ਹਰੇਕ ਵਰ੍ਹੇ ਦੀ ਤਰਾਂ ਕਰੇਗੀਬਰਨ ਫਾਲਕਨ ਹਾਕੀ ਕਲੱਬ ਵੱਲੋਂ “ਦੀਵਾਲੀ ਅਤੇ ਬੰਦੀ ਛੋੜ ਦਿਵਸ ਹਾਕੀ ਕੱਪ” ਕਰਵਾਇਆ ਜਾ ਰਿਹਾ ਹੈ। ਬੀਤੇ ਸਾਲਾਂ ਦੌਰਾਨ ਇਹ ਕੱਪ ਇੱਕ ਦਿਨ ਲਈ ਹੁੰਦਾ ਸੀ, ਪਰ ਐਤਕੀਂ ਤਿੰਨ ਦਿਨ 4,5 ਅਤੇ 6 ਨਵੰਬਰ ਨੂੰ ਹਾਕੀ ਦੇ ਖਿਡਾਰੀ ਆਪਣੇ ਜੌਹਰ ਵਿਖਾਉਣਗੇ।
ਇਸ ਬਾਬਿਤ ਹੋਰ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਕਾਕਾ ਹੁਰਾਂ ਨੇ ਦੱਸਿਆ ਕਿ 450 ਗ੍ਰੈਂਡ ਬੁਲੇਵਾਰਡ ਕਰੇਗੀਬਰਨ ਵਿਖੇ ਸਥਿੱਤ ਸ਼ਾਨਦਾਰ ਖੇਡ ਮੈਦਾਨ ਵਿੱਚ ਮਰਦਾਂ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਹੋਣਗੇ, ਅਤੇ ਔਰਤ ਵਰਗ ਵਿੱਚ ਚਾਰ ਟੀਮਾਂ ਭਾਗ ਲੈਣਗੀਆਂ। ਹਰ ਵਰ੍ਹੇ ਵਿਕਟੋਰੀਆ ਪੁਲਿਸ ਅਤੇ ਕਲੱਬ ਦਾ ਸ਼ੋ ਮੈਚ ਹੁੰਦਾ ਹੈ, ਜਿਸਦਾ ਪੂਰੀ ਉਤਸਕਤਾ ਨਾਲ ਅਨੰਦ ਮਾਣਿਆ ਜਾਂਦਾ ਹੈ, ਉਹ ਮੈਚ ਆਖ਼ਿਰੀ ਦਿਨ ਫਾਈਨਲ ਮੁਕਾਬਲਿਆਂ ਤੋਂ ਪਹਿਲਾਂ ਆਥਣੇ ਤਿੰਨ ਵਜੇ ਹੋਵੇਗਾ।
ਇਸ ਹਾਕੀ ਕੱਪ ਦਾ ਦਾਖਲਾ ਮੁਫ਼ਤ ਹੈ, ਅਤੇ ਹਾਕੀ ਦੇ ਖੇਡ ਮੁਕਾਬਲਿਆਂ ਤੋਂ ਬਿਨਾ ਬੱਚਿਆਂ ਦੀਆਂ ਖੇਡ ਗਤੀਵਿਧੀਆਂ, ਸੱਭਿਆਚਾਰਕ ਵੰਨਗੀਆਂ ਅਤੇ ਮੁਫ਼ਤ ਖਾਣ ਪੀਣ ਦਾ ਪ੍ਰਬੰਧ ਵੀ ਹੋਵੇਗਾ। ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਬਜੁਰਗਾਂ ਅਤੇ ਬੱਚਿਆਂ ਸਮੇਤ ਹਾਜ਼ਿਰੀ ਲਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।