
ਰਾਜ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਕਿਹਾ ਹੈ ਕਿ ਸਮੁੱਚੇ ਰਾਜ ਅੰਦਰ ਸਾਰੇ ਹੀ ਨਿਵਾਸੀਆਂ ਲਈ ਡਿਜੀਟਲ ਪੰਜੀਕਰਣ (ਰਜਿਸਟ੍ਰੇਸ਼ਨ) ਆਉਣ ਵਾਲੀ 23 ਨਵੰਬਰ ਤੋਂ ਲਾਜ਼ਮੀ ਹੋ ਜਾਵੇਗੀ ਅਤੇ ਇਸ ਵਾਸਤੇ ਸਰਕਾਰ ਵੱਲੋਂ ਇੱਕ ਕਿਊ-ਆਰ ਕੋਡ ਜਾਰੀ ਕੀਤਾ ਜਾਵੇਗਾ ਜਿਸ ਵਿੱਚ ੳਕਤ ਵਿਅਕਤੀ ਦੀ ਸਾਰੀ ਜਾਣਕਾਰੀ ਮੌਜੂਦ ਹੋਵੇਗੀ। ਗ੍ਰਾਹਕ ਸੇਵਾਵਾਂ ਦੇ ਮੰਤਰੀ ਸ੍ਰੀ ਵਿਕਟਰ ਡੋਮੀਨੈਲੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ ਉਪਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਹ ਤਰੀਕਾ ਸਰਲ ਅਤੇ ਆਧੁਨਿਕ ਹੋਣ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਭਿਆਨਕ ਆਪਦਾਵਾਂ ਜਾਂ ਬਿਮਾਰੀਆਂ ਸਮੇਂ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕਾਗਜ਼ੀ ਕਾਰਵਾਈਆਂ ਹੋਲੀ ਹੋਲੀ ਵਿਦਾ ਹੋ ਰਹੀਆਂ ਹਨ ਅਤੇ ਸਾਰੀਆਂ ਕਾਰਵਾਈਆਂ ਡਿਜੀਟਲ ਰੂਪ ਲੈ ਰਹੀਆਂ ਹਨ -ਇਸ ਨਾਲ ਸਮਾਂ ਅਤੇ ਪੈਸਾ ਦੋਹਾਂ ਦੀ ਬਚਤ ਹੁੰਦੀ ਹੈ ਅਤੇ ਕੰਮ ਵੀ ਤੁਰੰਤ ਹੋ ਜਾਂਦਾ ਹੈ।
ਮੌਜੂਦਾ ਸਮੇਂ ਵਿੱਚ 16,000 ਅਜਿਹੇ ਕੰਮ-ਧੰਦਿਆਂ ਵਾਲੇ ਅਦਾਰੇ ਹਨ ਜੋ ਕਿ ਸਰਕਾਰ ਦਾ ਕਿਊ-ਆਰ ਕੋਡ ਇਸਤੇਮਾਲ ਕਰ ਰਹੇ ਹਨ ਅਤੇ ਇਨ੍ਹਾਂ ਦੇ 94% ਗ੍ਰਾਹਕਾਂ ਨੂੰ ਕਿਊ-ਆਰ ਕੋਡ ਮੁਹੱਈਆ ਕਰਵਾ ਦਿੱਤਾ ਗਿਆ ਹੈ। ਅਜਿਹੇ ਗ੍ਰਾਹਕ ਜਿਨ੍ਹਾਂ ਕੋਲ ਸਮਾਰਟਫੋਨ ਆਦਿ ਨਹੀਂ ਹਨ ਤਾਂ ਉਹ ਕਿਸੇ ਵੀ ਤਰਾ੍ਹਂ ਦੀ ਡਿਜੀਟਲ ਸੇਵਾ ਅਧੀਨ ਆਪਣਾ ਨਾਮ, ਪਤਾ, ਉਮਰ, ਸੈਕਸ, ਸੰਪਰਕ ਨੰਬਰ ਆਦਿ ਦਰਜ ਕਰਵਾ ਸਕਦੇ ਹਨ। ਆਉਣ ਵਾਲੀ 23 ਨਵੰਬਰ ਤੋਂ ਐਮਿਊਜ਼ਮੈਂਟ ਸੈਂਟਰਾਂ, ਅਕੁਏਰਿਅਮਾਂ, ਘਰਾਂ ਦੀਆਂ ਬੋਲੀਆਂ ਆਦਿ ਲਗਾਉਣ ਵਾਲੇ ਅਦਾਰਿਆਂ, ਸਿਨੇਮਾ ਹਾਲਾਂ, ਬਿਊਟੀ ਪਾਰਲਰਾਂ -ਭਾਵ ਹਰ ਉਹ ਥਾਂ ਜਿੱਥੇ ਕਿ ਜਨਤਕ ਆਵਾਜਾਈ ਹੁੰਦੀ ਹੈ, ਲਈ ਡਿਜੀਟਲ ਰਜਿਸਟ੍ਰੇਸ਼ਨ ਜ਼ਰੂਰੀ ਹੋ ਗਿਆ ਹੈ ਅਤੇ ਇਸ ਤੋਂ ਮੁਨਕਰ ਵਿਅਕਤੀ ਜਾਂ ਅਦਾਰਿਆਂ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ।