ਡਾਇਰੀ ਦੇ ਪੰਨੇ…… ਮੈਂ ਤਾਂ ਪਿੰਡ ਜਾਣੈ… 

Ninder Ghugianvi 190530 20190529_074700

ਲੰਡਨ ਦੀਆਂ ਠੰਢੀਆਂ-ਭਿੱਜੀਆਂ, ਸਲਾਭ੍ਹੀਆਂ ਤੇ ਤਿਲਕਵੀਆਂ ਗਲੀਆਂ! ਕੁੜੀ ਤੇ ਪ੍ਰਾਹੁਣਾ ਗਏ ਕੰਮਾਂ ‘ਤੇ, ਘਰ ਕੱਲ-ਮਕੱਲਾ ਮੈਨੂੰ ਖਾਣ ਨੂੰ ਆਵੇ। ਮੇਰੇ ਪਿੰਡ ਦੀਆ ਗਲੀਆਂ ਦੀ ਯਾਦ ਸਤਾਵੇ। ਗੁਰਦਾਸ ਮਾਨ ਗਾਉਣੋ ਨਹੀਂ ਹਟਦਾ…ਗਲੀਆਂ ਦੀ ਯਾਦ ਦੁਵਾਉਣੋ ਨੀ ਹਟਦਾ…ਧੂਹ ਕਲੇਜੇ ਪਾਉਣੋ ਨੀ ਹਟਦਾ…। ਸਿਖਰ ਦੁਪਹਿਰੇ ਘਰੋਂ ਨਿਕਲ ਤੁਰਦਾ ਹਾਂ ਵਕਤ ਬਿਤਾਉਣ ਖਾਤਰ ਮੈਂ…। ਲੰਬੜਦਾਰ, ਮੈਂ ਪਿੰਡ ਦਾ ਸਰਦਾਰ। ਏਥੇ ਮੈਨੂੰ ਕੋਈ ਨਾ ਬੁਲਾਵੇ ‘ਸਾਸਰੀ ‘ਕਾਲ…। ਅਣਪਛਾਤੇ ਚਿਹਰਿਆਂ ਦੀ ਭੀੜ। ਗੋਰੇ-ਗੋਰੀਆਂ ਦੀ ਚਹਿਲ-ਪਹਿਲ। ਵੰਨ-ਸੁਵੰਨੀ ਦੁਨੀਆ ਦਾ ਮੇਲਾ ਜਿਹਾ ਲੱਗਿਆ ਪਿਐ ਜਿਵੇਂ ਹਰ ਕੋਈ ਏਸ ਮੇਲੇ ਵਿਚ ਗੁਆਚਾ ਫਿਰਦੈ। ਮੇਰਾ ਏਥੇ ਗੁਆਚਣ ਨੂੰ ਜੀਅ ਨਹੀਂ ਕਰਦਾ, ਮੈਂ ਸਲਾਮਤ ਰਹਿਣਾ ਚਾਹੁੰਨੈ, ਮੈਂ ਤਾਂ ਪਿੰਡ ਜਾਣੈ…। ਖਿਡਾਉਣਿਆਂ ਜਿਹੀਆਂ ਮੋਟਰਾਂ ਦੀ ਘੂੰ-ਘੂੰ…ਕੀ ਕਰਦਾ? ਆਉਣਾ ਪਿਐ ਮੁੰਡੇ ਦੇ ਮਗਰੇ। ਧੀ-ਜਵਾਈ ਦਾ ਪ੍ਰੈਸ਼ਰ ਤੇ ਪੌਂਡਾਂ ਦੀ ਪੈਨਸ਼ਿਨ, ਮਰਦੀ ਨੇ ਅੱਕ ਚੱਬਿਆ…ਵਾਂਗ ਹੋਈ ਐ। ਇਹ ਲੰਡਨ ਜੇਠ ਹੈ ਮੇਰਾ ਤੇ ਮੈਂ ਲੰਬੜਦਾਰ ਏਸ ਨਿਰਮੋਹੇ ‘ਲੰਡਨ ਦੀ ਭਾਬੀ’ ਬਣ ਗਿਆਂ। ਗੁਰੂ ਘਰ ਜਾਨੈ, ਤਾਂ ਮਨ ਨਹੀਂ ਟਿਕਦਾ। ਡੇਅ ਸੈਂਟਰ ਜਾਨੈ ਤਾਂ ਕਿਸੇ ਨਾਲ ਮੀਚਾ ਨਹੀਂ ਮਿਚਦੀ, ਬੁੜ੍ਹਿਆਂ ਦੇ ਅੱਡੋ-ਅੱਡ ਖਿਆਲ…ਬਹਿਸਣ ਲੱਗੇ ਪਲ ਨਹੀਂ ਲਾਉਂਦੇ। ਪਾਰਕ ‘ਚ ਵੀ ਇਹੋ ਹਾਲ…ਕਿਸੇ ਨੂੰ ਬਖਸ਼ਦੀ ਇਹ ਢਾਣੀ…ਦੂਰੋਂ ਤੁਰੇ ਆਉਂਦੇ ਨੂੰ ਵੇਖ ਤਰਾਂ-ਤਰਾਂ ਦੇ ਟੋਟਕੇ ਕਸਦੇ ਨੇ…ਆਹ ਗਿਐ ਲੰਬੜਦਾਰ…ਪੰਜਾਬ ਸਰਕਾਰ…ਬਾਦਲਾਂ ਦਾ ਖਾਸਮ-ਖਾਸ। ਇੱਕ ਦਿਨ ਪੰਡੋਰੀ ਆਲੇ ਨੂੰ ਝਾੜਿਆ ਵੀ ਸੀ ਪਰ ਬੇਸ਼ਰਮ ਐਂ ਸਾਲਾ…ਬਕਵਾਸ ਕਰਨੋਂ ਨਹੀਂ ਰਹਿ ਕਸਦਾ…ਜਿੰਨੀ ਮਰਜ਼ੀ ਕੁੱਤੇ ਖਾਣੀ ਕਰੀ ਜਾਓ…ਅਖੇ ਲੰਬੜਦਾਰਾ ਕਦੋਂ ਜਾਣੈ ਇੰਡੀਆ ਹੁਣ…ਲੰਬੜਦਾਰਨੀ ਦੀ ਬਰਸੀ ਮਨਾਉਣ।

