਟਸ, ਐਕਸਪਲੋਜਿਵ, ਪਾਇਰੋਟੈਕਨਿਕ ਨੇ ਉਸਦੇ ਖੋਜ ਪੇਪਰ ‘ਫਰੈਗਮੈਂਟੇਸ਼ਨ ਆਫ ਅਮੋਨੀਅਮ ਨਾਈਟਰੇਟ ਪਾਰਟੀਕਲਸ ਅੰਡਰ ਥਰਮਲ ਸਾਈਕਲਿੰਗ’ ਨੂੰ ਪ੍ਰਵਾਨ ਕਰਕੇ ਇਸ ਜਨਰਲ ਦੀ ਜਿਲਦ 43 ਦੇ ਇਸ਼ੂ 1 ਵਿੱਚ ਪ੍ਰਕਾਸ਼ਿਤ ਕਰਕੇ ਉਸਦੀ ਪ੍ਰਤਿਭਾ ਨੂੰ ਮਾਨਤਾ ਦਿੱਤੀ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×
Enable Notifications    OK No thanks