ਡਾਇਰੀ ਦਾ ਪੰਨਾ -ਨਦੀਆਂ ਤੇ ਪ੍ਰਬਤਾਂ ਦੇ ਅੰਗ-ਸੰਗ

20190817_212234

2005 ਦੀਆਂ ਗਰਮੀਆਂ। ਲੰਡਨ ਦਾ ਇਕ ਜੰਗਲ। ਇੱਕ ਨੁੱਕਰੇ ਨੀਰ ਵਹਾਉਂਦੀ ਦੇਖੀ ਉਦਾਸੀ ਲੱਦੀ ਇੱਕ ਨਦੀ! ਜਦ ਉਸ ਨਿੱਕੀ ਨਦੀਓਂ ਨੀਰ ਵਿਛੜਨ ਲੱਗਿਆ ਤਾਂ ਆਥਣ ਵੀ ਉਦਾਸ ਹੋ ਗਈ। ਇਹ ਨਦੀ ਜਿੰਨੀਓ ਨਿੱਕੀ, ਓਨੀਓਂ ਤਿੱਖੀ! ਭਰ ਭਰ ਵਗਦੀ ਹੈ। ਡੁੱਲ੍ਹਦੀ ਹੈ। ਉਛਲਦੀ ਹੈ ਤੇ ਨਿੱਕੀਆਂ ਚੋਆਂ ਨੂੰ ਵਗਣਾ ਸਿਖਾਉਂਦੀ ਹੈ। ਕਦੇ ਕਦੇ ਸੋਗੀ ਨਗਮੇਂ ਗਾਉਂਦੀ ਹੈ। ਨੀਲੱਤਣ ਰੰਗਿਆ ਪਾਣੀ ਇਹਦਾ ਕਦੇ ਚਾਂਦੀ ਭਾਅ ਮਾਰਦਾ ਹੈ। ਨਦੀ ਨੇ ਨੰਗੀ ਹੋ ਨਾਚ ਨੱਚਣਾ ਚਾਹਿਐ ਅੱਜ। ਵੰਨ-ਸੁਵੰਨੜੇ ਤੇ ਰੰਗ ਰੰਗੀਲੜੇ ਗਾਉਂਦੇ ਤੇ ਚਹਿਚਾਉਂਦੇ ਪੰਛੀਆਂ ਦੀ ਇੱਕ ਲੰਬੀ ਉਡਾਰ ਇਹਦੀਆਂ ਲਹਿਰਾਂ ਤੇ ਝੱਗਾਂ ਉਤੋਂ ਦੀ ਉੱਡੀ ਹੈ। ਨਦੀ ਨੇ ਨਿਹੋਰਾ ਦਿੱਤੈ, ”ਨਿਰਮੋਹੇ ਪੰਛੀਓ, ਕੁਵੇਲੇ ਆਏ ਓ! ਕੀ ਨਗਮੇਂ ਗਾਓਗੇ ਨਿਖੱਟੁਓ! ਮੁੜ ਜਾਓ ਆਪਣੇ ਰੁੱਖਾਂ ਤੇ ਆਲਣਿਆਂ ਨੁੰ,ਜਿੱਥੋਂ ਭਰੀਆਂ ਉਡਾਰੀਆਂ ਵਿੱਤੋਂ ਬਾਹਰੀਆਂ! ਨਦੀ ਦੇ ਨੈਣ ਤ੍ਰਿਹਾਏ ਨੇ। ਬੱਦਲੀ ਦਾ ਕੋਈ ਟੁੱਟਿਆ ਟੋਟਾ ਲੱਭਦੀ ਹੈ। ਨਾ ਡੁਬਦੇ ਸੂਰਜ ਦੀ ਲਾਲੀ ਹੈ। ਨਾ ਬਦਲੀਆਂ ਦੀ ਆਹਟ ਹੈ। ਨਿਰੰਤਰ ਵਗਦੀ ਰਹੀ ਕਰਮਾਂ ਮਾਰੀ ਪਰ ਸ਼ਾਂਤ ਹੁੰਦੀ ਜਾਂਦੀ ਨਦੀ ਨੂੰ ਥਕਾਵਟ ਹੈ। ਕਿਨਾਰਿਆਂ ਨੂੰ ਸਲਾਮ ਕਰਦੀ ਵਿਸ਼ਰਾਮ ਕਰਨ ਜਾ ਰਹੀ ਹੈ ਨਦੀ। ਕੈਸਾ ਹੈ ਵਹਿੰਦੀ ਨਦੀ ਦਾ ਵਿਯੋਗ!

