ਸਾਹਿਤਕ ਗੀਤ, ‘ਦਿਲ ਦੇ ਝਨਾ’ ਦਾ ਪੋਸਟਰ ਜਾਰੀ

ਚੰਡੀਗੜ: ਸਰਬਜੀਤ ਭਗਵੰਤਪੁਰੀ, ਜਨਰਲ ਸਕੱਤਰ, ‘ਸੁਰ- ਸਾਂਝ ਕਲਾ ਮੰਚ (ਰਜਿ:)’ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਚਰਚਿਤ ਗਾਇਕ ਬਲਜੀਤ ਬੰਗੜ ਵੱਲੋਂ ਗਾਏ ਅਤੇ ਸੁਪ੍ਰਸਿੱਧ ਗੀਤਕਾਰ ਸੁਰਜੀਤ ਸੁਮਨ ਵੱਲੋਂ ਲਿਖੇ ਗੀਤ, ‘ਦਿਲ ਦੇ ਝਨਾ’ ਦਾ ਪੋਸਟਰ, ‘ਪੇਂਡੂ ਬੀਟ ਰਿਕਾਰਡਜ਼’ ਵੱਲੋਂ ਜਾਰੀ ਕੀਤਾ ਗਿਆ, ਜਿਸ ਗੀਤ ਨੂੰ ਕਮਾਲ-ਮਈ ਸੰਗੀਤਕ- ਛੋਹਾਂ ਦਿੱਤੀਆਂ ਹਨ ਲਾਲ- ਕਮਲ ਲਾਲੀ ਧਾਲੀਵਾਲ ਨੇ।  ਇਸ ਗੀਤ ਦੇ ਫ਼ਿਲਮਾਂਕਣ ਵਿੱਚ ਜਨਾਬ ਸੋਮ ਸਹੋਤਾ ਹੋਰਾਂ ਮਜ਼ਦੂਰ- ਕਿਸਾਨੀ ਪਿਛੋਕੜ ਦੇ ਇੱਕ ਪਰਿਵਾਰ ਦੇ ਤਿੰਨ ਭਰਾਵਾਂ ਦੇ ਆਪਸੀ ਰਿਸ਼ਤਿਆਂ ਦੀ ਟੁੱਟ-ਭੱਜ, ਮੋਹ- ਪਿਆਰ ਨੂੰ ਤਿਲਾਂਜਲੀ ਦੇਣ, ਰੁੱਤਬੇ ਦੇ ਪ੍ਰਭਾਵ ਰਾਹੀਂ ਨਸ਼ਿਆਂ ਨੂੰ ਢਾਲ਼ ਬਣਾ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਹਥਿਆਉਣ, ਕਿਰਤ ਦੇ ਸੰਕਲਪ ਨੂੰ ਛਿੱਕੇ ਟੰਗਣ ਅਤੇ ਹੋਰ ਬਹੁਤ ਸਾਰੇ ਲਾਲਚਾਂ ਦੇ ਗੁਲਾਮ ਹੋਣ ਜਿਹੇ ਕਿਰਦਾਰਾਂ ਨੂੰ ਪਰੋਣ ਦਾ ਯਤਨ ਕੀਤਾ ਗਿਆ ਹੈ।

ਗੀਤ ਦੇ ਵੀਡੀਓ ਫ਼ਿਲਮਾਂਕਣ ਵਿੱਚ ਫ਼ਿਲਮੀ ਤੇ ਥੀਏਟਰ ਦੀਆਂ ਨਾਮਵਰ ਹਸਤੀਆਂ ਸ੍ਰ. ਬਲਕਾਰ ਸਿੱਧੂ, ਨਰਿੰਦਰਪਾਲ ਨੀਨਾ, ਰੁਪਿੰਦਰ ਰੂਪੀ, ਦਵਿੰਦਰ ਜੁਗਨੀ, ਕਰਮਜੀਤ ਬੱਗਾ, ਸੁਰਜੀਤ ਸੁਮਨ, ਕਮਲ ਸ਼ਰਮਾ ਅਤੇ ਕੁਲਵੰਤ ਸਿੰਘ ਆਦਿ ਵੱਲੋਂ ਆਪੋ-ਆਪਣੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। 

ਪ੍ਰੈਸੱ ਨਾਲ ਗੱਲਬਾਤ ਕਰਦਿਆਂ ਗੀਤਕਾਰ ਸੁਰਜੀਤ ਸੁਮਨ ਨੇ ਕਿਹਾ, ” ਅਜੋਕੇ ਦੌਰ ਦੀ ਗੰਧਲ਼ੀ ਗਾਇਕੀ ਤੇ ਗੀਤਕਾਰੀ ਦੇ ਵਧਣ- ਫੁੱਲਣ ਦਾ ਕਾਰਣ ਸ਼ਾਇਦ ਸਾਹਿਤਕ ਗੀਤਾਂ ਦੀ ਅਣਹੋਂਦ ਹੀ ਹੈ। ਅਸੀਂ ਸਾਰੇ ਚੰਗੇ ਗੀਤਾਂ ਪ੍ਰਤੀ ਉਦਾਸੀਨ ਹੋ ਗਏ ਹਾਂ। ਬਹੁਤੇ ਸਰੋਤਿਆਂ ਦੀ ਸੋਚ ਤੇ ਸਮਝ ਵੀ ਮਾਰ-ਧਾੜ ਵਾਲੇ ਗੀਤਾਂ ਪ੍ਰਤੀ ਹੀ ਫਿੱਟ ਬੈਠਦੀ ਹੈ। ਪਰ, ਅਸੀਂ ਇਸ ਵਿਚ ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਧਿਆਨ ਵਿਚ ਰੱਖਿਆ ਹੈ।  ਸਾਨੂੰ ਪੂਰਨ ਆਸ ਹੈ ਕਿ ਗੀਤ ਸਰੋਤਿਆਂ/ਦਰਸ਼ਕਾਂ ਦੀਆਂ ਉਮੀਦਾਂ ਉਤੇ ਖਰਾ ਉਤਰੇਗਾ।”

ਉਨਾਂ ਅੱਗੇ ਦੱਸਿਆ ਕਿ ਇਸੇ ਹਫ਼ਤੇ ਹੀ ਇਹ ਗੀਤ ਸ਼ੋਸਲ- ਮੀਡੀਆ ਰਾਹੀਂ ਸਰੋਤਿਆਂ/ਦਰਸ਼ਕਾਂ ਨੂੰ ਸੁਣਨ-ਦੇਖਣ ਨੂੰ ਮਿਲੇਗਾ।

(ਪ੍ਰੀਤਮ ਲੁਧਿਆਣਵੀ) +91 9876428641

Install Punjabi Akhbar App

Install
×