ਮਰਯਾਦਾ ਦਾ ਵਖਰੇਵਾਂ

giani santokh singh ji 180402 ਮਰਯਾਦਾ ਦਾ ਵਖਰੇਵਾਂrr

ਪਿਛਲੀ ਵਾਰੀ 2013 ਦੀ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਇਕ ਦਿਨ ਸਵੇਰੇ ਸਵੇਰੇ ਮੈਂ ਤਰਨ ਤਾਰਨੋ ਆਪਣੇ ਚਿਰਕਾਲੀ ਮਿੱਤਰ ਦੇ ਘਰੋਂ ਤੁਰ ਕੇ, ਬੋਹੜੀ ਵਾਲੇ ਚੌਂਕ ਤੋਂ ਅੰਮ੍ਰਿਤਸਰ ਨੂੰ ਜਾਣ ਵਾਲ਼ੀ ਬੱਸ ਤੇ ਬੈਠ ਗਿਆ। ਸਵੇਰੇ ਸਵੇਰੇ ਭੱਜਣ ਦਾ ਕਾਰਨ ਇਹ ਸੀ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨਾਲ਼ ਕੋਈ ਪ੍ਰੋਗਰਾਮ ਬਣਾਉਣਾ ਸੀ ਤੇ ਉਹਨਾਂ ਨੂੰ ਸਮੇ ਸਿਰ ਮਿਲਣਾ ਸੀ। ਇਸ ਭੱਜ ਦੌੜ ਵਿਚ ਨਿੱਤਨੇਮ ਵੀ ਮੈਂ ਬੱਸ ਵਿਚ ਹੀ ਕਰੀ ਗਿਆ। ਪਾਠ ਆਦਿ ਕਰਨ ਸਮੇ ਮੈਂ ਵਿਖਾਲ਼ਾ ਪਾਉਣ ਤੋਂ ਹਮੇਸ਼ਾਂ ਗੁਰੇਜ਼ ਕਰਦਾ ਹਾਂ ਤਾਂ ਕਿ ਕੋਈ ਇਹ ਨਾ ਸਮਝੇ ਕਿ ਮੈਂ ਕਿਸੇ ਨੂੰ ਆਪਣੇ ਬਹੁਤ ਵੱਡਾ ਧਰਮੀ ਹੋਣ ਦਾ ਵਿਖਾਲ਼ਾ ਪਾ ਰਿਹਾ ਹਾਂ। ਵੈਸੇ ਵੀ:

ਭੋਜਨ ਭਜਨ ਖਜਾਨਾ ਨਾਰੀ॥
ਚਾਰੋ ਪੜਦੇ ਕੇ ਅਧਿਕਾਰੀ॥
ਗੋਸਵਾਮੀ ਤੁਲਸੀ ਦਾਸ ਨੇ ਆਖਿਆ ਹੈ।
ਭਗਤ ਕਬੀਰ ਜੀ ਵੀ, ਧਾਰਮਿਕ ਵਿਖਾਵੇ ਦੀ ਨਿਸਫਲਤਾ ਬਾਰੇ ਇਉਂ ਆਖਦੇ ਨੇ:
ਲੋਗ ਪਤੀਣੇ ਕਛੂ ਨ ਹੋਵੈ ਨਹੀਉ ਰਾਮ ਇਆਣਾ॥

ਇਸ ਦੇ ਬਾਵਜੂਦ ਵੀ ਮੇਰੇ ਦੁਆਰਾ ਕੀਤਾ ਜਾ ਰਿਹਾ ਪਾਠ ਮੇਰੇ ਨਾਲ਼ ਦੀ ਸੀਟ ਉਪਰ ਬੈਠੇ ਸਿੰਘ ਨੂੰ ਸੁਣ ਪਿਆ ਭਾਵੇਂ ਮੈਂ ਬਹੁਤ ਹੌਲ਼ੀ ਹੀ ਕਰ ਰਿਹਾ ਸਾਂ। ਉਹ ਸਿੰਘ ਬੜੇ ਗਹੁ ਨਾਲ਼ ਪਾਠ ਸੁਣੀ ਗਿਆ। ਪਾਠ ਦੀ ਸਮਾਪਤੀ ਤੇ ਉਸ ਨੇ ਦੋ ਕੁ ਸ਼ੰਕਾ ਜਿਹੀਆਂ ਕੀਤੀਆਂ ਪਰ ਨਿਮਰਤਾ ਸਹਿਤ ਜਾਣਕਾਰੀ ਵਜੋਂ ਹੀ। ਇਕ ਤਾਂ ਇਹ ਸੀ ਕਿ ਜਿਸ ਗੁਟਕੇ ਤੋਂ ਉਸ ਨੇ ਨਿੱਤਨੇਮ ਯਾਦ ਕੀਤਾ ਸੀ ਉਸ ਵਿਚ ਅਨੰਦ ਸਾਹਿਬ ਦਾ ਪਾਠ ਚੌਪਈ ਤੋਂ ਪਿੱਛੋਂ ਪ੍ਰਕਾਸ਼ਤ ਸੀ ਪਰ ਮੈਂ ਪਹਿਲਾਂ ਪੜ੍ਹਿਆ ਸੀ। ਦੂਜੀ ਗੱਲ ਇਹ ਕਿ ਉਸ ਦੇ ਗੁਟਕੇ ਵਿਚ ਛਪੀ ਅਨੁਸਾਰ ਮੈਂ ਪੂਰੀ ਚੌਪਈ ਨਹੀਂ ਪੜ੍ਹੀ। ਮੈਂ ਹਮੇਸ਼ਾਂ ਇਹ ਖਿਆਲ ਰੱਖਦਾ ਹਾਂ ਕਿ ਧਾਰਮਿਕ ਮਰਯਾਦਾ ਬਾਰੇ ਬਹਿਸ ਮੁਬਾਹਸੇ ਤੋਂ ਬਚਿਆ ਜਾਵੇ ਤੇ ਇਸ ਲਈ ਮੈਂ ਦੂਜੇ ਸੱਜਣਾਂ ਦੇ ਸਾਹਮਣੇ ਰਹਰਾਸਿ ਦਾ ਪਾਠ ਕਰਨ ਤੋਂ ਵੀ ਗੁਰੇਜ਼ ਕਰਦਾ ਹਾਂ ਤੇ ਦੂਸਰਿਆਂ ਪਾਸੋਂ ਸੁਣ ਲੈਣ ਵਿਚ ਹੀ ਆਪਣੀ ਖ਼ੈਰ ਸਮਝਦਾ ਹਾਂ ਕਿਉਂਕਿ ਹਰੇਕ ਧੜੇ, ਗਰੁਪ, ਜਥੇਬੰਦੀ, ਸੰਪਰਦਾ ਹੀ ਨਹੀਂ ਬਲਕਿ, ਮੇਰੇ ਖਿਆਲ ਵਿਚ, ਤਾਂ ਬਹੁਤੇ ਸੱਜਣਾਂ ਦੀ ਹੀ ਰਹਰਾਸਿ ਵੱਖਰੀ ਵੱਖਰੀ ਹੈ ਤੇ ਜਿਸ ਦੀ ਰਹਰਾਸਿ ਵਡੇਰੀ ਹੋਵੇ ਉਹ ਆਪਣੇ ਆਪ ਨੂੰ ਦੂਜੇ ਨਾਲ਼ੋਂ ਵਧੇਰੇ ਸ਼ਰਧਾਵਾਨ ਸਿੱਖ ਹੋਣ ਦਾ ਭਰਮ ਪਾਲ਼ਦਾ ਹੈ।

ਇਹ ਵੱਖਰੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਹਰਾਸਿ ਨਾਂ ਵਾਲ਼ੀ ਕਿਸੇ ਬਾਣੀ ਦਾ ਵਜੂਦ ਹੀ ਨਹੀਂ ਹੈ। ਸੋਹਿਲੇ ਨਾਂ ਦੀ ਬਾਣੀ ਤੋਂ ਪਹਿਲਾਂ ਦੋ ਬਾਣੀਆਂ ਅੰਕਤ ਹਨ: ਇਕ ‘ਸੋ ਦਰੁ’ ਨਾਂ ਦੀ ਪੰਜ ਸ਼ਬਦਾਂ ਦੀ ਬਾਣੀ ਅਤੇ ਦੂਜੀ ਚਾਰ ਸਬਦਾਂ ਵਾਲ਼ੀ ‘ਸੋ ਪੁਰਖੁ’ ਵਾਲ਼ੀ ਬਾਣੀ। ਇਹਨਾਂ ਦੋ ਬਾਣੀਆਂ ਦੇ ਨੌਂ ਸ਼ਬਦਾਂ ਦੇ ਨਾਲ਼ ਹੋਰ, ਆਪਣੇ ਆਪਣੇ ਡੇਰੇ ਦੀ ਮਰਯਾਦਾ ਅਨੁਸਰ, ਦੋਹਾਂ ਗ੍ਰੰਥਾਂ, ਸ੍ਰੀ ਗੁਰੂ ਗ੍ਰੰਥ ਸਾਬਿਬ ਜੀ ਅਤੇ ਦਸਮ ਗ੍ਰੰਥ ਵਿਚੋਂ ਵੱਖ ਵੱਖ ਸਥਾਨਾਂ ਤੋਂ ਬਾਣੀ ਦੇ ਕੁਝ ਸ਼ਬਦ ਮਿਲਾ ਕੇ , ਉਸ ਨੂੰ ‘ਰਹਰਾਸਿ’ ਦਾ ਨਾਂ ਦੇ ਕੇ ਸੂਰਜ ਡੁੱਬਣ ਸਮੇ ਪਾਠ ਕੀਤਾ ਜਾਂਦਾ ਹੈ। ਇਸ ਦਾ ਨਾਂ ‘ਰਹਰਾਸਿ’ ਸ਼ਾਇਦ ‘ਸੋ ਪੁਰਖੁ’ ਵਿਚਲੇ ਚੌਥੇ ਸ਼ਬਦ ਵਿਚ ਆਈ ਤੁਰਕ, “ਹਰਿ ਕੀਰਤਿ ਹਮਰੀ ਰਹਰਾਸਿ॥” ਕਰਕੇ ਰੱਖਿਆ ਗਿਆ ਹੋਵੇ! ਮੇਰੀ ਸੋਚ ਮੁਤਾਬਿਕ ਸਿੱਖ ਕੌਮ ਵਿਚ ਹੋਰ ਵੰਡਾਂ ਪਾਉਣ ਤੋਂ ਬਚਣ ਲਈ, ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਹੋਈ ਸਿੱਖ ਰਹਿਤ ਮਰਯਾਦਾ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਵੱਖ ਵੱਖ ਜਥੇਬੰਦੀਆਂ ਤੇ ਡੇਰਿਆਂ ਦੀਆਂ ਵਲ਼ਗਣਾਂ ਵਿਚ, ਸਿੱਖ ਪੰਥ ਨੂੰ ਹੋਰ ਵੰਡੇ ਜਾਣ ਵਾਲ਼ੇ ਕੁਕਾਰਜ ਵਿਚ ਹਿੱਸੇਦਾਰ ਨਾ ਬਣੀਏ। ਉਸ ਸੱਜਣ ਨੂੰ ਓਸੇ ਹੀ ਲਹਿਜ਼ੇ ਵਿਚ ਮੈਂ ਵੀ ਨਿਮਰਤਾ ਨਾਲ਼ ਹੀ ਬੇਨਤੀ ਕੀਤੀ ਕਿ ਹਰੇਕ ਗੁਟਕੇ ਅਤੇ ਡੇਰੇ ਦੀਆਂ ਬਾਣੀਆਂ ਵਿਚ ਕੁਝ ਨਾ ਕੁਝ ਫਰਕ ਹੁੰਦਾ ਹੈ ਕਿਉਂਕਿ ਹਰੇਕ ਦੀ ਮਰਯਾਦਾ ਵੱਖੋ ਵੱਖ ਹੈ। ਸਿੱਖ ਵਿਚਾਰਾ ਕੇਹੜੇ ਡੇਰੇ ਦੀ ਮਰਯਾਦਾ ਨੂੰ ਅਪਣਾਵੇ ਤੇ ਕੇਹੜੇ ਡੇਰੇ ਦੀ ਮਰਯਾਦਾ ਛੱਡੇ! ਇਸ ਲਈ ਮੇਰਾ ਯਤਨ ਹੁੰਦਾ ਹੈ ਕਿ ਵਧ ਤੋਂ ਵਧ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਉਪਰ ਅਮਲ ਕਰਾਂ। ਮੁਕੰਮਲ ਤੌਰ ਤੇ ਅਮਲ ਕਰਨ ਦਾ ਦਾਹਵਾ ਕੋਈ ਨਹੀਂ ਪਰ ਮੈਂ ਕਿਸੇ ਵੀ ਹੋਰ ਡੇਰੇ ਜਾਂ ਜਥੇਬੰਦੀ ਦੀ ਮਰਯਾਦਾ ਨੂੰ ਨਾ ਤਾਂ ਗ਼ਲਤ ਸਮਝਦਾ ਹਾਂ ਤੇ ਨਾ ਹੀ ਕਿਸੇ ਨੂੰ ਟੋਕਦਾ ਹਾਂ ਪਰ ਡੇਰਿਆਂ ਨਾਲ਼ ਸਬੰਧਤ ਸ਼ਰਧਾਲੂ ਇਸ ਬਾਰੇ ਬਹੁਤ ਕੱਟੜ ਹੁੰਦੇ ਹਨ। ਮੇਰੇ ਮੂੰਹੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਸੁਣਨ ਦੀ ਹੀ ਦੇਰ ਸੀ ਕਿ ਮੇਰੇ ਤੋਂ ਅਗਲੀ ਸੀਟ ਉਪਰ ਬੈਠਾ ਇਕ ਨੀਲੀ ਦਸਤਾਰ ਅਤੇ ਖੁਲ੍ਹੀ ਦਾਹੜੀ ਵਾਲ਼ਾ ਸਿੰਘ ਤਾਂ ਅੱਗ ਬਬੂਲਾ ਹੋ ਗਿਆ। ਪਿਛਾਂਹ ਨੂੰ ਮੇਰੇ ਵੱਲ ਮੂੰਹ ਕਰਕੇ ਵਾਹਵਾ ਉਚੀ ਆਵਾਜ਼ ਵਿਚ ਬਾਦਲਾਂ ਦੀ, ਸ਼੍ਰੋਮਣੀ ਕਮੇਟੀ ਦੀ, ਅਕਾਲੀ ਦਲ ਦੀ ਚੰਗੇ ਗਰਮ ਸ਼ਬਦਾਂ ਵਿਚ ਲਾਹ ਪਾਹ ਕਰਨ ਲੱਗ ਪਿਆ। ਉਸ ਨੇ ਸ਼ਾਇਦ ਮੈਨੂੰ ਉਹਨਾਂ ਵਿਚੋਂ ਹੀ ਇਕ ਸਮਝ ਲਿਆ ਸੀ! ਮੈਂ ਚੁੱਪ ਰਹਿ ਕੇ ਉਸ ਦੇ ‘ਮਨੋਹਰ ਬਚਨ’ ਸੁਣੀ ਗਿਆ ਕਿਉਂਕਿ ਗੁਰਬਾਣੀ ਆਖਦੀ ਹੈ:

ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ॥

ਆਪਣੇ ਮਨ ਦੀ ਚੰਗੀ ਭੜਾਸ ਕੱਢਦਿਆਂ ਹੋਇਆਂ, ਉਸ ਨੇ ਫਿਰ ਇਹ ਭੇਦ ਵੀ ਖੋਹਲਿਆ ਕਿ ਉਹ ਪੰਦਰਾਂ ਸਾਲਾਂ ਤੋਂ ਪੰਜਾਬੋਂ ਬਾਹਰ ਰਹਿੰਦਾ ਹੈ ਤੇ ਕੁਝ ਪਹਿਲਾਂ ਨਾਲ਼ੋਂ ਨਰਮ ਵੀ ਪਿਆ ਲੱਗਦਾ ਸੀ; ਸ਼ਾਇਦ ਇਸ ਕਰਕੇ ਕਿ ਮੈਂ ਉਸ ਦੇ ‘ਦੁਰਭਾਸ਼ਨ’ ਦੇ ਜਵਾਬ ਵਿਚ ਕੁਝ ਨਹੀਂ ਸੀ ਬੋਲਿਆ। ਉਸ ਦੀ ਟੋਨ ਕੁਝ ਢਿੱਲੀ ਹੋਣ ਤੇ ਮੈਂ ਵੀ ਇਹ ਆਖਣ ਦਾ ਹੌਂਸਲਾ ਕਰ ਲਿਆ ਕਿ ਮੈਂ ਤਾਂ ਇਕਤਾਲੀ ਸਾਲਾਂ ਤੋਂ ਦੇਸੋਂ ਵੀ ਬਾਹਰ ਹਾਂ, ਤੁਸੀਂ ਤਾਂ ਫਿਰ ਵੀ ਇਸ ਦੇਸ਼ ਦੇ ਅੰਦਰ ਹੀ ਰਹਿੰਦੇ ਹੋ! ਤੁਸੀਂ ਕਿਤੇ ਮੈਨੂੰ ਵੀ ਬਾਦਲ ਦਲੀਆਂ ਦਾ ਬੰਦਾ ਸਮਝ ਕੇ ਹੀ ਤਾਂ ਨਹੀਂ ਸਲਵਾਤਾਂ ਸੁਣਾਈ ਗਏ! ਬਾਦਲਾਂ ਦਾ ਵਾਹਵਾ ਸਾਰਾ ਗੁੱਸਾ ਮੇਰੇ ਤੇ ਡੋਹਲ ਦਿਤਾ ਹੈ ਜੀ ਤੁਸਾਂ! ਖ਼ੈਰ, ਫਿਰ ਉਹ ਨਰਮ ਹੋ ਗਿਆ; ਪਤਾ ਨਹੀਂ ਮੇਰੇ ਜਵਾਬ ਨਾਲ਼ ਜਾਂ ਫਿਰ ਸ਼ਾਇਦ ਹੋਰ ਤੀਰ ਉਸ ਦੇ ਤਰਕਸ਼ ਵਿਚ, ਬਾਦਲਾਂ ਦੇ ਖ਼ਿਲਾਫ਼ ਚਲਾਉਣ ਲਈ ਬਚੇ ਨਾ ਹੋਣ!

ਇਸ ਘਟਨਾ ਤੋਂ ਮੈਨੂੰ 1990 ਵਾਲ਼ੀ ਯੂ.ਕੇ. ਦੇ ਸ਼ਹਿਰ ਬਰਮਿੰਘਮ ਵਿਚ ਵਾਪਰੀ ਘਟਨਾ ਚੇਤੇ ਆ ਗਈ। ਓਥੇ ਵੀ ਮੈਂ ਚੁੱਪ ਰਹਿ ਕੇ ਹੀ ਆਪਣਾ ਬਚਾ ਕੀਤਾ। ਓਥੇ ਇਕ ਦਿਨ ਗ੍ਰੰਥੀ ਜੀ ਦੇ ਕਮਰੇ ਵਿਚ ਬੈਠਿਆਂ, ਸਹਿਜ ਸੁਭਾ ਹੀ ਚੱਲਦੀ ਗਲ ਵਿਚ, ਮੇਰੇ ਮੂੰਹੋਂ ਨਿਕਲ਼ ਗਿਆ ਕਿ ਸੰਤ ਜਰਨੈਲ ਸਿੰਘ ਜੀ ਆਪਣੀ ਕੁਰਬਾਨੀ ਕਰਕੇ ਜੀਵਤ ਹਨ ਪਰ ਸਰੀਰ ਕਰਕੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਹੋਏ ਹਨ। ਇਹ ਕੁਝ ਮੈਂ ਸੰਤ ਜੀ ਦੀਆਂ ਤਕਰੀਰਾਂ ਸੁਣਨ ਕਰਕੇ ਅਤੇ ਆਪਣੇ ਵਿਸ਼ਵਾਸ਼ ਅਨੁਸਾਰ ਕਹਿ ਬੈਠਾ। ਕਮਰੇ ਵਿਚ ਬੈਠਾ ਤੀਜਾ ਜਵਾਨ ਤਾਂ ਗਰਮ ਹੋ ਗਿਆ ਤੇ ਉਸ ਨੇ ਗੁੱਸੇ ਵਿਚ ਆਖਿਆ, “ਅਸੀਂ ਸਿਰ ਲਾਹ ਦਿੰਨੇ ਹੁੰਨੇ ਆਂ, ਜੇਹੜਾਂ ਸੰਤਾਂ ਨੂੰ ਸ਼ਹੀਦ ਆਖੇ!” ਮੈਂ ਤੇ ਗ੍ਰੰਥੀ ਸਿੰਘ ਦੋਵੇਂ ਚੁੱਪ। ਕੁਝ ਪਲ ਰੁਕ ਕੇ ਫਿਰ ਗੁੱਸੇ ਵਿਚ ਹੀ ਬੋਲਿਆ, “ਸਭ ਸਰਕਾਰ ਦੇ ਏਜੰਟ ਨੇ ਜੇਹੜੇ ਸੰਤ ਜੀ ਨੂੰ ਸ਼ਹੀਦ ਆਖਦੇ ਨੇ।” ਇਸ ਤੇ ਮੈਂ ਤਾਂ ਨਹੀਂ ਸੀ ਬੋਲਣਾ ਕਿਉਂਕਿ ਮੇਰਾ, ਉਸ ਨੌਜਵਾਨ ਦੇ ਹਥੋਂ, ਸ਼ਹੀਦ ਹੋਣ ਦਾ ਇਰਾਦਾ ਕੋਈ ਨਹੀਂ ਸੀ ਤੇ ਗ੍ਰੰਥੀ ਸਿੰਘ ਨੇ ਵੀ ਚੁੱਪ ਰਹਿਣਾ ਹੀ ਯੋਗ ਸਮਝਿਆ।

ਹਾਂ, ਜਿਸ ਪੁਰਾਣੇ ਮਿੱਤਰ ਦੇ ਘਰੋਂ ਮੈ ਚੱਲਿਆ ਸਾਂ ਉਹ ਬੜਾ ਪੜ੍ਹਿਆ ਲਿਖਿਆ ਅੰਮ੍ਰਿਤਧਾਰੀ ਤੇ ਉਸ ਦੀ ਸਿੰਘਣੀ ਵੀ ਅੰਮ੍ਰਿਤਧਾਰੀ ਹੈ। ਭਾਵੇਂ ਕਿ ਮੈਨੂੰ ਪਤਾ ਸੀ ਕਿ ਉਹ ਬਹੁਤ ਸਮੇ ਤੋਂ ਇਕ ਪ੍ਰਸਿਧ ਡੇਰੇ ਦਾ ਪੈਰੋਕਾਰ ਹੈ ਪਰ ਮੈਂ ਧਾਰਮਿਕ ਪੱਖ ਤੋਂ ਉਸ ਨੂੰ ਬਹੁਤ ਹੀ ਉਦਾਰਵਾਦੀ ਸਮਝਦਾ ਰਿਹਾ ਸਾਂ। ਕਿਸੇ ਪਿਛਲੇਰੀ ਯਾਤਰਾ ਦੌਰਾਨ, ਇਕ ਦਿਨ ਦੁਪਹਿਰ ਜਿਹੇ ਦਾ ਵਾਕਿਆ ਹੈ ਕਿ ਉਸ ਦੇ ਘਰ ਦੇ ਬਰਾਂਡੇ ਵਿਚ ਅਸੀਂ ਚਾਰ ਜਣੇ ਬੈਠੇ ਐਵੇਂ ਹੀ ਵੇਹਲੀਆਂ ਗੱਲਾਂ ਕਰ ਰਹੇ ਸਾਂ। ਇਕ ਉਹ ਖ਼ੁਦ, ਦੂਜੀ ਉਹਨਾਂ ਦੀ ਪਤਨੀ, ਤੀਜੀ ਇਕ ਕੇਸਕੀਧਾਰੀ ਗਵਾਂਢਣ ਬੀਬੀ ਅਤੇ ਚੌਥਾ ਮੈਂ; ਅਸੀਂ ਚਾਰ ਜਣੇ ਸਾਂ। ਪਤਾ ਨਹੀਂ ਕੀ ਹੋਇਆ ਕਿ ਚੱਲਦੀ ਵਿਚਾਰ ਵਿਚ ਮੇਰੇ ਮੂੰਹੋਂ ਨਿਕਲ਼ ਗਿਆ ਕਿ ਸਾਰੇ ਜਥੇ, ਸੰਪਰਦਾਵਾਂ, ਡੇਰੇ ਵਾਲ਼ਿਆਂ ਨੂੰ ਮੈਂ ਗੁਰੂ ਨਾਨਕ ਦੇਵ ਜੀ ਦੇ ਸਮੁਚੇ ਪੰਥ ਦਾ ਅੰਗ ਮੰਨਦਾ ਹਾਂ ਤੇ ਕਿਸੇ ਦੇ ਨਾਲ ਵੀ ਮੇਰਾ ਵਖਰੇਵਾਂ ਨਹੀ ਪਰ ਮੈਂ ਖ਼ੁਦ, ਪੰਥ ਵਿਚ ਧਾਰਮਿਕ ਮਰਯਾਦਾ ਦੀ ਸਮਾਨਤਾ ਦਾ ਪੱਖੀ ਹੋਣ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਪੰਥਕ ਸਿੱਖ ਰਹਿਤ ਮਰਯਾਦਾ ਦੇ ਨੇੜੇ ਤੇੜੇ ਰਹਿਣ ਦਾ ਯਤਨ ਕਰਦਾ ਹਾਂ। ਇਹ ਸੁਣਦਿਆਂ ਹੀ ਮੇਰੇ ਉਸ ਸੁਲ਼ਝੇ ਹੋਏ ਸੱਜਣ ਦਾ ਤਾਂ ਜਿਵੇਂ ਕੜ ਹੀ ਪਾਟ ਗਿਆ। ਉਹ ਇਕ ਖਾਸ ਡੇਰੇ ਦਾ ਅੰਧ ਵਿਸ਼ਵਾਸ਼ ਦੀ ਹੱਦ ਤੱਕ ਸ਼ਰਧਾਲੂ ਹੈ। ਜਿਉਂ ਲੱਗਾ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਬੋਲਣ, ਮੈਂ ਚੁੱਪ ਕਰਕੇ ਤੇ ਦੜ ਵੱਟ ਕੇ ਉਸ ਦੇ ਸ਼ੁਭ ਬਚਨ ਸੁਣੀ ਗਿਆ। “ਇਕ ਚੁੱਪ ਤੇ ਸੌ ਸੁਖ” ਸਿਆਣੇ ਆਖ ਗਏ ਨੇ। ਫਿਰ ਜੇਕਰ ਮੈਂ ਕੁਝ ਬੋਲਦਾ ਵੀ ਤਾਂ ਬਲ਼ਦੀ ਤੇ ਤੇਲ ਪੈਣ ਵਾਲ਼ੀ ਗੱਲ ਹੀ ਹੋ ਜਾਣੀ ਸੀ। ਭਾਵੇਂ ਕਿ ਮਰਯਾਦਾ ਵਾਲੇ ਅੰਗ ਨਾਲ ਤਾਂ ਮੈਂ ਉਸ ਦੇ ਵਿਚਾਰਾਂ ਨਾਲ਼ ਸਹਿਮਤ ਨਹੀਂ ਹਾਂ ਪਰ ਪ੍ਰਬੰਧਕ ਵਿਅਕਤੀਆਂ ਦੇ ਵਤੀਰੇ ਬਾਰੇ ਜੋ ਉਹਨਾਂ ਦੇ ਵਿਚਾਰ ਸਨ, ਉਹਨਾਂ ਨਾਲ਼ ਮੈਂ ਪੂਰੀ ਤਰ੍ਹਾਂ ਅਸਹਿਮਤ ਵੀ ਨਹੀਂ।

