ਡਾਇਨਾਸੌਰ ਦਰਖ਼ਤ ਨੂੰ ਐਲਾਨਿਆ ਅੰਤਰਰਾਸ਼ਟਰੀ ਪੱਧਰ ਦਾ ਵਿਰਾਸਤੀ ਦਰਖ਼ਤ

ਨਿਊ ਸਾਊਥ ਵੇਲਜ਼ ਸਰਕਾਰ ਨੇ, ਬਲੂ ਮਾਊਂਟੇਨਜ਼ ਦੇ ਸੰਸਾਰ ਪ੍ਰਸਿੱਧ ਵਿਰਾਸਤੀ ਖੇਤਰ ਵਿਚਲੇ ਵੋਲੈਮੀ ਪਾਈਨ ਦਰਖ਼ਤ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਵਿਰਾਸਤੀ ਸੰਪਤੀ ਘੋਸ਼ਿਤ ਕੀਤਾ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦਰਖ਼ਤ ਦੀਆਂ ਪ੍ਰਜਾਤੀਆਂ ਨੂੰ ਕਾਨੂੰਨੀ ਤੌਰ ਤੇ ਅਗਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਅੰਦਰ ਕਈ ਕਈ ਦਰਖ਼ਤ ਤਾਂ ਅਨੁਮਾਨਿਤ ਤੌਰ ਤੇ ਹਜ਼ਾਰਾਂ ਸਾਲ ਪੁਰਾਣੇ ਪ੍ਰਮਾਣਿਤ ਕੀਤੇ ਜਾ ਚੁਕੇ ਹਨ। ਉਨ੍ਹਾਂ ਦੱਸਿਆ ਕਿ 1994 ਵਿੱਚ ਇਸ ਦੀ ਖੋਜ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਦਰਖ਼ਤ ਇੰਨੇ ਪੁਰਾਣੇ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਬਸ ਪਥਰਾਟ (ਫਾਸਿਲਜ਼) ਦੇ ਵਿਗਿਆਨੀਆਂ ਨੇ ਇਸ ਦਰਖ਼ਤ ਦੇ ਪਥਰਾਟਾਂ ਵਿੱਚ ਦੇਖਿਆ ਅਤੇ ਸਮਝਿਆ ਸੀ ਕਿ 90 ਮਿਲੀਅਨ ਸਾਲ ਪਹਿਲਾਂ ਇਹ ਦਰਖ਼ਤ ਮੌਜੂਦ ਸਨ। ਪਰੰਤੂ ਫੇਰ 1994 ਵਿੱਚ ਜਦੋਂ ਇਹ ਦਰਖ਼ਤ ਮੁੜ ਤੋਂ ਜੰਗਲਾਂ ਵਿੱਚ ਲੱਭੇ ਤਾਂ ਉਦੋਂ ਤੋਂ ਹੀ ਵਿਸ਼ਵ ਪੱਧਰ ਉਪਰ ਇਹ ਇੱਕ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ।

ਪਿੱਛਲੇ ਸਾਲ ਹੀ ਤਕਰੀਬਨ 12 ਮਹੀਨੇ ਪਹਿਲਾਂ ਆਰ.ਐਫ.ਐਸ. ਅਤੇ ਨੈਸ਼ਨਲ ਪਾਰਕ ਦੀ ਟੀਮ ਨੇ ਇਨ੍ਹਾਂ ਦਰਖ਼ਤਾਂ ਨੂੰ ਬਚਾਉਣ ਦੀਆਂ ਤਰਤੀਬਾਂ ਘੜੀਆਂ ਜਦੋਂ ਇਹ ਸੀਕਰੇਟ ਥਾਂ ਉਪਰ ਬੁਸ਼ਫਾਇਰ ਦੌਰਾਨ ਅੱਗ ਦੀ ਚਪੇਟ ਵਿੱਚ ਆਉਣ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਨਿਊ ਸਾਊਥ ਵੇਲਜ਼ ਸਰਕਾਰ ਨੇ 3 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਅੱਗ ਨਾਲ ਨਜਿੱਠਣ ਅਤੇ ਬਚਾਉ ਦੇ ਇੰਤਜ਼ਾਮਾਂ ਅੰਦਰ ਨਿਵੇਸ਼ ਕੀਤਾ ਅਤੇ ਇਸ ਵਿੱਚ ਇਹ ਦਰਖ਼ਤ ਵੀ ਮੌਜੂਦਾ ਸਕੀਮ ਦਾ ਹਿੱਸਾ ਹਨ। ਵਾਤਾਵਰਣ ਮੰਤਰੀ ਮੈਟ ਕੀਨ ਨੇ ਦੱਸਿਆ ਕਿ ਇਹ ਦਰਖ਼ਤ ਉਦੋਂ ਤੋਂ ਮੌਜੂਦ ਹਨ ਜਦੋਂ ਇਸ ਧਰਤੀ ਉਪਰ ਡਾਇਨਾਸੌਰ ਵਿਚਰਿਆ ਕਰਦੇ ਸਨ ਅਤੇ ਇਸੇ ਲਈ ਇਸ ਦਾ ਨਾਮ ਵੀ ਡਾਇਨਾਸੌਰ ਦਰਖ਼ਤ ਹੀ ਰੱਖਿਆ ਹੋਇਆ ਹੈ ਅਤੇ ਇਹ ਸਾਡੇ ਵਾਸਤੇ ਬਹੁਤ ਹੀ ਕੀਮਤੀ ਵਿਰਾਸਤ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਹੀ ਜ਼ਰੂਰੀ ਹੈ।

Install Punjabi Akhbar App

Install
×