ਸਿਵੇ, ਬੇਰੀ ਤੇ ਮੈਂ……

ਡਾਇਰੀ ਨਾਮਾ –

ਸਿਖਰ ਦੁਪਹਿਰ, ਇੱਕ ਪਿੰਡ ਦੇ ਸਿਵਿਆਂ ਵਿੱਚ……
ਅੱਜ ਜਦ ਮੈਂ ਉਸ ਝੁਲਸ ਰਹੀ ਬੇਰੀ ਵੱਲ ਤੱਕਿਆ, ਤਾਂ ਮੇਰਾ ਦਿਲ ਲੂਹਿਆ ਗਿਆ ਹੈ।
ਬੜਾ ਹੀ ਜ਼ੁਲਮ ਹੋ ਰਿਹਾ ਏ ਬੇਚਾਰੀ ਨਾਲ਼, ਬੜੇ ਵਰ੍ਹਿਆਂ ਤੋਂ। ਇਹਦਾ ਛੁਟਕਾਰਾ ਨਹੀਂ ਹੋ ਰਿਹਾ।
ਗ਼ਲਤੀ ਮਿਸਤਰੀਆਂ ਦੀ ਜਾਂ ਪੰਚਾਇਤੀਆਂ ਦੀ ਹੈ, ਉਨ੍ਹਾਂ ਮੁਰਦਾ ਫੂਕਣ ਵਾਲਾ ਚੌਂਤਰਾ ਇਸ ਦੇ ਬਿਲਕੁਲ ਈ ਨੇੜੇ ਕਰਕੇ ਬਣਾ ਦਿੱਤਾ। ਹੋ ਸਕਦੈ ਕਿ ਇਹ ਮਾੜੀ ਕਿਸਮਤ ਵਾਲ਼ੀ, ਥੜ੍ਹਾ ਬਣਨ ਦੇ ਬਾਅਦ ਉੱਗ ਆਈ ਹੋਵੇ ਉੱਥੇ! ਜਦ ਵੀ ਕੋਈ ਚਿਖ਼ਾ ਬਲਦੀ ਏ, ਸਭ ਤੋਂ ਪਹਿਲੀ ਲਾਟ ਏਸੇ ਬੇਰੀ ਨੂੰ ਪੈਂਦੀ ਏ, ਜੀਕੂੰ ਕੋਈ ਪੁਰਾਣਾ ਵੈਰ ਚੱਲਿਆ ਆ ਰਿਹਾ ਏ, ਇਹਦਾ ਤੇ ਲਾਟ ਦਾ! ਲਟ-ਲਟ ਲਟਦੀ ਲਾਟ ਇਹਦੇ ਪੱਤੇ ਸਵਾਹ ਕਰ-ਕਰ ਸੁੱਟ੍ਹੀ ਜਾਂਦੀ ਏ!
ਇਹ ਕਾਲ਼ੀ-ਘਸਮੈਲ਼ੀ ਜਿਹੀ ਹੋ ਚੁੱਕੀ ਏ, ਧੂੰਏ ਤੇ ਲਾਟਾਂ ਨਾਲ, ਲੂਹੀ ਹੋਈ। ਇਹ ਸੁੰਨੀਆਂ ਰਾਤਾਂ ਵਿੱਚ ਵੀ ਆਪਣੇ ਸਿਰਹਾਣੇ ਬਲਦੀ-ਧੁਖਦੀ ਚਿਖ਼ਾ ਵੱਲ ਦੇਖਦੀ ਰਹਿੰਦੀ ਏ, ਧੰਨ ਜਿਗਰਾ ਏ ਏਸ ਦਾ! ਸਿਵੇ ਬਲਦੇ ਤੋਂ ਬਿਨਾਂ ਕੁੱਝ ਹੋਰ ਦੇਖਣ ਨੂੰ ਮਿਲਦਾ ਹੀ ਨਹੀਂ। ਬੇਰਾਂ ਦਾ ਬੂਰ ਤਾਂ ਕਿੱਥੋਂ ਪੈਣਾ ਏਹਨੂੰ!