ਆਪਣੀ ਗੱਲ: ਮੇਰੇ ਭਾਈਆ (ਪਿਤਾ) ਜੀ ਨੇ, ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂਵਾਲ਼ਿਆ ਪਾਸੋਂ, ਉਹਨਾਂ ਦੇ ਜਥੇ ਵਿਚ ਰਹਿ ਕੇ ਧਾਰਮਿਕ ਵਿੱੱਦਿਆ ਪ੍ਰਾਪਤ ਕੀਤੀ ਸੀ ਤੇ ਓਸੇ ਜਥੇ ਦੀ ਮਰਯਾਦਾ ਅਨੁਸਾਰ ਉਹਨਾਂ ਨੇ ਮੈਨੂੰ ਗੁਰਬਾਣੀ ਦਾ ਪਾਠ, ਸਤਿਕਾਰ ਆਦਿ ਦੀ ਮਰਯਾਦਾ ਦ੍ਰਿੜ੍ਹ ਕਰਵਾਈ ਸੀ। ਜਿਸ ਗੁਟਕੇ ਤੋਂ ਮੈਂ ਨਿੱਤਨੇਮ ਯਾਦ ਕੀਤਾ ਸੀ, ਉਹ ਗੁਟਕਾ ਬਾਜ਼ਾਰ ਮਾਈ ਸੇਵਾਂ ਵਾਲ਼ੇ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਵਾਲ਼ਿਆਂ ਦੁਆਰਾ ਛਾਪਿਆ ਹੋਇਆ ਸੀ ਅਤੇ ਉਸ ਗੁਟਕੇ ਵਿਚ ਛਪੀਆਂ ਹੋਈਆਂ ਬਾਣੀਆਂ ਨੂੰ ਹੀ ਮੈਂ ਹੁਣ ਤੱਕ ਦਮਦਮੀ ਟਕਸਾਲ ਦੀ ਮਰਯਾਦਾ ਅਨੁਸਾਰ ਸਮਝਦਾ ਆ ਰਿਹਾ ਹਾਂ। ਭਾਈਆ ਜੀ ਦੀ ਸਿੱਖਿਆ ਅਨੁਸਾਰ, ਸਵੇਰ ਸਮੇ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਦਸ ਸਵੈਈਏ, ਅਨੰਦ ਸਾਹਿਬ ਅਤੇ ਚੌਪਈ, ਦਾ ਨਿਤਨੇਮ ਕਰਨਾ ਅਤੇ 1954 ਵਿਚ ਇਹ ਸਾਰਾ ਕੁਝ ਮੈਨੂੰ ਜ਼ਬਾਨੀ ਯਾਦ ਵੀ ਹੋ ਗਿਆ, ਸਮੇਤ ਕੀਰਤਨੀ ‘ਆਸਾ ਕੀ ਵਾਰ’ ਦੇ । ਚੌਪਈ ਦਾ ਪਤਾ ਨਹੀਂ ਸੀ ਕਿੰਨੀ ਤੇ ਕਿਥੋਂ ਤੱਕ ਹੈ; ਇਸ ਲਈ ਰਹਰਾਸਿ ਵਿਚ ਛਪੀ ਸਾਰੀ ਦੀ ਸਾਰੀ ਚੌਪਈ ਦਾ ਸਵੇਰੇ ਦੇ ਨਿਤਨੇਮ ਵਿਚ ਵੀ ਪਾਠ ਕਰਨਾ। ਉਸ ਗੁਟਕੇ ਅਨੁਸਾਰ, “ਪੁਨ ਰਾਛਸ ਕਾ ਕਾਟਾ ਸੀਸਾ॥” ਤੋਂ ਲੈ ਕੇ, “ਜਿਸ ਸਿਮਰਤ ਸੁਖ ਹੋਇ ਸਗਲੇ ਦੂਖ ਜਾਹਿ॥” ਤੱਕ, ਪੜ੍ਹਦਾ ਹੁੰਦਾ ਸਾਂ। ਪਤਾ ਹੀ ਨਹੀਂ ਸੀ ਕਿ ਚੌਪਈ ਦੇ ਸਿਰਲੇਖ ਹੇਠ ਆਉਣ ਵਾਲ਼ੇ ਬਾਕੀ ਦੇ ਦੋਹਰੇ, ਸਵਈਏ, ਅੜਿਲ, ਅਨੰਦ ਸਾਹਿਬ ਦੀਆਂ ਛੇ ਪਉੜੀਆਂ ਅਤੇ ਹੋਰ ਕਈ ਸ਼ਬਦ ਚੌਪਈ ਵਿਚ ਨਹੀਂ ਆਉਂਦੇ। ਜਿੰਨਾ ਚਿਰ 1953 ਵਿਚ ਅੰਮ੍ਰਿਤਸਰ ਨਹੀਂ ਆਇਆ, ਇਹ ਹੀ ਧਰਮ, ਇਹ ਹੀ ਪਾਠ, ਇਹ ਹੀ ਸਿਖੀ, ਅਰਥਾਤ ਸਾਰੀ ਇਹੀ ਮਰਯਾਦਾ ਪੂਰੀ ਲੱਗਦੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਚ ਵੇਖਿਆ ਕਿ ਜੋ ਮੈਂ ਕਰਦਾ ਹਾਂ ਤੇ ਜੋ ਕੁਝ ਓਥੇ ਹੁੰਦਾ ਹੈ, ਉਸ ਵਿਚ ਵਾਹਵਾ ਸਾਰਾ ਫਰਕ ਹੈ ਪਰ ਮੈਂ ਪਹਿਲਾਂ ਵਾਲ਼ੀ ਮਰਯਾਦਾ ਉਪਰ ਹੀ ਟਿਕਿਆ ਰਿਹਾ ਭਾਵੇਂ ਕਿ ਕੁਝ ਸ਼ੰਕਾ ਜਿਹੀ ਪੈ ਗਈ। ਫਿਰ ੧ ਜਨਵਰੀ ੧੯੫੮ ਨੂੰ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ ਦਾਖ਼ਲ ਹੋਣ ਉਪ੍ਰੰਤ, ਪ੍ਰਿੰਸੀਪਲ ਸਾਹਿਬ ਸਿੰਘ ਜੀ ਨਾਲ਼ ਵਾਹ ਪਿਆ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਅਨੁਸਾਰ ਪੜ੍ਹਾਈ ਕਰਵਾਉਂਦੇ ਸਨ। ਪਹਿਲਾਂ ਪਹਿਲਾਂ ਤਾਂ ਕੁਝ ਸਮਾ ਮੈਂ ਬਹੁਤ ਅੜੀ ਕੀਤੀ ਪਰ ਫਿਰ ਪੰਥ ਦੀ ਮਰਯਾਦਾ ਇਕ ਹੋਣੀ ਚਾਹੀਦੀ ਹੈ, ਵਾਲ਼ੀ ਦਲੀਲ ਅੱਗੇ ਸਿਰ ਝੁਕਾ ਦਿਤਾ। ਇਸ ਵਖੇਵੇਂ ਦਾ ਪਤਾ ਓਦੋਂ ਹੀ ਲੱਗਦਾ ਹੈ ਜਦੋਂ ਕੋਈ ਸਿੱਖ ਰਹਰਾਸਿ ਦਾ ਪਾਠ ਕਰਦਾ ਹੈ ਜਾਂ ਮੂਲ਼ ਮੰਤਰ ਪੜ੍ਹਦਾ ਹੈ। ਹਰੇਕ ਡੇਰੇ ਦੀ ਰਹਰਾਸਿ ਵੱਖਰੀ ਹੁੰਦੀ ਹੈ ਦਾ ਪਤਾ ਤਾਂ ਪਹਿਲਾਂ ਕੁਝ ਕੁ ਸੀ ਪਰ ਹੈਰਾਨੀ ਉਸ ਸਮੇ ਹੋਈ ਜਦੋਂ ਕੁਝ ਸਾਲ ਪਹਿਲਾਂ ਕੈਨੇਡਾ ਤੋਂ ਆਈ ਇਕ ਪੜ੍ਹੀ ਲਿਖੀ ਸੁਘੜ ਬੀਬੀ ਜੀ ਨੇ ਸਾਡੇ ਘਰ, ਸ਼ਾਮ ਸਮੇ ਰਹਰਾਸਿ ਦਾ ਏਨਾ ਲੰਮਾ ਪਾਠ ਕੀਤਾ ਕਿ ਏਨੀ ਲੰਮੀ ਰਹਰਾਸਿ ਮੈਂ ਹੋਰ ਕਿਤਿਉਂ ਅੱਜ ਤੱਕ ਨਹੀਂ ਸੁਣੀ। ਦੋ ਕੁ ਸਾਲ ਹੋਏ ਕਿ ਇਕ ਗਿਆਨੀ ਜੀ ਨਾਲ਼, ਕਾਰ ਦੇ ਸਫ਼ਰ ਸਮੇ ਉਹਨਾਂ ਪਾਸੋਂ ਰਹਰਾਸਿ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਹਨਾਂ ਨੇ, “ਸਰਣਿ ਪਰੇ ਕੀ ਰਾਖਹੁ ਸਰਮਾ॥” ਤੇ ਹੀ ਭੋਗ ਪਾ ਕੇ ਫ਼ਤਿਹ ਬੁਲਾ ਦਿਤੀ। ਮੇਰੇ ਨਿਮਰਤਾ ਸਹਿਤ ਸ਼ੰਕਾ ਪਰਗਟ ਕਰਨ ਤੇ ਉਹਨਾਂ ਨੇ ਦੱਸਿਆ ਕਿ ਅਕਾਲ ਤਖ਼ਤ ਵੱਡਾ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ? ਉਸ ਵਿਚ ਕੇਹੜੀ ਰਹਰਾਸਿ ਲਿਖੀ ਹੋਈ ਹੈ?

