ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਇਕੱਤਰਤਾ ਦੌਰਾਨ ਸਭਾ ਪ੍ਰਧਾਨ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਾਹਿਤ ਸਭਾ ਦੇ ਸਰਪ੍ਰਸਤ ਅਤੇ ਉਘੇ ਲੇਖਕ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਡੀ.ਲਿਟ ਦੀ ਡਿਗਰੀ’ ਪ੍ਰਦਾਨ ਕਰਨ ਤੇ ਵਾਈਸ ਚਾਂਸਲਰ ਸਾਹਿਬ ਡਾ. ਜਸਪਾਲ ਸਿੰਘ ਦਾ ਧੰਨਵਾਦ ਕੀਤਾ ਹੈ। ਅੱਜ ਯੂਨੀਵਰਸਿਟੀ ਵਿਖੇ ਆਯੋਜਿਤ 38ਵੀਂ ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਕਪਤਾਨ ਸਿੰਘ ਸੋਲੰਕੀ ਹੋਰਾਂ ਪਾਸੋਂ ਇਹ ਆਨਰੇਰੀ ਡਿਗਰੀ ਪ੍ਰਾਪਤ ਕਰਨ ਵਾਲੇ ਪ੍ਰੋਫੈਸਰ ਕਸੇਲ ਪਿਛਲੇ ਲਗਭਗ ਪੱਚੀ ਸਾਲਾਂ ਤੋਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਨਾਲ ਜੁੜੇ ਹੋਏ ਹਨ। ਡਾ. ‘ਆਸ਼ਟ’ ਨੇ ਦੱਸਿਆ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਨਾਵਲਨਿਗਾਰੀ, ਵਾਰਤਕ, ਅਨੁਵਾਦ ਅਤੇ ਬਾਲ ਸਾਹਿਤ ਅਤੇ ਹੋਰਨਾਂ ਖੇਤਰਾਂ ਵਿਚ ਵਿਚ ਉਹਨਾਂ ਨੇ ਲਗਭਗ ਇਕ ਸੌ ਪੁਸਤਕਾਂ ਲਿਖ ਕੇ ਇਤਿਹਾਸਕ ਭੂਮਿਕਾ ਨਿਭਾਈ ਹੈ ਜੋ ਨਵੀਂ ਪੀੜ੍ਹੀ ਦੇ ਲਿਖਾਰੀਆਂ ਅਤੇ ਖੋਜਾਰਥੀਆਂ ਲਈ ਪ੍ਰੇਰਣਾ ਸ੍ਰੋਤ ਹੈ।
ਇਸ ਮੌਕੇ ਸਭਾ ਦੀ ਕਾਰਜਕਾਰਨੀ ਦੇ ਮੈਂਬਰ ਕੁਲਵੰਤ ਸਿੰਘ, ਕੁਲਵੰਤ ਸਿੰਘ ਗਰੇਵਾਲ, ਡਾ. ਰਾਜਵੰਤ ਕੌਰ ਪੰਜਾਬੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਹਰਪ੍ਰੀਤ ਰਾਣਾ,ਦਵਿੰਦਰ ਪਟਿਆਲਵੀ ਆਦਿ ਸ਼ਾਮਲ ਸਨ।