ਸੜ-ਧੁਆਂਖ ਕੇ ਜਦ ਨੂੰ ਇਹ ਮੁੜ ਪੱਤੇ ਕੱਢਦੀ ਏ ਨਿੱਕੇ-ਨਿੱਕੇ ਤੇ ਅਲੂੰਏ ਜਿਹੇ ਪੱਤੇ, ਤਦ ਨੂੰ ਪਿੰਡ ਵਿੱਚ ਫਿਰ ਕੋਈ ਮਰ ਜਾਂਦਾ ਏ। ਏਹਦੇ ਪੱਤੇ ਜੁਆਨੀ ਨਹੀਂ ਚੜ੍ਹਦੇ, ਬਾਲ-ਵਰੇਸੇ ਈ ਲਾਟਾਂ ਦੀ ਭੇਟ ਚੜ੍ਹ ਜਾਂਦੇ ਨੇ।
ਪਿੰਡ ਵਾਲੇ ਪਾਸਿਓਂ ਤੀਵੀਆਂ ਦੇ ਵੈਣਾਂ ਦੀ ਆਵਾਜ਼ ਸੁਣ ਕੇ ਇਹ ਤ੍ਰਹਿ ਜਾਂਦੀ ਹੈ, ”ਅੱਜ ਫੇ ਕੋਈ ਮਰ ਗਿਆ… ਮੈਂ ਵੀ ਮਰਾਂਗੀ ਅੱਜ… ਸੜਾਂਗੀ ਅੱਜ।”
ਦੂਰੋਂ ਤੁਰੀ ਆਉਂਦੀ ਅਰਥੀ ਦੇਖ ਕੇ ਇਹਨੂੰ ਡੋਬੂ ਪੈਣ ਲੱਗ ਪੈਂਦੇ ਨੇ… ਜਦੋਂ ਮੁਰਦਾ ਚੌਂਤਰੇ ਉੱਤੇ ਟਿਕਾਇਆ ਜਾਂਦੈ, ਇਹ ਬੇਹੋਸ਼ ਹੋਣ ਵਾਲੀ ਹੋ ਜਾਂਦੀ ਏ। ਗੋਹੇ ਦੀਆਂ ਪਾਥੀਆਂ ਤੇ ਪੁਰਾਣੇ ਖੁੰਢਾਂ ਦੀਆਂ ਲੱਕੜੀਆਂ ਨਾਲ਼ ਚਣੀਂਦੀ ਚਿਖ਼ਾ ਵੱਲ ਦੇਖਦੀ ਬੇਰੀ ਡੌਰ-ਭੌਰੀ ਜਾਪਣ ਲੱਗਦੀ ਏ ਕਿਸੇ ਅਬਲਾ ਵਾਂਗ।
ਜਿੱਦਣ… ਮੈਂ ਇਹਨੂੰ ਝੁਲਸ ਰਹੀ ਨੂੰ, ਪਹਿਲੇ ਦਿਨ ਦੇਖਿਆ ਸੀ ਤਾਂ ਇਹਦੇ ਉੱਤੇ ਬੜਾ ਹੀ ਤਰਸ ਜਾਗਿਆ ਸੀ ਮੈਨੂੰ, ਪਰ ਮੈਂ ਕਰ ਵੀ ਕੀ ਸਕਦਾ ਸਾਂ? ਸਿਵਾਏ ਤਰਸ ਤੋਂ। ਲਾਟਾਂ ਇਹਨੂੰ ਲੂਹ ਰਹੀਆਂ ਸਨ, ਬੜੀ ਬੁਰੀ ਤਰ੍ਹਾਂ ਲਟ-ਲਟ… ਉਤਾਂਹ ਉੱਠਦੀਆਂ ਲਾਟਾਂ।
ਜਦ ਕਿਸੇ ਅਰਥੀ ਦੇ ਪਿੱਛੇ-ਪਿੱਛੇ ਸਿਵਿਆਂ ਵਿੱਚ ਜਾਣਾ ਪੈਂਦਾ ਏ, ਤਾਂ ਸਭ ਤੋਂ ਪਹਿਲੋਂ ਮੇਰੀ ਨਜ਼ਰ ਏਸੇ ‘ਭਗਤਣੀ’ ਉੱਤੇ ਜਾ ਟਿਕਦੀ ਏ। ਜੀਕੂੰ ਆਖਦੀ ਪਈ ਹੋਵੇ, ”ਅੱਜ ਨਾ ਆਇਓ ਲਾਟੋ ਨੀ, ਅੱਜ ਨਾ ਸਾੜਿਓ ਮੈਨੂੰ, ਹਾਲੇ ਕੱਲ੍ਹ-ਪਰਸੋਂ ਹੀ ਤਾਂ ਮੈਂ ਪੱਤੇ ਕੱਢੇ ਨੇ, ਹੋ ਲੈਣ ਦਿਓ ਮੇਰੇ ਪੱਤਿਆਂ ਨੂੰ ਜੁਆਨ… ਹਾਏ ਨੀ ਕਿਸਮਤੇ, ਪੱਤੇ ਕਿੱਥੇ? ਮੈਨੂੰ ਬੇਰਾਂ ਦਾ ਬੂਰ ਕਿੱਥੇ…? ਮੈਨੂੰ ਤਾਂ ਕਿਸਮਤ ਨੇ ਬੇਰਾਂ ਤੋਂ ਵੀ ਵਾਂਝੀ ਰੱਖਿਐ, ਮੇਰੇ ਵੱਲ ਕੋਈ ਨਹੀਂ ਦੇਖਦਾ… ਨਾ ਸਾੜਿਓ ਮੈਨੂੰ।”
ਲਾਟਾਂ ਬੜੀਆਂ ਹੀ ਜ਼ਾਲਮ ਨੇ, ਉਸ ਦੀ ਇੱਕ ਨਹੀਂ ਸੁਣਦੀਆਂ। ਲਟ-ਲਟ ਕਰਦੀਆਂ ਉੱਚੀਆਂ ਉੱਠਦੀਆਂ ਉਸ ਨੂੰ ਜਾ ਚੁੰਬੜਦੀਆਂ ਨੇ।
”ਅੱਗੇ ਤੋਂ ਮੈਂ ਏਸ ਵੱਲ ਦੇਖਾਂਗਾ ਨਹੀਂ।” ਇਹੋ ਸੋਚ ਕੇ ਸਿਵਿਆਂ ਤੋਂ ਬਾਹਰ ਨਿਕਲਦਾ ਹਾਂ, ਪਰ ਫਿਰ ਜਦ ਕਦੀ ਜਾਣਾ ਪੈਂਦਾ ਹੈ, ਤਾਂ ਸਿਵਿਆਂ ਦਾ ਬੂਹਾ ਵੜਦਿਆਂ ਹੀ, ਸਭ ਤੋਂ ਪਹਿਲੋਂ, ਮੇਰੀ ਨਜ਼ਰ ਉਸੇ ਬੇਰੀ ਉੱਤੇ ਈ ਜਾ ਟਿਕਦੀ ਏ, ਉਦਾਸੀ-ਨਿਰਾਸੀ, ਝੜੀ-ਝੰਬੀ ਤੇ ਧੁਆਂਖੀ ਖਲੋਤੀ ਬੇਰੀ ਉੱਤੇ!