ਕੁਝ ਸਾਲਾਂ ਤੋਂ ਪਤਾ ਲੱਗ ਰਿਹਾ ਹੈ ਕਿ ਇਕ ਖਾਸ ਜਥਾ ਰਹਰਾਸਿ ਦੇ ਅੰਤ ਵਿਚ ਬਸੰਤ ਕੀ ਵਾਰ ਦਾ ਪਾਠ ਵੀ ਕਰਨ ਲੱਗ ਪਿਆ ਹੈ, ਭਾਵੇਂ ਕਿ ਅਜੇ ਉਹਨਾਂ ਨੇ ਆਪਣੀ ਮਰਯਾਦਾ ਵਾਲ਼ੇ ਗੁਟਕੇ ਵਿਚ ਇਸ ਨੂੰ ਛਾਪਣਾ ਸ਼ੁਰੂ ਨਹੀਂ ਕੀਤਾ।

ਕੁਝ ਸਾਲਾਂ ਤੋਂ ਮੈਂ ਵੇਖ ਰਿਹਾ ਹਾਂ ਕਿ ਪੰਥ ਦੇ ਦੋ ਜਥਿਆਂ ਨੇ ਹਰੇਕ ਦੀਵਾਨ ਦੀ ਸਮਾਪਤੀ ਸਮੇ ਚੌਪਈ ਦਾ ਪਾਠ ਕਰਨਾ ਲਾਜ਼ਮੀ ਕਰ ਦਿਤਾ ਹੈ ਪਰ ਉਹਨਾਂ ਦੋਹਾਂ ਜਥਿਆਂ ਦੀ ਚੌਪਈ ਵਿਚ ਵੀ ਵਾਹਵਾ ਸਾਰਾ ਫਰਕ ਹੈ। ਇਕ ਗ੍ਰੰਥੀ ਸਿੰਘ ਜੀ ਨੇ ਮੈਨੂੰ ਬੜੀ ਦਿਲਚਸਪ ਵਾਰਤਾ ਸੁਣਾਈ। ਉਹ ਵਾਰਤਾ ਇਉਂ ਸੀ ਕਿ ਇਕ ਗੁਰਦੁਆਰਾ ਸਾਹਿਬ ਵਿਖੇ ਦੋਵੇਂ ਜਥੇਬੰਦੀਆਂ ਇਕਠੇ ਧਾਰਮਿਕ ਦੀਵਾਨ ਵਿਚ ਬੈਠਦੀਆਂ ਸਨ। ਇਕ ਜਥੇਬੰਦੀ ਦੇ ਸਿੰਘ ਨੇ ਦੀਵਾਨ ਦੀ ਸਮਾਪਤੀ ‘ਤੇ, “ਹਮਰੀ ਕਰੋ ਹਾਥ ਦੇ ਰਛਾ॥” ਤੋਂ ਸ਼ੁਰੂ ਕਰਕੇ, “ਦੁਸ਼ਟ ਦੋਖ ਤੇ ਲੇਹੁ ਬਚਾਈ॥” ਤੱਕ ਪਾਠ ਕਰਨਾ ਜੋ ਕਿ ਦੂਸਰੀ ਜਥੇਬੰਦੀ ਵਾਲ਼ਿਆਂ ਨੂੰ ਪਸੰਦ ਨਹੀਂ ਸੀ। ਇਕ ਦਿਨ ਉਹਨਾਂ ਦਾ ਸਿੰਘ ਪਹਿਲਾਂ ਹੀ ਤਿਆਰੀ ਸਹਿਤ ਹੱਥ ਵਿਚ ਮਾਈਕ ਲੈ ਕੇ ਬੈਠ ਗਿਆ ਤੇ ਪਾਠ ਕਰਨ ਵਾਲ਼ੇ ਨੇ ਅਜੇ, “ਦੁਸ਼ਟ ਦੋਖ ਤੇ ਲੇਹੁ ਬਚਾਈ॥” ਆਖਿਆ ਹੀ ਸੀ ਤੇ ਉਸ ਨੂੰ ਫ਼ਤਿਹ ਬੁਲਾਉਣ ਦਾ ਮੌਕਾ ਨਾ ਦਿਤਾ ਤੇ ਉਚੀ ਸਾਰੀ, “ਕਿਰਪਾ ਕਰੀ ਹਮ ਪਰ ਜਗਮਾਤਾ॥” ਤੋਂ ਅੱਗੇ ਦਾ ਪਾਠ ਸ਼ੁਰੂ ਕਰ ਦਿਤਾ। ਇਹ ਵੇਖ ਕੇ ਦੂਜੀ ਜਥੇਬੰਦੀ ਵਾਲ਼ਾ ਸੱਜਣ ਬਰਦਾਸ਼ਤ ਨਾ ਕਰ ਸਕਿਆ ਤੇ ਉਚੀ ਸਾਰੀ ਭਰੀ ਸੰਗਤ ਵਿਚ ਹੀ ਬੋਲ ਪਿਆ, “ਓ ਅੜਿਲ, ਤੇਰਾ ਪੁਨ ਰਾਛਸ ਕਾ ਕਾਟਾ ਸੀਸਾ॥ ਰਹਿ ਗਿਆ ਓਇ?”

ਇਕ ਵਾਰੀਂ ਮੇਰੇ ਨਾਲ ਵੀ ਅਜਿਹਾ ਕੁਝ ਹੀ ਵਾਪਰ ਗਿਆ; ਇਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਦੀ ਸਮਾਪਤੀ ਸਮੇ ਮੈਂ ਮੁਖਵਾਕ ਲਿਆ ਤੇ ਮੁਖਵਾਕ ਦੀ ਸਮਾਪਤੀ ਤੇ ਸੰਗਤ ਵਿਚੋਂ ਕਿਸੇ ਨੇ ਉਚੀ ਸਾਰੀ ਆਖਿਆ, “ਚੌਪਈ ਸਾਹਿਬ ਪੜ੍ਹੋ ਜੀ!” ਮੈਂ “ਹਮਰੀ ਕਰੋ ਹਾਥ ਦੈ ਰਛਾ॥” ਤੋਂ ਸ਼ੁਰੂ ਕਰਕੇ, “ਦੁਸਟ ਦੋਖ ਤੇ ਲੇਹੁ ਬਚਾਈ॥” ਬੋਲ ਕੇ ਫ਼ਤਿਹ ਬੁਲਾ ਦਿਤੀ। ਕਿਸੇ ਨੇ ਨਾ ਕੁਝ ਆਖਿਆ ਤੇ ਨਾ ਕੋਈ ਕੁਝ ਬੋਲਿਆ। ਮੇਰੇ ਪਿੱਛੇ ਪਿੱਛੇ ਇਕ ਚੜ੍ਹਦੀਕਲਾ ਵਾਲ਼ਾ ਨੌਜਵਾਨ ਸਿੰਘ ਮੇਰੇ ਕਮਰੇ ਵਿਚ ਆ ਗਿਆ ਤੇ ਮੈਨੂੰ ਪੁੱਛਿਆ ਕਿ ਮੈਂ ਚੌਪਈ ਸਾਹਿਬ ਕੇਹੜੀ ਪੜ੍ਹੀ ਹੈ! ਮੈਂ ਦੱਸਿਆ ਕਿ ਜੇਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੜ੍ਹਦੇ ਹਨ ਤੇ ਏਹੀ ਮੈਨੂੰ ਯਾਦ ਹੈ ਤੇ ਏਹੀ ਮੈਂ ਪੜ੍ਹੀ ਹੈ। “ਮਹਾਰਾਜ ਨੇ ਕੇਹੜੀ ਚੌਪਈ ਉਚਾਰੀ ਸੀ?’ ਕੁਝ ਰੋਸੇ ਜਿਹੇ ਵਾਲ਼ੀ ਟੋਨ ਵਿਚ ਉਸ ਨੌਜਵਾਨ ਨੇ ਪੁੱਛਿਆ। ਮੈਂ ਆਖਿਆ ਕਿ ਉਸ ਸਮੇ ਦਾ ਕੋਈ ਸਿੱਖ ਹੋਵੇ ਤਾਂ ਓਹੋ ਹੀ ਦੱਸ ਸਕਦਾ ਹੈ ਕਿ ਮਹਾਰਾਜ ਜੀ ਨੇ ਕੇਹੜੀ ਚੌਪਈ ਉਚਾਰੀ ਸੀ! ਇਹ ਸੁਣ ਕੇ ਉਹ ਕੁਝ ਰੋਸੇ ਜਿਹੇ ਵਿਚ ਪਰ ਚੁੱਪ ਚਾਪ ਚਲਿਆ ਗਿਆ। ਇਕ ਦਿਨ ਫਿਰ ਮਿੱਤਰਾਨਾ ਵਾਤਾਵਰਣ ਵਿਚ ਸਾਡਾ ਆਪਸ ਵਿਚ ਵਿਚਾਰ ਵਟਾਂਦਰਾ ਹੋਇਆ। ਗੱਲ ਬਾਤ ਵਿਚ ਉਸ ਨੌਜਵਾਨ ਨੇ ਕਿਸੇ ਇਕ ਸੱਜਣ ਬਾਰੇ ਦੱਸਿਆ ਕਿ ਉਹ ਹਰੇਕ ਦੀਵਾਨ ਦੀ ਸਮਾਪਤੀ ਤੇ ਚਾਲ਼ੀ ਪਉੜੀਆਂ ਵਾਲਾ ਅਨੰਦ ਸਾਹਿਬ ਪੜ੍ਹਦਾ ਹੈ। ਮੈਂ ਆਖਿਆ ਕਿ ਉਹ ਆਪਣੇ ਘਰ ਬੈਠ ਕੇ ਭਾਵੇਂ ਅੱਸੀ ਪਉੜੀਆਂ ਵਾਲ਼ਾ ਅਨੰਦ ਸਾਹਿਬ ਪੜ੍ਹੇ; ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜਦੋਂ ਇਕ ਨੇ ਇਕ ਦਿਨ ਛੇ ਪਉੜੀਆਂ ਪੜ੍ਹੀਆਂ ਤੇ ਦੂਜੇ ਦਿਨ ਦੂਜੇ ਨੇ ਚਾਲ਼ੀ ਪਉੜੀਆਂ ਪੜ੍ਹੀਆਂ ਤੇ ਅਗਲੇਰੇ ਦਿਨ ਫਿਰ ਤੀਜੇ ਨੇ ਛੇ ਪਉੜੀਆਂ ਪੜ੍ਹੀਆਂ ਤਾਂ ਸਰੋਤਿਆਾਂ ਵਿਚ ਸ਼ੰਕਾ ਪੈਦਾ ਹੋਵੇਗੀ ਕਿ ਤਿੰਨਾਂ ਵਿਚੋਂ ਸਹੀ ਕੇਹੜਾ ਹੈ!