“””””””””‘
2011, ਆਸਟਰੇਲੀਆ ਦਾ ਵਲਗੂਲਗਾ ਪਿੰਡ। ਨਿੱਘੀ ਦੁਪਹਿਰ ਹੈ। ਮੈਂ ਪਹਾੜੀਂ ਚੜ੍ਹਿਆ। ਕਾਲੇ ਭਾਰੀ ਪ੍ਰਬਤ ਉਤੇ ਕੈਮਰਾ ਗਲ ਪਾਈ ਫਿਰਦਾ ਸਾਂ। ਕੋਸੇ ਪਾਣੀ ਦੀ ਥਰਮਸ ਹੱਥ ਵਿਚ ਹੈ। ਪੱਥਰੀਲੀ ਇੱਕ ਤਰੇੜ ‘ਚੋਂ ਹਰੀ ਕਰੂੰਬਲ ਨੇ ਹਾਕ ਮਾਰੀ ਤੇ ਬੋਲੀ, ” ਵੇ ਪਰਦੇਸੀਆ,ਦੇਖ ਮੇਰਾ ਜ਼ੇਰਾ, ਮੇਰੀ ਹਿੰਮਤ ਤੇ ਮੇਰੀ ਜੁਅੱਰਤ ਦੇਖ, ਫੁੱਟ ਆਈ ਆਂ ਕਾਲੇ ਤੇ ਖਾਰੇ ਪਰਬਤ ਦੀ ਹਿੱਕ ਵਿਚੋਂ ਦੀ…ਮਸਾਂ ਫੁੱਟੀ ਆਂ, ਆਪਣੀ ਬਲਬੂਤੇ ਅੱਗੇ ਵਧਾਂਗੀ, ਬਹਤ ਅੱਗੇ ਵਧਾਂਗੀ ਮੈਂ। ਮੈਂ ਜਾਣਦੀ ਆਂ, ਮੀਂਹ ਆਵਣਗੇ ਜ਼ੋਰੀਂ-ਸ਼ੋਰੀਂ,ਹਨੇਰ ਝੂੱਲਣਗੇ, ਤਪਦੀਆਂ ਧੁੱਪਾਂ ਤੇ ਅੰਨ੍ਹੀਆਂ ਧੁੰਦਾਂ ਪੈਣਗੀਆਂ ਪਰ ਮੈਂ ਵਧਾਂਗੀ, ਬਹੁਤ ਅੱਗੇ ਵਧਾਂਗੀ। ਸਾਰਾ ਪਰਬਤ ਮੇਰੀ ਹਰਿਆਵਾਲ ਨਾਲ ਲੱਦਿਆ ਹਰਿਆ-ਭਰਿਆ ਦਿਸੇਗਾ, ਤੂੰ ਮੇਰੀ ਫੋਟੂ ਖਿੱਚ੍ਹ ਲੈ…ਜਦੋਂ ਉਦਾਸ ਹੋਇਆ ਕਰੇਂ ਆਪਣੇ ਹੱਥੀਂ ਖਿੱਚ੍ਹੀ ਮੇਰੀ ਫੋਟੋ ਦੇਖ ਲਿਆ ਕਰੀਂ… ਢੇਰੀ ਨਾ ਢਾਹਵੀਂ ਕਦੇ ਵੀ, ਜਦੋਂ ਉਦਾਸੀ ਆਵੇ ਤਾਂ ਬੰਦਾਂ ਮਨੁੱਖਾਂ ਤੋਂ ਨਹੀਂ ਤਾਂ ਰੁੱਖਾਂ,ਵੇਲਾਂ,ਬੂਟਿਆਂ ਤੇ ਮੇਰੇ ਜਿਹੀਆਂ ਪੁੰਗਰਦੀਆਂ ਕਰੂੰਬਲਾਂ ਤੋਂ ਹੀ ਕੁਝ ਨਾ ਕੁਝ ਸਿੱਖ ਲਵੇ, ਏਨਾ ਈ ਬੜਾ ਹੈ। ਹਰੀ ਕਰੂੰਬਲ ਨੇ ਮੇਰਾ ਮਨ ਖੇੜੇ ਵਿਚ ਲੈ ਆਂਦਾ ਹੈ। ਫੋਟੋ ਖਿੱਚ੍ਹ ਮੈਂ ਅਗਾਂਹ ਤੋਰਿਆ, ਮੇਰਾ ਮਨ ਹਰਿਆ-ਭਰਿਆ ਤੇ ਭਰਿਆ ਭਰਿਆ ਹੈ। ਮੈਨੂੰ ਇਸ ਕਰੂੰਬਲ ਤੋਂ ਪ੍ਰੇਰਨਾ ਮਿਲੀ ਏ ਜੋ ਅਭੁੱਲ ਹੈ।
“””””””””
10 ਅਗਸਤ, 2019 ਦੀ ਆਥਣ ਕਮਾਲ ਹੈ। ਹੁਣ ਤੀਕ ਮੈਂ ਦੇਖਦਾ ਆਇਆ ਸਾਂ ਕਿ ਮੀਂਹ ਹਮੇਸ਼ਾ ਲਾਹੌਰ ਵਾਲੇ ਪਾਸਿਓਂ ਹੀ ਚੜ੍ਹਦਾ ਸੀ, ਚਮਕਦਾ ਸੀ। ਗਰਜਦਾ ਸੀ ਤੇ ਭਰ-ਭਰ ਬਰਸਦਾ ਸੀ। ਅੱਜ ਪੂਰਬੌਂ ਚੜ੍ਹਿਆ ਐ। ਪਹਿਲੀ ਵਾਰ ਦੇਖਿਆ। ਜਦ ਲਾਹੌਰੌਂ ਲਿਸ਼ਕਣਾ ਤਾਂ ਦਾਦੇ ਨੇ ਆਖਣਾ, ”ਭਾਈ, ਸਾਂਭ ਲਓ ਭਾਂਡੇ-ਟੀਂਡੇ ਏਹ ਨਾ ਸੁੱਕਾ ਨੀ ਜਾਂਦਾ…।” ਅੱਜ ਆਥਣੇ ਲਾਹੌਰੋ ਖੁਸ਼ਕੀ ਭਰੀ ਹਵਾ ਆਈ ਹੈ। ਸ਼ਾਇਦ ਹਵਾ ਨੇ ਵਗਣ ਤੋਂ ਪਹਿਲਾਂ ਜੰਮੂ ਕਸ਼ਮੀਰ ਵਾਲੇ ਪਾਸਿਓਂ ਕਿਸੇ ਨੂੰ ਕੁਝ ‘ਪੁੱਛ’ ਲਿਆ ਹੋਵੇ!

Install Punjabi Akhbar App

Install
×