ਤੁਰਦਾ-ਤੁਰਦਾ ਬਹਿ ਜਾਨੈ ਬੈਂਚ ‘ਤੇ ਸੜਕ ਕਿਨਾਰੇ। ਮੈਂ ਬੋਚ-ਬੋਚ ਪੱਬ ਧਰਦਾਂ ਲੰਡਨ ਦੀਆਂ ਤਿਲਕਵੀਆਂ ਗਲੀਆਂ ‘ਤੇ…ਮਤਾਂ ਕਿਤੇ ਤਿਲ੍ਹਕ ਨਾ ਜਾਵਾਂ ਤੇ ਫਿਰ ਪਛਤਾਵਾਂ। ਕਿਧਰੇ ਪਿੰਡ ਖੁਣੋਂ ਨਾ ਰਹਿ ਜਾਵਾਂ। ਮਹੀਨੇ ਗਿਣਦਾਂ, ਫਿਰ ਦਿਨ ਗਿਣਦਾਂ ਰੋਜ਼ ਹੀ…। ”ਪੁੱਤ ਹੁਣ ਪਿੰਡ ਜਾਣੈ, ਬਹੁਤ ਚਿਰ ਹੋ ਗਿਆ…।” ਧੀ ਸੁਣ ਕੇ ਬੋਲੀ -”ਪਿੰਡ ਕੀ ਐ…?” ਮੈਂ ਕਹਿ ਨਾ ਸਕਿਆ ਕਿ ਏਥੇ ਕੀ ਐ? ਮੈਨੂੰ ਮੇਰਾ ਪਿੰਡ ਪਿਆਰਾ ਹੈ ਲੰਡਨ ਦੀਆਂ ਗਲੀਆਂ ਨਹੀਂ ਪਿਆਰੀਆਂ। ਪਿੰਡ ਮੇਰੇ ਇੱਕੋ ਠੇਕਾ …ਉਹ ਵੀ ਪਿੰਡੋਂ ਬਾਹਰ…ਤੇ ਏਥੇ ਪੈਰ-ਪੈਰ ‘ਤੇ ਪੱਬ ਨੇ। ਮੇਰਾ ਕੁੜਮ ਆਂਹਦਾ ਸੀ ਕਿ ਗੋਰੇ ਦਾਰੂ ਬਹੁਤ ਘੱਟ ਪੀਂਦੇ ਆ…।

