ਡਾਇਰੀ ਦੇ ਪੰਨੇ -ਖੇਤਾਂ ਦੀ ਅੱਗ

WhatsApp Image 2019-05-04 at 4.28.32 PM (2)

29 ਅਪ੍ਰੈਲ, 2019 ਦੀ ਦੁਪਹਿਰ। ਕੁਝ ਦਿਨ ਪਹਿਲਾਂ ਅੰਨ ਦੇਣ ਵਾਲਾ ਅੱਜ ਖੇਤ ਸੜ ਰਿਹੈ। ਹਾੜੀ ਦੇ ਇਸ ਵਾਰ ਦੇ ਸੀਜ਼ਨ ਵਿਚ ਜਿੰਨੀਆਂ ਕਣਕ ਦੀਆਂ ਫਸਲਾਂ ਸੜੀਆਂ, ਓਨੀਆਂ ਮੇਰੀ ਸੁਰਤ ‘ਚ ਪਹਿਲਾਂ ਕਦੇ ਨਹੀਂ ਸੜੀਆਂ। ਕਣਕਾਂ ਕੀ ਸੜੀਆਂ, ਦੇਖ-ਸੁਣ ਕੇ ਦਿਲ ਸੜ ਰਿਹੈ ਤੇ ਸੁਆਹ-ਸੁਆਹ ਹੋਈ ਜਾ ਰਿਹੈ। ਰੋਜ਼ ਵਾਂਗ ਸੜਦੇ ਖੇਤ ਦੀਆਂ ਖਬਰਾਂ, ਫੋਟੂਆਂ ਤੇ ਵੀਡੀਓਜ਼ ਦੇਖ ਹੁੰਦੀ ਪਰੇਸ਼ਾਨੀ ਝੱਲਣ ਵਾਲੀ ਨਹੀਂ। ਅਸੀਂ ਅੰਨ ਸਾੜ ਰਹੇ ਹਾਂ, ਆਪਣੀ ਅਣਗਹਿਲੀ ਤੇ ਕਾਹਲ ਭਰੇ ਕਾਰਨਾਮਿਆਂ ਕਾਰਨ। ਇੱਕ ਤਸਵੀਰ ਨੇ ਦਿਲ ਵਲੂੰਧਰਿਆ। ਪੁੱਤਾਂ ਨਾਲ ਬੁੱਢੀ ਮਾਂ ਖੇਤ ਪਹੁੰਚੀ ਹੋਈ ਹੈ ਕਣਕ ਨੂੰ ਲੱਗੀ ਅੱਗ ਬੁਝਾਉਣ। ਬਹੁੜੀਆਂ ਘਤਦੀ ਹੈ। ਰੱਬ ਅੱਗੇ ਅਰਜੋਈਆਂ ਕਰਦੀ ਹੈ, ਸਿਅੂਨੇ ਵਰਗੀ ਤੇ ਪੁੱਤਾਂ ਵਾਂਗ ਜੁਆਨ ਕੀਤੀ ਫਸਲ ਬਚਾਉਣ ਵਾਸਤੇ।

“‘ ” “‘ “‘ “‘ “‘ ”
ਪਿੰਡੋਂ ਸਾਦਿਕ ਜਾ ਰਿਹਾਂ ਸਕੂਟਰੀ ‘ਤੇ। ਰਾਹ ਵਿਚ ਕਿਸਾਨ ਭਰਾ ਕਣਕ ਦਾ ਨਾੜ ਸਾੜ ਰਹੇ ਨੇ, ਨਾਲ ਦੀ ਨਾਲ ਹਨੇਰੀ ਨੇ ਅੱਗ ਨੂੰ ਖਿੱਚਿਆ ਤੇ ਕੱਚੇ ਪਹੇ ‘ਤੇ ਲੈ ਆਂਦਾ ਹੈ। ਬੇਕਾਬੂ ਅੱਗ ਰੁੱਖਾਂ। ਖਾਸ ਕਰ ਸਫੈਦਿਆਂ ਤੇ ਹਰੀਆਂ-ਭਰੀਆਂ ਨਿੰਮ੍ਹਾਂ ਦੇ ਲੱਕ ਦੁਆਲੇ ਪੈ ਗਈ ਹੈ। ਇਵਉਂ ਲਗਦੈ ਜਿਵੇਂ ਅੱਗ ਤੋਂ ਹਰੇਵਾਈ ਜਰੀ ਨਾ ਗਈ ਹੋਵੇ ਤੇ ਹਨੇਰੀ ਚੰਦਰੀ ਨੇ ਚੁਗਲੀ ਜਾ ਕੀਤੀ ਹੋਵੇ! ਨਾੜ ਸਾੜ ਰਹੇ ਕਿਸਾਨ ਬਿਟਰ-ਬਿਟਰ ਝਾਕ ਰਹੇ ਨੇ ਰੁੱਖਾਂ ਨੂੰ ਲੂੰਹਦੀ ਅੱਗ ਵੱਲ। ਸੇਕੇ ਤੋਂ ਡਰਦੀ ਸਕੂਟਰੀ ਨੇ ਜਿਵੇਂ ਮੈਨੂੰ ਰਾਹ ਬਦਲਣ ਲਈ ਆਪੇ ਹੀ ਆਖ ਦਿੱਤਾ ਹੋਵੇ।
“” “”‘ “”” “”‘
ਖੇਤੀਂ ਲੱਗੀਆਂ ਜਧ ਲਾਈਆਂ ਅੱਗਾਂ ਕਾਰਨ ਇੱਕ ਨਹੀਂ ਸਗੋਂ ਅਣਗਿਣਤ ਹਾਦਸੇ ਵਾਪਰ ਚੁੱਕੇ ਨੇ। ਸੜਕੇ ਜਾਂਦੇ ਟੱਬਰਾਂ ਦੇ ਟੱਬਰ ਸਣੇ ਵਹੀਕਲਾਂ ਅੱਗ ਦੀ ਲਪੇਟ ਵਿਚ ਆ ਕੇ ਸੜੇ ਨੇ, ਅਜਿਹੀਆਂ ਖਬਰਾਂ ਦੀ ਕੋਈ ਤੋਟ ਨਹੀਂ। ਹਰ ਵਾਰ ਪੜ੍ਹਦੇ-ਸੁਣਦੇ ਹਾ ਅਜਿਹੀਆਂ ਖਬਰਾਂ ਪਰ ਅਸਰ ਕਿਸੇ ‘ਤੇ ਭੋਰਾ ਨਹੀਂ। ਅੰਤਾਂ ਦੀ ਕਾਹਲ ਹੈ, ਬੇ-ਧਿਆਨੀ ਹੈ। ਕਾਹਲ ਏਨੀ ਕਿ ਛੇਤੀ-ਛੇਤੀ ਫਸਲ ਵੱਢੋ,ਅਗਲੀ ਬੀਜੋ, ਉਗਾਓ ਤੇ ਪਕਾਓ, ਵੱਢੋ ਤੇ ਸੁੱਟ੍ਹੋ, ਖੇਤ ਖੜ੍ਹੀ ਰਹਿੰਦ-ਖੂੰਹਦ ਅੱਗ ਦੀ ਭੇਟ ਚੜ੍ਹਾਓ, ਜੇ ਨਾਲ ਜੀਵ-ਜੰਤੂ, ਰੁੱਖ ਜਾਂ ਮਨੁੱਖ ਅੱਗ ਦੀ ਭੇਟ ਚੜ੍ਹਦੇ ਨੇ ਤਾਂ ਚੜ੍ਹੀ ਜਾਣ…ਕੋਈ ਪ੍ਰਵਾਹ ਨਹੀਂ। ਪਰਾਲੀ ਨੂੰ ਸਾੜਨ-ਫੂਕਣ ਦੇ ਦਿਨੀਂ ਅਜਿਹੀਆਂ ਅਣਹੋਣੀਆਂ ਘਟਨਾਵਾਂ ਘਰਾਂ ਦੇ ਘਰ ਉਜਾੜਦੀਆਂ ਨੇ। ਲੋਕ ਡਾਗੋ-ਸੋਟੀ, ਥਾਣਿਓ-ਥਾਣੀਂ ਤੇ ਮੁਕੱਦਮੋ-ਮੁਕੱਦਮੀਂ ਹੁੰਦੇ ਨੇ। ਖੱਜਲ ਹੋਣ ਦੇ ਨਾਲ ਵਾਧੂੰ ਰੁਪੱਈਏ ਲੱਗ ਜਾਣ ਦਾ ਕੋਈ ਝੋਰਾ ਨਹੀਂ, ਬਸ…ਆਪਣੇ ਮਨ ਦੀ ਅੜੀ ਪੁਗਾਉਣੀ ਹੁੰਦੀ ਹੈ, ਪੁਗਾ ਲਈ ਜਾਂਦੀ ਹੈ। ਪਿਛਲੇ ਸਾਲ ਜਦ ਅਧਿਕਾਰੀ ਪਿੰਡਾਂ ਵਿਚ ਗਏ ਤੇ ਲੋਕਾਂ ਨੂੰ ਪਰਾਲੀ ਨਾ ਸਾੜਨ ਤੇ ਇਸਦਾ ਸਦ-ਉਪਯੋਗ ਕਰਨ ਦੀਆਂ ਸਲਾਹਾਂ ਦੇਣ ਲੱਗੇ ਤਾਂ ਲੋਕਾਂ ਡਾਗਾਂ ਵਿਖਾ ਕੇ ਭਜਾ ਦਿੱਤੇ। ਅਸੀਂ ਕੋਈ ਸਲਾਹ ਨਹੀਂ ਮੰਨਾਗੇ, ਕੇਹੜਾਂ ਪੁੱਛੂ, ਕੇਹੜਾ ਦੱਸੂ…ਜੇਹੜਾਂ ਪੁੱਛੂ ਉਹਨੂੰ ਚੰਗੀ ਤਰਾਂ ਦੱਸਣਾ ਸਾਨੂੰ ਆਉਂਦੈ। ਲੀਡਰ ਸਾਡੀ ਜੇਬ ‘ਚ ਨੇ, ਜਾ ਖੜ੍ਹਾਂਗੇ ਕੋਠੀ ਪਲੋ-ਪਲੀ!
“”‘ “””‘ “””‘ “””
7 ਮਈ 2019 ਦੀ ਸਵੇਰ। ਅੱਜ ਫਿਰ ਆਇਐ ਉਹ ਲੰਮੀਆਂ-ਲੰਮੀਆਂ ਲਾਂਘਾਂ ਭਰਦਾ ਰੋਜ਼ ਵਾਂਗ…ਸੈਰ ਲਈ ਰੋਜ਼ ਗਾਰਡਨ। ਹੱਥ ਵਿਚ ਬਰੈਡਾਂ ਦਾ ਪੈਕਟ ਹੈ,ਰੋਜ਼ਾਨਾ ਲਿਆਉਂਦਾ ਹੈ, ਕਬੂਤਰਾਂ ਨੂੰ ਪਾਉਂਦਾ ਹੈ। ਕਬੂਤਰ ਜਿਵੇਂ ਇਹਨੂੰ ਉਡੀਕ ਹੀ ਰਹੇ ਹੁੰਦੇ ਨੇ ਹਰ ਸਵੇਰ। ਇਹ ਕਬੂਤਰ ਚੌਬੂਤਰੇ ਤੋਂ ਭੋਰਾ ਪਰ੍ਹੇ ਨਹੀਂ ਜਾਂਦੇ, ਇਹਦੇ ਬਰੈਡਾਂ ਦੇ ਨਾਲ-ਨਾਲ ਕਈਆਂ ਦਾ ਚੋਗ ਵੀ ਉਡੀਕਦੇ ਨੇ। ਧਿਆਨ ਨਾਲ ਦੇਖਦਾ ਹਾਂ ਮੈਂ। ਇਹ ਠੀਕ ਤਰਾਂ ਲੰਬੀ ਉਡਾਰੀ ਵੀ ਨਹੀਂ ਭਰ ਸਕਦੇ, ਉਡਦਾ ਹੈ ਕੋਈ-ਕੋਈ ਕਬੂਤਰ ਤੇ ਪਲ ਵਿਚ ਹੀ ਫੁਰ-ਫੁਰ…ਜਿਹੀ ਕਰਕੇ ਉਥੇ ਹੀ ਬਹਿ ਜਾਂਦਾ ਹੈ। ਸਰੀਰ ‘ਚ ਜਿਵੇਂ ਜਾਨ ਹੀ ਨਹੀਂ ਹੈ। ਮੇਰੇ ਨਾਲ ਦਾ ਸਾਥੀ ਕਹਿੰਦਾ ਹੈ-“ਕਬੂਤਰ ਲੇਜ਼ੀ ਕਰ ਦਿੱਤੇ ਨੇ ਲੋਕਾਂ ਨੇ ਵਾਧੂੰ ਦਾ ਚੋਗ ਪਾ-ਪਾ ਕੇ, ਹੁਣ ਇਹਨਾਂ ਵਿਚ ਆਪ ਉੱਡਣ ਤੇ ਉਡਕੇ ਚੋਗ ਚੁਗਣ ਜਾਣ ਦੀ ਹਿੰਮਤ ਨਹੀਂ ਰਹੀ…ਖਾ-ਖਾ ਕੇ ਕੁੱਪੇ ਜਿਹੇ ਹੋ ਗਏ ਨੇ…ਫੁੱਲ ਗਏ ਨੇ ਤੇ ਬਹੁਤੇ ਤਾਂ ਇੱਥੇ ਹੀ ਡਿੱਗ-ਡਿੱਗ ਕੇ ਮਰ ਜਾਂਦੇ ਨੇ…ਮੀਂਹ ਆਏ ਤੋਂ ਦੇਖੀਂ ਕਿਸੇ ਦਿਨ…ਜਾਂ ਹਨੇਰੀ ਆਈ ਤੋਂ ਦੇਖੀਂ ਕਿਵੇਂ ਦੂਰ-ਦੂਰ ਤੀਕ ਮਰੇ ਪਏ ਹੁੰਦੇ ਨੇ ਕਬੂਤਰ…ਏਹ ਚੋਗ ਚੁਗਾਉਣ ਵਾਲੇ ਲੋਕ ਆਪਣੇ ਵੱਲੋਂ ਤਾਂ ਪੁੰਨ ਦਾ ਕਾਰਜ ਕਰਦੇ ਨੇ ਪਰ ਇਹ ਪੁੰਨ ਦਾ ਕਾਰਜ ਨਹੀਂ ਹੈਗਾ।”

ਰੋਜ਼ ਸੋਚਦਾ ਹਾਂ ਕਿ ਦਾਨੀ-ਪੁੰਨੀ ਸੱਜਣ ਨੂੰ ਆਖਾਂ ਕਿ ਨਾ ਪਾਇਆ ਕਰ ਚੋਗ ਇੰਨ੍ਹਾਂ ਨੂੰ…ਉੱਡਣ ਦੇ ਇਹਨਾਂ ਨੂੰ ਆਪਣੇ ਪਰਾਂ ‘ਤੇ…ਕਾਹਤੋਂ ਲੇਜ਼ੀ ਕਰਤੇ ਕਬੂਤਰ ਤੈਂ ਮਿੱਤਰਾ! ਲੰਘ ਜਾਂਦਾ ਹਾਂ ਦੇਖਦਾ-ਦੇਖਦਾ, ਕਹਿ ਨਹੀਂ ਹੁੰਦਾ।

Install Punjabi Akhbar App

Install
×