1990 ਤੋਂ 2022 ਤੱਕ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਜਿਹੜੇ ਵੀ ਡਾਇਰੈਕਟਰ ਤਾਇਨਾਤ ਰਹੇ ਉਨ੍ਹਾਂ ਨਾਲ ਮੇਰਾ ਵਾਹ-ਵਾਸਤਾ ਬਣਿਆ ਰਿਹਾ। ਬਹੁਤਿਆਂ ਨੇ ਆਲੋਚਨਾ ਨੂੰ ਸਵੀਕਾਰ ਕੇ ਚੰਗੇ ਸਬੰਧ ਬਣਾਈ ਰੱਖੇ। ਕੁਝ ਨੇ ਪ੍ਰਸੰਸਾਂ ਵੇਲੇ ਵੱਡੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਪਰੰਤੂ ਆਲੋਚਨਾ ਬਰਦਾਸ਼ਤ ਨਾ ਕਰ ਸਕੇ। ਕੁਝ ਨੇ ਸਹਿਜ ਰਹਿੰਦਿਆਂ ਸਾਂਝ ਬਣਾਈ ਰੱਖੀ। ਕੁਝ ਨੇ ਤਿੱਖਾ ਪ੍ਰਤੀਕਰਮ ਵਿਅਕਤ ਕੀਤਾ।
ਕੁਝ ਇਕ ਦੂਰ-ਦੁਰਾਡੇ ਰਾਜਾਂ ਤੋਂ ਇਥੇ ਅਫ਼ਸਰ ਅਧਿਕਾਰੀ ਬਣ ਕੇ ਆਏ ਸਨ। ਉਨ੍ਹਾਂ ਨੂੰ ਨਾ ਪੰਜਾਬੀ ਬੋਲੀ ਆਉਂਦੀ ਸੀ ਨਾ ਉਨ੍ਹਾਂ ਦਾ ਪੰਜਾਬ ਅਤੇ ਪੰਜਾਬੀ ਲੋਕਾਂ ਨਾਲ ਮੋਹ ਤੇਹ ਸੀ । ਉਹ ਕੁਝ ਸਮਾਂ ਅਫ਼ਸਰੀ ਕਰਕੇ ਆਪੋ-ਆਪਣੇ ਥਾਂ ਟਿਕਾਣਿਆਂ ਨੂੰ ਵਾਪਿਸ ਪਰਤ ਗਏ। ਉਨ੍ਹਾਂ ਦਾ ਮੇਰੀ ਸਮੀਖਿਆ ਪ੍ਰਤੀ ਪ੍ਰਤੀਕਰਮ ਵੀ ਅਜਿਹਾ ਹੀ ਸੀ। ਕਦੇ ਕਦਾਈਂ ਮਿਲਦੇ ਤਾਂ ਕੋਈ ਹਿੰਦੀ ਵਿਚ ਗੱਲ ਕਰਦਾ, ਕੋਈ ਉਰਦੂ ਵਿਚ। ਆਮ ਧਾਰਨਾ ਹੈ ਕਿ ਜਦ ਤੱਕ ਤੁਹਾਨੂੰ ਕਿਸੇ ਖਿੱਤੇ ਦੀ ਬੋਲੀ ਤੇ ਸਭਿਆਚਾਰ ਦੀ ਮੁਢਲੀ ਜਾਣਕਾਰੀ ਨਹੀਂ ਜਦ ਤੱਕ ਤੁਸੀਂ ਉਸ ਖਿੱਤੇ ਦੇ ਜਨ-ਜੀਵਨ, ਉਥੋਂ ਦੇ ਸਾਹਿਤ, ਸੰਗੀਤ, ਕਲਾ ਨੂੰ ਨਹੀਂ ਸਮਝ ਸਕਦੇ ਅਤੇ ਇਸ ਸਥਿਤੀ ਵਿਚ ਤੁਸੀਂ ਉਥੋਂ ਦੇ ਟੈਲੀਵਿਜ਼ਨ ਪ੍ਰੋਗਰਾਮਾਂ ਨਾਲ ਵੀ ਇਨਸਾਫ਼ ਨਹੀਂ ਕਰ ਸਕਦੇ।
ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਪੰਜਾਬੀ ਡਾਇਰੈਕਟਰ ਵੀ ਤਾਇਨਾਤ ਰਹੇ ਹਨ ਅਤੇ ਗੈਰ-ਪੰਜਾਬੀ ਵੀ। ਕੁਝ ਨੇ ਮਾਹੌਲ ਨੂੰ ਹੁਲਾਰਾ ਦਿੱਤਾ, ਕੁਝ ਨਾ ਕੁਝ ਕਰਦੇ ਰਹੇ, ਡੀ ਡੀ ਪੰਜਾਬੀ ਦਾ ਜ਼ਿਕਰ ਛਿੜਦਾ ਰਿਹਾ। ਲੋਕ ਪ੍ਰੋਗਰਾਮਾਂ ਨਾਲ ਜੁੜੇ ਰਹੇ।