ਅਨੰਦ ਸਾਹਿਬ ਅਤੇ ਰਹਰਾਸਿ ਬਾਰੇ ਵੱਖ ਵੱਖ ਵਿਚਾਰ ਤਾਂ ਅਜੇ ਚੱਲਦੇ ਹੀ ਹਨ ਤੇ ਵੱਖ ਵੱਖ ਦੁਕਾਨਦਾਰਾਂ ਵੱਲੋਂ ਛਪੇ ਨਿੱਤਨੇਮ ਦੇ ਗੁਟਕੇ ਵੀ ਸ਼ਰਧਾਵਾਨ ਸਿੱਖਾਂ ਦੇ ਮਨਾਂ ਵਿਚ ਸ਼ੰਕੇ ਪਾਈ ਹੀ ਜਾ ਰਹੇ ਹਨ; ਹੁਣ ਕੁਝ ਦੁਕਾਨਦਾਰਾਂ ਵੱਲੋਂ ਦੋ ਹੋਰ ਨਵੇਂ ‘ਭੰਬਲ਼ਭੂਸੇ’ ਖੜ੍ਹੇ ਕਰ ਦਿਤੇ ਗਏ ਹਨ। ਇਕ ਕੈਲ਼ੰਡਰ ਅਜਿਹਾ ਛਾਪਿਆ ਗਿਆ ਹੈ ਜਿਸ ਦਾ ਸਿਰਲੇਖ ਹੈ ‘ਜਪੁ ਜੀ ਸਾਹਿਬ’ ਪਰ ਕੈਲੰਡਰ ਉਪਰ ਸਿਰਫ ਜਪੁ ਜੀ ਸਾਹਿਬ ਦੀਆਂ ਪੰਜ ਪਉੜੀਆਂ ਹੀ ਛਾਪੀਆਂ ਗਈਆਂ ਹਨ। ਇਸ ਤੋਂ ਇਲਾਵਾ ਇਕ ਹੋਰ ਕੈਲੰਡਰ ਉਪਰ ਸਿਰਲੇਖ ਛਾਪਿਆ ਗਿਆ ਹੈ ‘ਸੁਖਮਨੀ ਸਾਹਿਬ’ ਪਰ ਛਾਪੇ ਸੁਖਮਨੀ ਸਾਹਿਬ ਦੇ ਸਿਰਫ ਚੌਵੀ ਸਲੋਕ ਹੀ ਗਏ ਹਨ। ਜੇਕਰ ਪਹਿਲੇ ਕੈਲੰਡਰ ਦੇ ਸਿਰਲੇਖ ਨਾਲ਼ ‘ਜਪੁ ਜੀ ਸਾਹਿਬ ਦੀਆਂ ਪੰਜ ਪਉੜੀਆਂ’ ਅਤੇ ਦੂਜੇ ਉਪਰ ‘ਸੁਖਮਨੀ ਸਾਹਿਬ ਦੇ ਚੌਵੀ ਸਲੋਕ’ ਵੀ ਛਾਪ ਦਿੰਦੇ ਤਾਂ ਕੋਈ ਗ਼ਲਤ ਗੱਲ ਨਹੀਂ ਸੀ ਪਰ ਇਸ ਤਰ੍ਹਾਂ ਕੁਝ ਸਮੇ ਬਾਅਦ ਇਹਨਾਂ ਬਾਰੇ ਵੀ, ਵੱਡਾ ਜਪੁ ਜੀ ਸਾਹਿਬ ਕਿ ਛੋਟਾ ਜਪੁ ਜੀ ਸਾਹਿਬ? ਵੱਡਾ ਸੁਖਮਨੀ ਸਾਹਿਬ ਕਿ ਛੋਟਾ ਸੁਖਮਨੀ ਸਾਹਿਬ? ਵਾਲ਼ੀ ‘ਘੜਮੱਸ’ ਪੈ ਸਕਦੀ ਹੈ।

