
ਨਿਊ ਸਾਊਥ ਵੇਲਜ਼, ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਰਾਜ ਦੇ ਦ ਰਾਕਸ ਅਤੇ ਬਰੋਕਨ ਹਿਲਜ਼ ਖੇਤਰਾਂ ਅੰਦਰ ਖਾਣ-ਪੀਣ ਅਤੇ ਹੋਰ ਕੰਮ-ਧੰਦਿਆਂ ਨੂੰ ਬੜਾਵਾ ਦੇਣ ਵਾਸਤੇ ਸਰਕਾਰ ਵੱਲੋਂ ਡਾਈਨ ਐਂਡ ਡਿਸਕਵਰ ਸਕੀਮਾਂ ਦੇ ਤਹਿਤ ਨਵੇਂ ਟੈਸਟਿੰਗ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਵਾਸਤੇ 500 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਦੇ ਨਾਲ ਸਥਾਨਕ ਨਿਵਾਸੀਆਂ ਨੂੰ ਸਿੱਧਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿੱਚ ਭਾਵੇਂ ਕੈਫੇ ਹੋਣ ਅਤੇ ਜਾਂ ਫੇਰ ਰੈਸਟੋਰੈਂਟ, ਮਿਊਜ਼ਿਅਮ, ਵਾਈਲਡ ਲਾਈਫ ਪਾਰਕ ਆਦਿ, ਹਰ ਪਾਸੇ ਛੋਟੇ ਕੰਮ-ਧੰਦਿਆਂ ਨਾਲ ਹੀ ਕੰਮ ਚਲਦਾ ਹੈ ਅਤੇ ਇਹੋ ਛੋਟੇ ਛੋਟੇ ਕੰਮ-ਧੰਦੇ ਹੀ ਅਸਰ ਰਾਜ ਦੀ ਅਰਥ-ਵਿਵਸਥਾ ਦੀ ਰੀੜ੍ਹ ਹੁੰਦੇ ਹਨ ਅਤੇ ਇਨ੍ਹਾਂ ਨੂੰ ਕਿਸੇ ਪਾਸਿਉਂ ਵੀ ਨੁਕਸਾਨਿਆ ਨਹੀਂ ਜਾ ਸਕਦਾ। ਉਕਤ ਟੈਸਟਿੰਗ ਪ੍ਰੋਗਰਾਮਾਂ ਦੇ ਤਹਿਤ ਲੋਕਾਂ ਵੱਲੋਂ ਵਾਊਚਰਾਂ ਆਦਿ ਵਾਲੀਆਂ ਤਕਨੀਕਾਂ ਨੂੰ ਟੈਸਟ ਕਰਕੇ ਫੀਡਬੈਕ ਲਈ ਜਾ ਰਹੀ ਹੈ ਅਤੇ ਇਸ ਫੀਡਬੈਕ ਤੋਂ ਬਾਅਦ ਹੀ ਨਵੇਂ ਵਾਉਚਰ ਜਾਰੀ ਕੀਤੇ ਜਾ ਸਕਣਗੇ। ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਇਸ ਬਾਬਤ ਕਿਆ ਕਿ ਹਰ ਬਿਜਨਸ ਅਦਾਰੇ ਅਤੇ ਗ੍ਰਾਹਕਾਂ ਨੂੰ ਨਿਊ ਸਾਊਥ ਵੇਲਜ਼ ਦੀ ਸੇਵਾਵਾਂ ਵਾਲੀ ਐਪ ਨੂੰ ਜਲਦੀ ਤੋਂ ਜਲਦੀ ਆਪਣੇ ਆਪਣੇ ਮੋਬਾਇਲਾਂ ਵਿੱਚ ਡਾਊਨਲੋਡ ਕਰਕੇ ਇਨ੍ਹਾਂ ਜਨਤਕ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਅਜਿਹੀਆਂ ਸੇਵਾਵਾਂ ਦਾ ਦੂਸਰਾ ਪੜਾਅ ਵੀ ਇਸੇ ਮਹੀਨੇ ਦੇ ਅੰਤ ਤੱਕ -ਨਾਰਦਰਨ ਬੀਚਾਂ, ਸਿਡਨੀ ਸੀ.ਬੀ.ਡੀ. ਅਤੇ ਬੈਗਾ ਵੈਲੀ ਸ਼ਾਇਰ ਕਾਂਸਲਾਂ ਅਦਿ ਵਿੱਚ ਲਾਗੂ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਮਾਰਚ ਦੇ ਮਹੀਨੇ ਵਿੱਚ ਪੂਰੇ ਰਾਜ ਵਿੱਚ ਹੀ ਇਸਨੂੰ ਲਾਗੂ ਕਰ ਦਿੱਤਾ ਜਾਵੇਗਾ।
ਉਕਤ ਸਕੀਮਾਂ ਦੇ ਤਹਿਤ ਰਾਜ ਦਾ ਹਰ ਉਹ ਨਾਗਰਿਕ ਜਿਹੜਾ ਕਿ 18 ਸਾਲਾਂ ਤੋਂ ਵੱਧ ਉਮਰ ਦਾ ਹੈ, ਰਾਜ ਸਰਕਾਰ ਵੱਲੋਂ ਜਾਰੀ ਚਾਰ ਵਾਊਚਰ (25 ਡਾਲਰ) ਲੈ ਸਕਦਾ ਹੈ ਅਤੇ ਵਾਉਚਰਾਂ ਦੀ ਕੁੱਲ ਕੀਮਤ 100 ਡਾਲਰਾਂ ਦੀ ਬਣਦੀ ਹੈ ਅਤੇ ਇਨ੍ਹਾਂ ਵਾਊਚਰਾਂ ਨੂੰ ਉਹ ਕੈਫੇ, ਰੈਸਟੋਰੈਂਟ, ਮਿਊਜ਼ੀਅਮ, ਸਭਿਆਚਾਰਕ ਗਤੀਵਿਧੀਆਂ ਆਦਿ ਲਈ ਖਰਚ ਕਰ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਰਾਜ ਸਰਕਾਰ ਦੀ ਵੈਬਸਾਈਟ www.nsw.gov.au/covid-19/dine-and-discover-nsw ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।