ਗ੍ਰੇਟਰ ਟੋਰਾਂਟੋ ਵਾਲਿਆਂ ਨੇ ਮਨਾਇਆ “ਨਵਾਂ ਸਾਲ ਕਿਸਾਨਾਂ ਦੇ ਨਾਲ” ਅਤੇ ਮੋਮਬੱਤੀਆਂ ਜਗਾ ਕੇ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਕੀਤੀ ਆਵਾਜ਼ ਬੁਲੰਦ

ਵੇਸਟਵੁੱਡ ਮਾਲ ਮਾਲਟਨ ਮਿਸੀਸਾਗਾ ਦੇ ਬਾਹਰ  “ਡਿਜੀਟਲ ਕਿਸਾਨ ਮੋਰਚਾ ਟੋਰਾਂਟੋ”

ਨਿਊਯਾਰਕ / ਟੋਰਾਟੋ -ਟੋਰਾਂਟੋ ਜੋਨ ਦੇ ਸਮੇਂ ਅਨੁਸਾਰ ਸ਼ਾਮ 5 ਤੋਂ 7 ਵਜੇ ਤੱਕ ਮੋਮਬੱਤੀਆਂ ਜਗਾ ਕੇ, ਭਾਰਤੀ ਹਕੂਮਤ ਦੇ ਕਾਲੇ  ਕਾਨੂੰਨ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ । ਡੀਜ਼ੀਟਲ ਕਿਸਾਨ ਮੋਰਚਾ ਟੋਰਾਂਟੋ ਦੇ ਸੰਚਾਲਕ ਦਲਜੀਤ ਸਿੰਘ ਕਾਫ਼ਿਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਲੋਕਾਂ ਨੇ ਅੱਜ  ਮੋਮਬੱਤੀਆ ਜਗਾ ਕੇ ਭਾਰਤੀ ਕਿਸਾਨਾਂ ਤੇ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਵਿਦੇਸ਼ੀਂ ਵੱਸਦਾ ਹਰ ਭਾਰਤੀ..  ਕਿਸਾਨਾਂ, ਮਜਦੂਰਾਂ ਦੇ ਘਰ, ਖੇਤ ਅਤੇ ਜਿੰਦਗੀ ਵਿੱਚ ਕਦੇ ਹਨੇਰਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ” ਭਾਰਤ ਦੀ ਕੇਂਦਰੀ ਹਕੂਮਤ ਤੋਂ ਕਾਲੇ ਕਾਨੂੰਨ ਤੁਰੰਤ ਰੱਦ ਕਰਾਉਣੇ ਬਹੁਤ ਜਰੂਰੀ ਹਨ ਕਿਉਂਕਿ ਇਸ ਨਾਲ ਸਿਰਫ਼ ਕਿਸਾਨ ਹੀ ਨਹੀਂ ਆਮ ਜਨਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਭਾਰਤੀ ਮਹਿੰਗਾਈ ਨੇ ਪਹਿਲਾਂ ਹੀ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ।  ਇਨ੍ਹਾਂ ਕਾਲੇ ਕਾਨੂੰਨਾਂ ਨੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਮੋਹਥਾਜ ਕਰ ਦੇਣਾ ਹੈ।

ਮੋਦੀ ਸਰਕਾਰ ਕੁਝ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣ ਕੇ ਕੰਮ ਕਰ ਰਹੀ ਹੈ। ਹਰ ਪਬਲਿਕ, ਸਰਕਾਰੀ ਸੈਕਟਰ ਨੂੰ ਬਰਬਾਦ ਕਰਕੇ ਪਹਿਲੋਂ ਹੀ ਪੁੰਜੀਵਾਦੀਆਂ ਨੂੰ ਗਹਿਣੇ ਧਰ ਦਿੱਤਾ ਹੈ। ਇੱਕੋ ਖੇਤਬਾੜੀ ਸੈਕਟਰ ਬਚਿਆ ਸੀ ਜਿਸ ਉੱਤੇ ਹੁਣ ਕਾਰਪੋਰੇਟ ਘਰਾਣਿਆਂ ਦੀ ਗਿੱਰਜਾਂ ਮੰਡਰਾਂ ਰਹੀਆਂ ਹਨ। ਜਿਸਨੂੰ ਸਮੇਂ ਸਿਰ ਨੱਥ ਪਾਉਣ ਲਈ ਹਰ ਵਰਗ ਨੂੰ ਧਰਮਾਂ, ਜਾਤਾਂ, ਰਾਜਾਂ, ਭਾਸ਼ਾ ਤੋਂ ਉੱਪਰ ਉੱਠ ਨਿਰਨਾਇਕ ਲੰਬੀ ਲੜਾਈ ਲੜ੍ਹਣੀ ਪਵੇਗੀ। ਇਸ ਜੰਗ ਵਿੱਚ ਉਹ ਖੁਦ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਆਪਣੀ ਸਮੱਰਥਾਂ ਅਨੁਸਾਰ ਹਰ ਤਰ੍ਹਾਂ ਦਾ ਯੋਗਦਾਨ ਪਾਉਂਦੇ ਰਹਿਣਗੇ । ਹੋਰਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਅਗਲੀ ਰਣਨੀਤੀ ਬਾਰੇ ਕਈ ਐਲਾਨ ਕੀਤੇ ਅਤੇ ਟੋਰਾਂਟੋ ਵਿੱਚ ਅਜਿਹੇ ਮੁਜ਼ਾਹਰਿਆਂ ਨੂੰ ਹੋਰ ਅੱਗੇ ਵਧਾਉਣ ਲਈ ਲਈ ਲੋਕਾਂ ਨੂੰ ਜੰਗੀ ਪੱਧਰ ਤੇ ਜਾਗਰੂਕ ਕੀਤਾ ਜਾਵੇਗਾ ।

Install Punjabi Akhbar App

Install
×