“ਜਸ਼ਨ-ਏ-ਦਿਵਾਲੀ 2019” ਪ੍ਰੋਗਰਾਮ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

5febc8b4-6cb6-4909-bb1f-b205389fa5d4

ਫਰਿਜ਼ਨੋ, ਕੈਲੀਫੋਰਨੀਆਂ 4’ਨਵੰਬਰ —ਰੋਜ਼ਾਨਾ ਕੰਮਾਂ-ਕਾਰਾ ਦੇ ਰੁਝੇਵਿਆਂ ਵਿੱਚ ਰੁੱਝੇ  ਵਿਦੇਸਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਹਮੇਸਾ ਤਾਂਘ ਰਹਿੰਦੀ ਹੈ ਕਿ ਚੰਗੇ ਸਾਹਿੱਤਕ ਅਤੇ ਪਰਿਵਾਰਕ ਵੰਨਗੀ ਦੇ ਗੀਤਾਂ ਨੂੰ ਸੁਣਿਆ ਜਾਵੇ।  ਭਾਰਤ ਤੋਂ ਬੁਲਾਏ ਕਲਾਕਾਰ ਬਹੁਤੀ ਵਾਰ ਉਨ੍ਹਾਂ ਦੀਆ ਉਮੀਦਾ ‘ਤੇ ਪੂਰੇ ਨਹੀਂ ਉਤਰਦੇ। ਇਸੇ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਸੁਪਨੇ ਨੂੰ “ਆਸੀਆਨਾ ਟਰੈਵਲ” ਦੇ ਸੰਸਥਾਪਕ ਤਰਨ ਸਿੰਘ ਦੁਆਰਾਂ ਜਸਵੰਤ ਮਹਿੰਮੀ, ਮਲਕੀਅਤ ਮੀਤ ਅਤੇ ਕੁਲਵੰਤ ਉੱਭੀ ਧਾਲੀਆਂ ਦੇ ਸਹਿਯੋਗ ਨਾਲ ਬਣਾਏ ਗਰੁੱਪ ‘ਫਰਿਜ਼ਨੋ ਡਰੀਮਜ਼’ ਦੇ ਕਲਾਕਾਰਾਂ ਨੇ ਆਪਣੇ ਦੂਸਰੇ ਸਲਾਨਾ ਪ੍ਰੋਗਰਾਮ ‘ਜਸ਼ਨ-ਏ-ਦਿਵਾਲੀ 2019’ ਰਾਹੀ ਸਾਕਾਰ ਕਰ ਇਕ ਨਵਾਂ ਮੀਲ ਪੱਥਰ ਗੱਡ ਦਿੱਤਾ। ਇਸ ਪ੍ਰੋਗਰਾਮ ਵਿੱਚ ਸਾਮਲ ਸਾਰੇ ਕਲਾਕਾਰ ਕੈਲੀਫੋਰਨੀਆ ਦੇ ਨਿਵਾਸੀ ਸਨ। ਇਲਾਕੇ ਦਾ ਇਹ ਅਜਿਹਾ ਪ੍ਰੋਗਰਾਮ ਸੀ ਜਿਸ ਨੂੰ ਫਰਿਜ਼ਨੋ ਦੇ ‘ਵੈਟਰਨ ਮੈਮੋਰੀਅਲ ਆਡੀਉਟੋਰੀਅਮ’ ਵਿੱਚ ਕਰਵਾਇਆਂ ਗਿਆ ਅਤੇ ਜਿਸ ਵਿੱਚ ਸਾਢੇ ਚਾਰ ਘੰਟੇ ਤੋਂ ਵਧੀਕ ਬੈਠ ਸ੍ਰੋਤਿਆਂ ਨੇ ਭਰਪੂਰ ਅਨੰਦ ਮਾਣਿਆਂ।

image

ਪ੍ਰੋਗਰਾਮ ਦੀ ਸੁਰੂਆਤ ਕੁਲਵੰਤ ਉੱਭੀ ਧਾਲੀਆਂ ਅਤੇ ਮਲਕੀਅਤ ਮੀਤ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ। ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਰਾਜ ਬਰਾੜ ਨੇ ਧਾਰਮਿਕ ਗੀਤਾਂ ਰਾਹੀ ਆਗਾਜ ਕੀਤਾ। ਇਸ ਉਪਰੰਤ ਚੱਲੇ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਗਾਇਕ ਬਹਾਦਰ ਸਿੱਧੂ, ਗੌਗੀ ਸੰਧੂ, ਅਵਤਾਰ ਗਰੇਵਾਲ, ਬਾਈ ਸੁਰਜੀਤ ਮਾਛੀਵਾੜਾ, ਗਾਇਕਾ ਜੋਤ ਰਣਜੀਤ ਕੌਰ, ਜਗਦੇਵ ਸਿੰਘ ਧੰਜ਼ਲ, ਜੇ. ਰਸੀਆ ਅਤੇ ਧਰਮਵੀਰ ਥਾਂਦੀ ਨੇ ਆਪਣੇ-ਆਪਣੇ ਅੰਦਾਜ ਵਿੱਚ ਗਾਇਕੀ ਕਰਦੇ ਹੋਏ ਸ੍ਰੋਤਿਆਂ ਨੂੰ ਕੀਲੀ ਰੱਖਿਆਂ। ਜਦ ਕਿ ਅੱਠ ਸਾਲ ਦੇ ਛੋਟੇ ਬੱਚੇ ਅਮਨਜੋਤ ਨੇ ਗਾਇਕੀ ਰਾਹੀ ਵੱਡੇ ਧਮਾਕੇ ਕਰ ਸਭ ਦਾ ਮਨ ਮੋਹ ਲਿਆ। ਇਸੇ ਸਮੇਂ ‘ਫਰਿਜ਼ਨੋ ਡਰੀਮਜ਼’ ਵੱਲੋਂ ਚਲਾਏ ਜਾ ਰਹੇ ਬੱਚਿਆ ਨੂੰ ਗੀਤ-ਸੰਗੀਤ, ਗਿੱਧਾ-ਭੰਗੜਾ, ਐਕਟਿੰਗ ਆਦਿਕ ਸੈਂਟਰ ਦੇ ਬੱਚਿੱਆ ਨੇ ਦਵਿੰਦਰ ਕੌਰ ਸੰਘਾ ਦੀ ਨਿਰਦੇਸ਼ਨਾ ਹੇਠ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਤਰਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਟੇਜ਼ ਤੋਂ ਸਮੂੰਹ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ‘ਤਰਕਸ਼ ਏਅਰ ਲਾਈਨ’ ਦੀਆ ਟਿਕਟਾ ਰੈਫਲ ਡਰਾਅ ਰਾਹੀ ਕੱਢੀਆਂ ਗਈਆ। ਸਟੇਜ਼ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾ-ਖੂਬੀ ਕੀਤਾ। ਸਮੂੰਹ ਹਾਜਰੀਨ ਲਈ ਪ੍ਰਬੰਧਕਾਂ ਵੱਲੋਂ ਹਰ ਪ੍ਰਕਾਰ ਦੇ ਸੁਆਦਿਸਟ ਖਾਣਿਆਂ ਦਾ ਪ੍ਰਬੰਧ ਕਰਕੇ ਸਾਂਝੀ ਦਿਵਾਲੀ ਵਾਲਾ ਪਰਿਵਾਰਿਕ ਮਹੌਲ ਸਿਰਜਿਆਂ ਗਿਆ ਸੀ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ‘ਫਰਿਜ਼ਨੋ ਡਰੀਮਜ’ ਦੇ ਸਮੂੰਹ ਪ੍ਰਬੰਧਕ ਅਤੇ ਕਲਾਕਾਰ ਵਧਾਈ ਦੇ ਪਾਤਰ ਹਨ।