ਹਫ਼ਤਾਵਾਰ ਕਾਲਮ ਤੋਂ ਇਲਾਵਾ ਅਸੀਂ ਐਨ ਜੀ ਓ ਗਲੋਬਲ ਮੀਡੀਆ ਅਕੈਡਮੀ ਵੱਲੋਂ ਮੀਡੀਆ ਸਬੰਧੀ ਸੈਮੀਨਾਰ, ਐਵਾਰਡ ਨਾਈਟ ਅਤੇ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ ਦਾ ਆਯੋਜਨ ਕਰਦੇ ਰਹੇ। ਡਾ. ਦਲਜੀਤ ਸਿੰਘ, ਸ਼੍ਰੀ ਗੋਵਰਧਨ ਸ਼ਰਮਾ ਅਤੇ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਇਨ੍ਹਾਂ ਵਿਚ ਸਰਗਰਮ ਸ਼ਮੂਲੀਅਤ ਕਰਦੇ ਰਹੇ ਕਿਉਂਕਿ ਉਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਪ੍ਰਸੰਗ ਵਿਚ ਇਨ੍ਹਾਂ ਸਰਗਰਮੀਆਂ ਦੇ ਮਹੱਤਵ ਦੀ ਸਮਝ ਸੀ।
ਇਕ ਵਾਰ ਕਾਲਮ ਵਿਚ ਸੁਝਾਅ ਦਿੱਤਾ ਗਿਆ ਕਿ ਐਂਕਰਾਂ, ਨਿਊਜ਼ ਰੀਡਰਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ, ਪੰਜਾਬੀ ਦੇ ਸਹੀ ਤੇ ਸ਼ੁੱਧ ਉਚਾਰਨ ਦੇ ਮਹੱਤਵ ਨੂੰ ਸਮਝਣ ਸਮਝਾਉਣ ਲਈ ਸਮੇਂ-ਸਮੇਂ ਵਰਕਸ਼ਾਪਾਂ ਦਾ ਆਯੋਜਨ ਕਰਨਾ ਚਾਹੀਦਾ ਹੈ। ਮੈਂ ਹੈਰਾਨ ਸਾਂ ਕਿ ਥੋੜ੍ਹੇ ਦਿਨਾਂ ਬਾਅਦ ਡਾ. ਦਲਜੀਤ ਸਿੰਘ ਨੇ ਬਤੌਰ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਵਰਕਸ਼ਾਪ ਦਾ ਪ੍ਰਬੰਧ ਕੀਤਾ ਜਿਸ ਵਿਚ ਸਾਰੇ ਨਿਊਜ਼ ਰੀਡਰ, ਸਾਰੇ ਐਂਕਰ ਹਾਜ਼ਰ ਸਨ। ਮੈਂ ਉਸ ਵਰਕਸ਼ਾਪ ਦੌਰਾਨ ਸਾਰਾ ਸਮਾਂ ਮੌਜੂਦ ਰਿਹਾ ਅਤੇ ਮੁੱਲਵਾਨ ਸੁਝਾਅ ਦੇਣ ਦੀ ਕੋਸ਼ਿਸ਼ ਕੀਤੀ।
ਇਸੇ ਤਰ੍ਹਾਂ ਇਕ ਵਾਰ ਅਸੀਂ ʻਡੀ ਡੀ ਪੰਜਾਬੀ ਦਾ ਪੰਜ ਸਾਲ ਦਾ ਸਫ਼ਰʼ ਵਿਸ਼ੇ ʼਤੇ ਪ੍ਰੈਸ ਕਲੱਬ ਜਲੰਧਰ ਵਿਖੇ ਸੈਮੀਨਾਰ ਕਰਵਾਇਆ। ਸੈਮੀਨਾਰ ਢਾਈ ਘੰਟੇ ਚੱਲਿਆ। ਮੌਕੇ ਦੇ ਡਾਇਰੈਕਟਰ ਗੋਵਰਧਨ ਸ਼ਰਮਾ ਸਾਰਾ ਸਮਾਂ ਉਸ ਸੈਮੀਨਾਰ ਵਿਚ ਬੈਠੇ। ਸੈਮੀਨਾਰ ਦੌਰਾਨ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਦਾ ਭਰੋਸਾ ਦੇ ਕੇ ਗਏ। ਮੈਂ ਹੈਰਾਨ ਸਾਂ ਕਿ ਕੁਝ ਮਹੀਨਿਆਂ ਵਿਚ ਹੀ ਉਸ ਭਰੋਸੇ ਨੂੰ ਅਮਲੀ ਰੂਪ ਦੇ ਦਿੱਤਾ ਗਿਆ। ਦਰਅਸਲ ਉਦੋਂ ਹੀ ਡੀ ਡੀ ਪੰਜਾਬੀ ਦਾ ਮੂੰਹ-ਮੁਹਾਂਦਰਾ ਉਘੜਣ ਲੱਗਾ ਸੀ। ਬਾਅਦ ਵਿਚ ਡਾ. ਦਲਜੀਤ ਸਿੰਘ ਨੇ ਉਸਨੂੰ ਸਿਖ਼ਰ ʼਤੇ ਪਹੁੰਚਾ ਦਿੱਤਾ। ਉਹ ਸਮਾਂ ਡੀ ਡੀ ਪੰਜਾਬੀ ਦਾ ਸੁਨਿਹਰੀ ਸਮਾਂ ਸੀ।
ਫਿਰ ਉਹ ਸਮਾਂ ਵੀ ਆਇਆ ਜਦ ਹਲਕੇ ਤੇ ਗੈਰ-ਮਿਆਰੀ ਪ੍ਰੋਗਰਾਮਾਂ ਦੀ ਕਾਲਮ ਵਿਚ ਆਲੋਚਨਾ ਕਰਨ ʼਤੇ ਪ੍ਰੋਗਰਾਮ ਮੁਖੀ ਫੋਨ ਕਰਕੇ ਤਿੱਖੇ ਪ੍ਰਤੀਕਰਮ ਪ੍ਰਗਟਾਉਂਦੇ ਰਹੇ ਅਤੇ ਕਈ ਆਰ ਟੀ ਆਈ ਪਾਉਣ ਦੀਆਂ ਤਿਆਰੀਆਂ ਕਰਦੇ ਰਹੇ। ਆਲੋਚਨਾ ਪ੍ਰਤੀ, ਸਮੀਖਿਆ ਪ੍ਰਤੀ, ਕਾਲਮ ਪ੍ਰਤੀ, ਕਾਲਮਨਵੀਸ ਪ੍ਰਤੀ ਆਪਣਾ ਆਪਣਾ ਨਜ਼ਰੀਆ ਹੈ।
ਐਮ ਜੀ ਗੌਤਮ ਡਾਇਰੈਕਟਰ ਹੁੰਦੇ ਸਨ। ਕੁਝ ਗੱਲਾਂ ਨੂੰ ਲੈ ਕੇ ਚੰਗਾ ਵਿਵਾਦ ਛਿੜਿਆ ਹੋਇਆ ਸੀ। ਅਖ਼ਬਾਰਾਂ ਵਿਚ ਖ਼ੂਬ ਚਰਚਾ ਸੀ। ਮੈਂ ਕਾਲਮ ਦੇ ਅਖ਼ੀਰ ਵਿਚ ਲਿਖ ਦਿੱਤਾ ਕਿ ਅਗਲੇ ਹਫ਼ਤੇ ਇਸ ਮੁੱਦੇ ʼਤੇ ਗੱਲ ਕਰਾਂਗੇ। ਉਨ੍ਹਾਂ ਦੋ ਸੀਨੀਅਰ ਪ੍ਰੋਡਿਊਸਰਾਂ ਨੂੰ ਸਨੇਹਾ ਦੇ ਕੇ ਮੇਰੇ ਕਾਲਜ ਭੇਜਿਆ ਕਿ ਹੁਣ ਰਹਿਣ ਦਿਓ, ਪਹਿਲਾਂ ਹੀ ਬਹੁਤ ਰੌਲਾ ਪੈ ਗਿਆ ਹੈ।
ਕਿਸੇ ਚੈਨਲ ਦਾ ਕੀ ਪ੍ਰਭਾਵ ਬਣਦਾ ਹੈ ਇਹ ਪ੍ਰੋਗਰਾਮਾਂ ਦੀ ਰੂਪ-ਰੇਖਾ ʼਤੇ ਨਿਰਭਰ ਕਰਦਾ ਹੈ। ਪ੍ਰੋਗਰਾਮਾਂ ਦੀ ਰੂਪ-ਰੇਖਾ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਸਮਝ ਨਾਲ ਜੁੜਿਆ ਮਾਮਲਾ ਹੈ। ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਸਮਝ ਤੇ ਪੇਸ਼ਕਾਰੀ ਪ੍ਰਤੀਬੱਧਤਾ, ਮੁਹਾਰਤ, ਸਿੱਖਿਆ, ਸਭਾਅ ਅਤੇ ਸੁਹਜ-ਸਲੀਕੇ ਨਾਲ ਜੁੜੀ ਹੈ। ਇਹ ਸਾਰਾ ਕੁਝ ਇਕੱਠਾ ਇਕ ਥਾਂ ਮਿਲਣਾ ਵੀ ਤਾਂ ਮੁਸ਼ਕਲ ਹੈ।
(ਪ੍ਰੋ. ਕੁਲਬੀਰ ਸਿੰਘ)
9417153513