ਵਾਸ਼ਿੰਗਟਨ ਚ’ ਗੁਰੂ ਨਾਨਕ ਦੇਵ ਦੀ ਫ਼ਿਲਮ ਦੇ ਨਿਰਦੇਸ਼ਕ ਦਾ ਸਨਮਾਨ

ਵਾਸ਼ਿੰਗਟਨ, 14 ਨਵੰਬਰ  —ਅਮਰੀਕਾ ਦੀ ਰਾਜਧਾਨੀ  ਵਾਸ਼ਿੰਗਟਨ ਚ’ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਜਸ਼ਨਾਂ ਦੌਰਾਨ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਵਿਖੇ ਗੁਰੂ ਨਾਨਕ ਡਾਕੂਮੈਂਟਰੀ ਦੇ ਡਾਇਰੈਕਟਰ ਗੈਰਲਡ ਕਰੈਲ ਅਤੇ ਐਡਮ ਕਰੈਲ ਨੂੰ ਸਨਮਾਨਿਤ ਕੀਤਾ ਗਿਆ।ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਇੱਕ ਭਰੇ ਗੁਰਦੁਆਰਾ ਹਾਲ ਵਿੱਚ, ਗੈਰਲਡ ਕਰੈਲ ਨੂੰ ਗੁਰੂ ਨਾਨਕ ਸੇਵਾ ਅਵਾਰਡ 2019 ਦਿੱਤਾ ਗਿਆ। ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਉੱਤੇ ਸਭ ਤੋਂ ਪਹਿਲੀ ਦਸਤਾਵੇਜ਼ੀ ਫ਼ਿਲਮ ਨੈਸ਼ਨਲ ਪ੍ਰੈਸ ਕਲੱਬ ਵਿਖੇ 20 ਨਵੰਬਰ, 2019 ਨੂੰ ਪ੍ਰਦਰਸ਼ਿਤ ਕੀਤੀ ਜਾਣੀ ਹੈ। ਇਸ ਉਦਘਾਟਨੀ ਸਕ੍ਰੀਨਿੰਗ ਵਿਚ ਫਿਲਮ ਨਿਰਦੇਸ਼ਕ ਜੈਰੀ ਕ੍ਰੇਲ, ਅਮਰੀਕੀ ਰਾਜਨੀਤਿਕ ਨੇਤਾ ਅਤੇ ਪ੍ਰਮੁੱਖ ਧਾਰਮਿਕ ਆਗੂ ਅਤੇ ਲੇਖਕ ਮੌਜੂਦ ਹੋਣਗੇ। ਫਿਲਮ ਤੇ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਭੂਮਿਕਾ ਬਾਰੇ ਵੀ ਪੈਨਲ ਵਿਚਾਰ ਵਟਾਂਦਰੇ ਹੋਣਗੇ। ਪਿਛਲੇ ਮਹੀਨੇ ਜੈਰੀ ਕਰੈਲ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਇਸ ਫ਼ਿਲਮ ਕਰਕੇ ਲਾਸ ਏਂਜਲਸ ਫ਼ਿਲਮ ਮੇਲੇ ਚ ਮਿਲਿਆ ਹੈ ਜਿੱਥੇ ਵਿਸ਼ਵ ਤੋਂ 50 ਫਿਲਮਾਂ ਵੱਖ-ਵੱਖ ਵਿਸ਼ਿਆਂ ਤੇ ਪੇਸ਼ ਹੋਈਆ ਸਨ।ਪੀ.ਬੀ.ਐਸ ਨੈਸ਼ਨਲ ਚੈਨਲ ਆਉਣ ਵਾਲੇ ਮਹੀਨਿਆਂ ਵਿਚ ਇਸ ਫਿਲਮ ਨੂੰ ਪੂਰੇ ਅਮਰੀਕਾ ਦੇ 200 ਟੀਵੀ ਸਟੇਸ਼ਨਾਂ ‘ਤੇ ਪ੍ਰਦਰਸ਼ਤ ਕਰੇਗੀ। ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਮੁੱਖ ਨੁਕਤੇ ਬਿਆਨ ਕਰਨ ਤੋਂ ਇਲਾਵਾ, ਇਸ ਫਿਲਮ ਵਿਚ ਗ੍ਰਾਮੀ ਨਾਮਜ਼ਦ ਸਨਾਤਮ ਕੌਰ ਤੋਂ ਲੈ ਕੇ, ਅਮਰੀਕਾ ਦੇ ਪਹਿਲੇ ਸਿੱਖ ਮੇਅਰ, ਰਵੀ ਭੱਲਾ ਤੋਂ ਲੈ ਕੇ ਕਈ ਨਾਮਵਰ ਲੇਖਕਾਂ ਚਿੰਤਕਾਂ ਅਤੇ ਧਾਰਮਿਕ ਆਗੂਆਂ ਵੱਲੋਂ ਗੁਰੂ ਨਾਨਕ ਸਾਹਿਬ ਤੇ ਵਿਚਾਰ ਪ੍ਰਗਟ ਕੀਤੇ ਗਏ।