ਵਿਭਿੰਨ ਕੌਮਾਂ-ਬਦਲਦੀ ਤਸਵੀਰ

NZ PIC 10 Aug-3ਔਕਲੈਂਡ ‘ਚ ਨਵ ਜੰਮੇ ਬੱਚਿਆਂ ਦੇ ਖਾਨਦਾਨੀ ਨਾਵਾਂ ਵਿਚ ‘ਸਿੰਘ’ ਅਤੇ ‘ਪਟੇਲ’ ਟਾਪ 10 ਵਿਚ ਹਨ ਸ਼ਾਮਿਲ
– ਸਥਾਨਿਕ ਸਕੂਲਾਂ ਦੇ ਵਿਚ ਸਮਿੱਥ, ਜੋਨ, ਵਿਲਸਨ ਆਦਿ ਨਾਵਾਂ ਦੀ ਗਿਣਤੀ ਘਟੀ ਅਤੇ ਏਸ਼ੀਅਨ ਲੋਕਾਂ ਦੀ ਗਿਣਤੀ ਵਧੀ
ਔਕਲੈਂਡ-10 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਜੋ ਕਿ ਵਿਭਿੰਨ ਕੌਮਾਂ ਦੀ ਸਾਂਝੇਦਾਰੀ ਰੱਖਣ ਵਾਲਾ ਦੇਸ਼ ਹੈ। ਔਕਲੈਂਡ ਵਿਚ ਜੰਮੇ ਸਕੂਲੀ ਬੱਚਿਆਂ ਦੇ ਨਾਵਾਂ ਦੇ ਹੋਏ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਇਥੇ ਦਹਾਕਿਆਂ ਤੱਕ ਮੂਲ ਨਾਂਅ (ਜਿਆਦਾ ਕੌਮਨ) ਜਿਵੇਂ ਸਮਿੱਥ, ਜੋਨ ਅਤੇ ਵਿਲੀਅਮ ਆਦਿ ਦੀ ਗਿਣਤੀ ਘਟਣ ਲੱਗੀ ਹੈ ਅਤੇ ਇਸ ਦੀ ਥਾਂ ਏਸ਼ੀਅਨ ਖਾਨਦਾਨੀ ਨਾਵਾਂ ਜਿਵੇਂ ‘ਸਿੰਘ’, ‘ਪਟੇਲ’,’ਵਾਂਗ’,’ਲੀ’ ਅਤੇ ‘ਚੇਨ’ ਦੀ ਗਿਣਤੀ ਵਧਣ ਲੱਗੀ ਹੈ।  ਇਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਏਸ਼ੀਅਨ ਲੋਕ ਅੱਧਾ ਨਾਂਅ ਅੰਗਰੇਜ਼ਾ ਵਾਲਾ ਅਤੇ ਅੱਧਾ ਏਸ਼ੀਅਨ ਨਾਂਅ ਵੀ ਰੱਖ ਰਹੇ ਹਨ। 
ਨਿਊਜ਼ੀਲੈਂਡ ਦੇ ਵਿਚ ‘ਪਟੇਲ’ ਨਾਂਅ (ਸਰਨੇਮ) ਹੁਣ ਬੜੀ ਤੇਜ਼ੀ ਨਾਲ ਵਧਿਆ ਹੈ ਅਤੇ ਔਕਲੈਂਡ ਦੇ ਵਿਚ ਇਸਦਾ ਅੱਠਵਾਂ ਸਥਾਨ ਹੋ ਗਿਆ ਹੈ। ਪਿਛਲੇ ਸਾਲ ਔਕਲੈਂਡ ਦੇ ਵਿਚ ਜਨਮੇ ਬੱਚਿਆਂ ਦੇ ਜੋ ਉਪਰਲੇ 7 ਪ੍ਰਚਲਿਤ ਨਾਂਅ ਸਨ ਉਨ੍ਹਾਂ ਵਿਚ ਚੀਨੀ ਬੱਚਿਆਂ ਦਾ ‘ਵਾਂਗ’ ਨਾਂਅ ਪਹਿਲੇ ਨੰਬਰ ‘ਤੇ ਹੈ। ‘ਸਿੰਘ’ ਅਤੇ ‘ਪਟੇਲ’ ਨਾਂਅ ਨੇ ਟਾਪ 10 ਦੇ ਵਿਚ ਆਪਣੀ ਥਾਂ ਬਣਾਈ ਹੋਈ ਹੈ। ਬਹੁਤ ਹੀ ਪ੍ਰਚਲਿਤ ਨਾਂਅ ‘ਸਮਿੱਥ’ ਜੋ ਕਿ 1913 ਤੋਂ ਪਹਿਲੇ-ਦੂਜੇ ਨੰਬਰ ‘ਤੇ ਆਉਂਦਾ ਰਿਹਾ ਹੈ ਪਿਛਲੇ ਸਾਲ ਪੰਜਵੇਂ ਨੰਬਰ ਉਤੇ ਸੀ। ‘ਵਾਂਗ’ ਅਤੇ ‘ਸਿੰਘ’ ਨਾਂਅ ਇਕ ਦੂਜੇ ਦੇ ਬਰਾਬਰ ਹੋਣ ਦੇ ਕਿਨਾਰੇ ਹਨ ਕਿਉਂਕਿ 2013 ਦੀ ਜਨ ਸੰਖਿਆ ਅਨੁਸਾਰ ਇਥੇ 1,71,000 ਚਾਈਨੀਜ਼ ਲੋਕ ਅਤੇ 1,55,100 ਭਾਰਤੀ ਲੋਕ ਰਹਿੰਦੇ ਹਨ। 2006 ਦੇ ਅੰਕੜਿਆਂ ਦੇ ਮੁਕਾਬਲੇ ਚਾਈਨੀਜ਼ ਲੋਕਾਂ ਦੀ ਦਰ 16% ਵਧੀ ਹੈ ਅਤੇ ਭਾਰਤੀਆਂ ਦੀ ਦਰ 40% ਵਧੀ ਹੈ। ਮੈਸੀ ਯੂਨੀਵਰਸਿਟੀ ਦੇ ਮਾਈਗ੍ਰਾਂਟ ਮਾਹਿਰ ਨੇ ਆਸ ਪ੍ਰਗਟ ਕੀਤੀ ਹੈ ਕਿ ਸੰਨ 2023 ਤੱਕ ਪ੍ਰਸਾਦਿ ਅਤੇ ਕੁਮਾਰ ਵੀ ਟਾਪ 10 ਦੇ ਵਿਚ ਸ਼ਾਮਿਲ ਹੋ ਜਾਣਗੇ। ਇਕ ਸਥਾਨਕ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ 800 ਬੱਚਿਆਂ ਵਿਚ 47 ਵੱਖ-ਵੱਖ ਕੌਮਾਂ ਦੇ ਬੱਚੇ ਪੜ੍ਹਦੇ ਹਨ ਅਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਥੇ ਬ੍ਰਾਜ਼ੀਲ, ਕਿਊਬਾ ਅਤੇ ਘਾਨਾ  ਵਰਗੇ ਮੁਲਕਾਂ ਦੇ ਬੱਚੇ ਵੀ ਪੜ੍ਹਦੇ ਹਨ। ਇਥੇ ਜੰਮੇ ਬੱਚੇ ਇਸ ਦੇਸ਼ ਨੂੰ ਹੀ ਆਪਣਾ ਅਸਲੀ ਮੁਲਕ ਮੰਨ ਕੇ ਮਾਣ ਮਹਿਸੂਸ ਕਰਦੇ ਹਨ ਉਂਜ ਆਪਣੇ ਵਡੇਰਿਆਂ ਦੇ ਮੁਲਕ ਜਾਣਾ ਵੀ ਪਸੰਦ ਕਰਦੇ ਹਨ। ਸੋ ਨਿਊਜ਼ੀਲੈਂਡਰਾਂ ਦੇ ਹੁਣ ਨਾਂਅ ਅਤੇ ਚਿਹਰੇ ਬਦਲ ਰਹੇ ਹਨ।

Install Punjabi Akhbar App

Install
×