ਮੈਨੂੰ ਮੇਰੇ ਘਰ ਦੀ ਹਵੇਲੀ ਕਿਤੇ ਪਿਆਰੀ ਐ ਏਹ ਲੱਕੜ ਦੇ ਬਕਸੇ ਵਰਗੇ ਨਿਕੜੇ ਜਿਹੇ ਘਰ ਨਾਲੋਂ। ਪੌਂਡਾਂ ਨੇ ਪੌਚ੍ਹਾਂ ਮਾਰਿਆ, ਛੁਡਾਅ ਨਹੀਂ ਸਕਿਆ ਪਰ ਪਿੰਡ ਨੂੰ ਕਦੀ ਭੁਲਾ ਨਹੀਂ ਸਕਿਆ। ਦੋ ਵਰ੍ਹੇ ਬੀਤਗੇ ਪਿੰਡ ਜਾ ਨਹੀਂ ਸਕਿਆ। ਲਗਦੈ… ਸਾਰੇ ਮਰ ਗਏ ਮੇਰੇ ਹਾਣਦੇ ਤੇ ਪਿੰਡ ਦੇ ਜੁਆਕ ਮੈਨੂੰ ਨਹੀਂ ਜਾਣਦੇ…ਪਰ ਮੈਂ ਤਾਂ ਪਿੰਡ ਜਾਣੈ!
————–
ਕੋਸੇ ਪਾਣੀਆਂ ਤੇ ਤਪਦੇ ਪ੍ਰਬਤਾਂ ਦੀ ਹੈ ਇਹ ਡਾਇਰੀ। ਸੁਨੱਖੇ ਘਰਾਂ ਦੇ ਬੰਦ ਬੂਹਿਆਂ ਤੇ ਭੈਅ ਨਾਲ ਭਰੇ ਮਨਾਂ ਨਾਲ ਭਰੀ ਪਈ ਹੈ ਇਹ ਡਾਇਰੀ। ਕਿਤੇ ਹਾਸਾ ਉਦਾਸੀ ‘ਚ ਲਿੱਬੜਿਆ ਹੈ ਤੇ ਕਿਤੇ ਉਦਾਸੀ ਹੂਕ ਨਾਲ ਲਿਪਤੀ ਹੋਈ ਹੈ। ਕਿਤੇ ਰੁੱਤ ਫਿਰ ਰਹੀ ਹੈ, ਵਣ ਕੰਬ ਰਿਹੈ, ਮਨ ਦੀ ਬੰਸਰੀ ਵੱਜੀ ਤੇ ਪੰਛੀ ਚਹਿਕ ਪਿਐ। ਕਿਤੇ ਬੱਦਲ ਬੂ-ਬੂ ਕਰਦੈ ਤੇ ਕਿਤੇ ਖਾਮੋਸ਼ ਕਿਣਮਿਣ ਕੁਛ ਕਹਿੰਦੀ ਲਗਦੀ ਹੈ। ਕਿਤੇ ਸੂਰਜ ਸਹਿਮਿਆਂ ਹੈ, ਕਿਰਨਾਂ ਰਾਹੀਂ ਕੁਛ ਦੱਸਣਾ ਚਾਹੁੰਦਾ ਸੀ, ਪਰ ਦੱਸ ਨਹੀਂ ਹੁੰਦਾ। ਦੇਸ ਪਰਦੇਸ ਫਿਰਦਿਆਂ, ਸੁੰਨੀਆਂ ਸੜਕਾਂ ‘ਤੇ ਟਹਿਲਦਿਆਂ, ਖਾਲੀ ਘਰਾਂ ‘ਚ ਮੇਲ੍ਹਦਿਆਂ ਲਿਖੇ ਗਏ ਸਨ ਇਸ ਡਾਇਰੀ ਦੇ ਪੰਨੇ!

Install Punjabi Akhbar App

Install
×