ਇਸ ਆਪੋ ਧਾਪੀ ਨੂੰ ਰੋਕਣ ਜਾਂ ਘਟਾਉਣ ਦੀ ਸਭ ਤੋਂ ਵਧ ਜੁੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਬਣਦੀ ਹੈ ਜਿਸ ਦੀ ਛਤਰ ਛਾਇਆ ਹੇਠ, ਪੰਥ ਦੇ ਵਿਦਵਾਨਾਂ ਨੇ ਇਕ ਮਤ ਹੋ ਕੇ ਸਿੱਖ ਰਹਿਤ ਮਰਯਾਦਾ ਨਾਮੀ ਪੁਸਤਿਕਾ ਤਿਅਰ ਕੀਤੀ ਸੀ। ਉਸ ਸਿੱਖ ਰਹਿਤ ਮਰਯਾਦਾ ਨੂੰ ਪੰਥ ਵਿਚ ਪ੍ਰਚੱਲਤ ਕਰਨ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਿਆਨ ਨਹੀਂ ਦਿਤਾ ਤੇ ਨਾ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ, ਸ਼੍ਰੋਮਣੀ ਕਮੇਟੀ ਨੂੰ ਅਜਿਹਾ ਕੁਝ ਕਰਨ ਦੀ ਕਦੀ ਹਿਦਾਇਤ ਕੀਤੀ ਗਈ ਬਾਰੇ ਹੀ ਸੁਣਨ ਵਿਚ ਆਇਆ ਹੈ। ਇਕ ਕਾਰਨ ਤਾਂ ਇਸ ਦਾ ਇਹ ਵੀ ਹੈ ਕਿ ਸਮੇ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਵੀ ਕਿਸੇ ਨਾ ਕਿਸੇ ਸੰਪਰਦਾ ਜਾਂ ਕਿਸੇ ਜਥੇ/ਡੇਰੇ ਵਿਚੋਂ ਹੀ ਵਿੱਦਿਆ ਪ੍ਰਾਪਤ ਕਰਕੇ ਆਏ ਹੁੰਦੇ ਹਨ ਤੇ ਉਹਨਾਂ ਦੇ ਆਪਣੀ ਜਥੇਬੰਦੀ ਵਾਲ਼ੀ ਮਰਯਾਦਾ ਹੀ ਠੀਕ ਹੋਣ ਦੇ ਵਿਚਾਰ ਪ੍ਰਪੱਕ ਹੁੰਦੇ ਹਨ ਤੇ ਤਖ਼ਤ ਸਾਹਿਬ ਤੇ ਡਿਊਟੀ ਉਪਰ ਹੋਣ ਸਮੇ ਉਹ ਭਾਵੇਂ ਮਰਯਾਦਾ ਤਾਂ ਤਖ਼ਤ ਸਾਹਿਬ ਵਾਲੀ ਭੁਗਤਾਉਂਦੇ ਹਨ ਪਰ ਅੰਦਰੋਂ ਇਸ ਨਾਲ਼ ਸਹਿਮਤ ਨਹੀਂ ਹੁੰਦੇ। ਇਸ ਲਈ ਉਹ ਇਸ ਦੇ ਪ੍ਰਚਾਰ ਉਪਰ ਜੋਰ ਨਹੀਂ ਦਿੰਦੇ। ਰਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ; ਉਸ ਦੇ ਸਟਾਫ਼ ਦੀ ਪਹਿਲੀ ਜੁੰਮੇਵਾਰੀ ਤਾਂ ਆਪਣੇ ਪ੍ਰਬੰਧ ਅਧੀਨ ਸੰਸਥਾਵਾਂ ਦਾ ਪ੍ਰਬੰਧ ਕਰਨ ਦੀ ਹੁੰਦੀ ਹੈ ਤੇ ਇਹ ਕੁਝ ਕਰਨ ਤੋਂ ਬਾਅਦ ਜੇ ਕੁਝ ਸਮੇ, ਧਨ ਆਦਿ ਦੇ ਵਸੀਲੇ ਬਚ ਜਾਣ ਤਾਂ ਫਿਰ ਉਹਨਾਂ ਵਸੀਲਿਆਂ ਦੀ ਵਰਤੋਂ, ਕਮੇਟੀ ਉਪਰ ਕਾਬਜ ਧੜੇ ਦੀ ਇਛਾ ਅਨੁਸਾਰ ਕਰਨੀ ਹੁੰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ; ਇਹ ਕਾਰਜ ਪ੍ਰਣਾਲੀ ਸ਼ੁਰੂ ਤੋਂ ਹੀ ਚਲੀ ਆ ਰਹੀ ਹੈ। ਇਹ ਕੁਝ ਲਿਖ ਕੇ ਮੈਂ ਇਸ ਦੇ ਸਹੀ ਹੋਣ ਦੀ ਪ੍ਰੋੜ੍ਹਤਾ ਨਹੀਂ ਕਰ ਰਿਹਾ ਪਰ ਹੈ ਇਹ ਜ਼ਮੀਨੀ ਹਕੀਕਤ। ਹਾਂ, ਲੰਡਨ ਵਾਸੀ ਇਕ ਵਿਦਵਾਨ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਜੀ ਨੇ ਇਸ ਪੱਖ ਤੇ ਵਾਹਵਾ ਸਾਰਾ ਉਦਮ ਕੀਤਾ ਹੈ। ਉਹਨਾਂ ਨੇ ਇਸ ਬਾਰੇ ਇਕ ਕਿਤਾਬ ਵੀ ਲਿਖ ਕੇ ਛਪਵਾਈ ਹੈ ਤੇ ਇਕ ਸੀ.ਡੀ. ਵੀ ਤਿਆਰ ਕਰਕੇ ਸੰਗਤਾਂ ਵਿਚ ਵੰਡੀ ਹੈ ਤਾਂ ਕਿ ਦੇਸ ਪਰਦੇਸ ਦੀਆਂ ਸੰਗਤਾਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਤੋਂ ਜਾਣੂ ਹੋ ਸਕਣ। ਇਹ ਉਦਮ ਸ਼ਲਾਘਾਯੋਗ ਹੈ।

ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਘਟ ਤੋਂ ਘਟ ਏਨਾ ਕਾਰਜ ਤਾਂ ਕਰ ਹੀ ਸਕਦੇ ਹਨ ਕਿ ਇਕ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਚ ਜੇਹੜੇ ਪਰਾਣੀ ਅੰਮ੍ਰਿਤ ਪਾਨ ਕਰਦੇ ਹਨ ਉਹਨਾਂ ਨੂੰ ਉਸ ਸਮੇ ਇਕ ਇਕ ਕਾਪੀ ਸਿਖ ਰਹਿਤ ਮਰਯਾਦਾ ਦੀ ਅਤੇ ਇਕ ਇਕ ਨਿਤਨੇਮ ਦਾ ਗੁਟਕਾ ਦੇ ਕੇ, ਇਹ ਤਾਂ ਆਖਿਆ ਹੀ ਜਾ ਸਕਦਾ ਹੈ ਕਿ ਇਹ ਪੰਥ ਦੀ ਮਰਯਾਦਾ ਹੈ ਤੇ ਘਟ ਤੋਂ ਘਟ ਗੁਰਸਿੱਖ ਵਾਸਤੇ ਏਨੀ ਬਾਣੀ ਦਾ ਨਿਤਨੇਮ ਜ਼ਰੂਰੀ ਹੈ; ਇਸ ਤੋਂ ਇਲਾਵਾ ਹੋਰ ਜਿੰਨੀ ਵੀ ਬਾਣੀ ਪੜ੍ਹ ਸਕੋ, ਵਾਹਿਗੁਰੂ ਸਿਮਰਨ ਕਰ ਸਕੋ, ਧੰਨ ਭਾਗ, ਕਰੋ!

ਇਸ ਤੋਂ ਇਲਾਵਾ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੁਆਰਾ ਪ੍ਰਕਾਸ਼ਤ ਕੀਤੇ ਗਏ ਨਿੱਤਨੇਮ ਦੇ ਗੁਟਕੇ ਅਤੇ ਸਿੱਖ ਰਹਿਤ ਮਰਯਾਦਾ ਦੀਆਂ ਕਾਪੀਆਂ, ਦੇਸ ਅਤੇ ਪਰਦੇਸ ਦੀਆਂ ਸਿੱਖ ਸੰਸਥਾਵਾਂ ਤੱਕ ਵਧ ਤੋਂ ਵਧ ਪੁਚਾਉਣ ਦਾ ਉਪ੍ਰਾਲਾ ਕਰੇ। ਦੂਜੀਆਂ ਸੰਪਰਦਾਵਾਂ ਵਾਲੇ ਅਤੇ ਉਹਨਾਂ ਦੇ ਸ਼ਰਧਾਲੂ, ਆਪਣੇ ਛਪੇ ਗੁਟਕੇ ਅਤੇ ਦੂਜਾ ਲਿਟ੍ਰੇਚਰ ਸੱਬਰਕੱਤੀ ਗਿਣਤੀ ਵਿਚ ਗੁਰਦੁਆਰਾ ਸਾਹਿਬਾਨ ਵਿਚ ਭੇਜਣ ਦਾ ਹਮੇਸ਼ਾਂ ਉਦਮ ਕਰਦੇ ਰਹਿੰਦੇ ਹਨ।

(ਕਿਤਾਬ ‘ਸਾਦੇ ਸਿਧਰੇ ਲੇਖ’ ਵਿਚੋਂ)

Install Punjabi Akhbar App

Install
×