ਜ਼ਿਲਾ ਕਾਂਗਰਸ ਕਮੇਟੀ ਵਲੋਂ 136ਵੇਂ ਸਥਾਪਨਾ ਦਿਵਸ ਮੌਕੇ ਦੇਸ਼ ਭਗਤਾਂ ਦੇ ਪਰਿਵਾਰ ਸਨਮਾਨਿਤ

ਦੇਸ਼ ਭਰ ਦੇ ਇਨਸਾਫ ਪਸੰਦ ਲੋਕ ਕਿਸਾਨ ਅੰਦੋਲਨ ਵਿੱਚ ਪਾ ਰਹੇ ਹਨ ਹਿੱਸਾ: ਸੰਧੂ

ਕੋਟਕਪੂਰਾ:- ਕਾਂਗਰਸ ਪਾਰਟੀ ਦਾ 136ਵਾਂ ਸਥਾਪਨਾ ਦਿਵਸ ਨਿਵੇਕਲੇ ਢੰਗ ਮਨਾਉਂਦਿਆਂ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਜਿੱਥੇ ਜਿਲੇ ਭਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਕਿਸਾਨ ਅੰਦੋਲਨ ‘ਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ, ਉੱਥੇ ਕੁਝ ਅਜਾਦੀ ਦੇ ਪ੍ਰਵਾਨਿਆਂ ਅਰਥਾਤ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਕੇ ਉਨਾ ਦੀ ਹੌਂਸਲਾ ਅਫਜਾਈ ਕਰਦਿਆਂ ਮੰਨਿਆ ਕਿ ਦੇਸ਼ ਵਾਸੀਆਂ ਨੂੰ ਉਨਾਂ ਦੇ ਵਡੇਰਿਆਂ ਵਲੋਂ ਅਜਾਦੀ ਦੇ ਸੰਘਰਸ਼ ‘ਚ ਪਾਏ ਯੋਗਦਾਨ ‘ਤੇ ਬਹੁਤ ਮਾਣ ਹੈ। ਸਥਾਨਕ ਮੋਗਾ ਸੜਕ ‘ਤੇ ਸਥਿੱਤ ਬੱਸ ਅੱਡੇ ਨੇੜੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਦਿਆਂ ਵੱਡੇ ਸੰਘਰਸ਼ਾਂ ਦੀ ਅਗਵਾਈ ਕਰਕੇ ਦੇਸ਼ ਨੂੰ ਅਜ਼ਾਦ ਕਰਵਾਇਆ ਤੇ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਸਮੇਂ-ਸਮੇਂ ਲੋਕਪੱਖੀ ਨੀਤੀਆਂ ਬਣਾ ਕੇ ਦੇਸ਼ ਦਾ ਚੋਤਰਫਾ ਵਿਕਾਸ ਕੀਤਾ। ਇਸ ਮੌਕੇ ਪ੍ਰਦੀਪ ਕੁਮਾਰ ਕੁੱਕੀ ਚੋਪੜਾ, ਅਮਰਜੀਤ ਸਿੰਘ ਸੁੱਖਾ ਖਾਰਾ, ਰਾਜਨ ਦਿਉੜਾ, ਅਰੁਣ ਚਾਵਲਾ, ਗੁਰਜੋਤ ਬਰਾੜ, ਕੁਲਦੀਪ ਸਿੰਘ ਕਲੇਰ ਆਦਿ ਨੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ। ਉਪਰੰਤ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਨੇ ਨੇੜਲੇ ਪਿੰਡਾਂ ਖਾਰਾ, ਕੋਹਾਰਵਾਲਾ, ਰੋੜੀਕਪੂਰਾ ਅਤੇ ਬਰਗਾੜੀ ਵਿਖੇ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਹੌਂਦ ਬਚਾਉਣ ਲਈ ਅਤੇ ਨਵੀਂ ਪੀੜੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਕਿਸਾਨਾ ਵਲੋਂ ਕੀਤੇ ਜਾ ਰਹੇ ਸੰਘਰਸ਼ ‘ਚ ਤਨ, ਮਨ ਅਤੇ ਧੰਨ ਨਾਲ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨਾਂ ਪਿੰਡ ਬਰਗਾੜੀ ਵਿਖੇ ਦੇਸ਼ ਭਗਤ ਗੁਰਚਰਨ ਸਿੰਘ ਦੇ ਪੋਤਰੇ ਰੂਪ ਸਿੰਘ ਦਾ ਜਦਕਿ ਪਿੰਡ ਰੋੜੀਕਪੂਰਾ ਵਿਖੇ ਫਰੀਡਮਫਾਈਟਰ ਜੰਗੀਰ ਸਿੰਘ ਦੇ ਪੋਤਰੇ ਨਹਿਰੂ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕਰਦਿਆਂ ਆਖਿਆ ਕਿ ਇਨਾਂ ਅਜਾਦੀ ਦੇ ਪ੍ਰਵਾਨਿਆਂ ਵਲੋਂ ਕੀਤੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਅੱਜ ਅਜਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾ ਅਜਾਦੀ ਦੇ ਦੌਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਦੇਸ਼ ਭਗਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਦੇਸ਼ ਦੇ ਅੰਨ ਨਾਲ ਗੋਦਾਮ ਭਰਨ ਵਾਲੇ ਅਤੇ ਦੇਸ਼ ਨੂੰ ਖੁਰਾਕ ਪੱਖੋਂ ਆਤਮ-ਨਿਰਭਰ ਕਰਨ ਵਾਲੇ ਕਿਸਾਨਾ ਨੂੰ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ‘ਤੇ ਛੱਡ ਰਹੀ ਹੈ। ਪਰ ਕਾਂਗਰਸ ਪਾਰਟੀ ਹਮੇਸ਼ਾਂ ਹੀ ਕਿਸਾਨਾ-ਮਜਦੂਰਾਂ ਨਾਲ ਖੜੀ ਹੈ। ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਅੱਜ ਦੇਸ਼ ਵਿਦੇਸ਼ ਦੇ ਇਨਸਾਫ ਪਸੰਦ ਲੋਕਾਂ ‘ਚ ਸ਼ਾਮਲ ਕਿਸਾਨ, ਮਜਦੂਰ, ਵਪਾਰੀ, ਮੁਲਾਜਮ, ਵਿਦਿਆਰਥੀ ਅਤੇ ਪੱਤਰਕਾਰ ਕਿਸਾਨ ਅੰਦੋਲਨ ‘ਚ ਬਣਦਾ ਯੋਗਦਾਨ ਪਾ ਰਹੇ ਹਨ।

Install Punjabi Akhbar App

Install
×