ਡਾਇਰੀ ਦੇ ਪੰਨੇ –  ਕੁਝ ਪਲ ਮੇਰੇ-ਕੁਝ ਪਲ ਤੇਰੇ

Ninder Ghugianvi 190305 daryanama-dadi tandoor

ਧਣੀਏ ਦੇ ਕਿਆਰੀ ਵੱਲ ਵਧੇ ਹੱਥ ਆਪ-ਮੁਹਾਰੇ ਪਿਛਾਂਹ ਮੁੜੇ! ਵਿਹੜੇ ਵਿਚ ਹਨੇਰਾ ਹੈ, ਚੌਂਕੇ ਵਿਚ ਮੱਧਮ ਜਿਹਾ ਬਲਬ ਜਗ ਰਿਹੈ, ਸਗੋਂ ਵਧੇਰੇ ਚਾਨਣ ਚੁੱਲ੍ਹੇ ਵਿਚ ਬਲ ਰਹੀ ਅੱਗ ਦਾ ਹੈ। ਅੱਗੇ ਤੋਂ ਏਨੇ ਹਨੇਰੇ ਧਣੀਆਂ ਨਹੀਂ ਤੋੜਾਂਗਾ। ਮਾਂ ਨੂੰ ਵੀ ਆਖਾਂਗਾ ਕਿ ਸੰਧਿਆ ਤੋਂ ਪਹਿਲਾਂ-ਪਹਿਲਾਂ ਤੋੜ ਲਿਆ ਕਰੇ ਵਾੜੀ ‘ਚੋਂ ਜੋ ਕੁਛ ਵੀ ਤੋੜਨਾ ਹੁੰਦੈ! ਅੱਜ ਦਾਦੀ ਚੇਤੇ ਆਈ ਹੈ ਤੇ ਨਾਲ ਹੀ ਉਹ ਦ੍ਰਿਸ਼ ਵੀ ਅੱਖਾਂ ਮੂਹਰੇ ਸਾਵੇਂ ਦਾ ਸਾਵਾਂ ਸਕਾਰ ਹੋ ਗਿਆ ਹੈ ਬਚਪਨ ਵੇਲੇ ਦਾ ਉਹ ਦ੍ਰਿਸ਼। ਆਓ, ਦੱਸਾਂ ਅੱਜ ਉਸ ਦ੍ਰਿਸ਼ ਬਾਰੇ ਵੀ।

ਦਾਦੀ ਤੰਦੂਰ ‘ਤੇ ਰੋਟੀਆਂ ਲਾਈ ਜਾਂਦੀ ਸੀ ਥਪਕ-ਥਪਕ ਕਰ ਕੇ ਰੋਟੀ ਥਪਥਾਉਂਦੀ, ਇੱਕ ਹੱਥ ਪਾਣੀ ‘ਚ ਭਿਉਂਦੀ ਤੇ ਤੰਦੂਰ ਵਿਚ ਰੋਟੀ ਜੜ ਦਿੰਦੀ। ਕਦੇ-ਕਦੇ ਕੋਲ ਖੜਾ ਮੈਂ ਸੋਚਦਾ ਕਿ ਏਵੇਂ ਤਾਂ ਦਾਦੀ ਦੇ ਹੱਥ ਸੜਦੇ ਹੋਣੇ ਵਿਚਾਰੀ ਦੇ…? ਤਰਸ ਆਉਂਦਾ ਬੁੱਢੀ ਦਾਦੀ ‘ਤੇ। ਗੁੱਸਾ ਵੀ ਆਉਂਦਾ ਮਾਂ ਉਤੇ ਕਿ ਦਾਦੀ ਨਾਲ ਰੋਟੀ ਕਿਉਂ ਨਹੀਂ ਲੁਹਾਉਂਦੀ ਮਾਂ। ਦਾਦੀ ਵੀ ਅਣਖ ਦੀ ਪੂਰੀ ਸੀ, ਕਿਸੇ ਨੂੰ ਆਪਣੇ ਕੰਮ ਦੇ ਨੇੜੇ ਨਹੀਂ ਸੀ ਢੁੱਕਣ ਦਿੰਦੀ। ਕਿਸੇ ਤੋਂ ਅਖਵਾ ਕੇ ਰਾਜ਼ੀ ਨਹੀਂ ਸੀ ਕਿ ਮੈਂ ਤੇਰਾ ਅਹੁ ਕੀਤਾ…ਆਹ ਕੀਤਾ…ਇਉਂ ਕੀਤਾ…। ਆਪਣ ਹੱਥੀਂ ਹੀ ਆਪਣੇ ਸਭ ਛੋਟੇ-ਵੱਡੇ ਕੰਮ ਕਰਦੀ ਰਹਿੰਦੀ।

ਓਦਣ ਹੋਇਆ ਇਹ ਸੀ ਕਿ ਰੋਟੀ ਖਾਣ ਵੇਲੇ, ਮੰਜੇ ‘ਤੇ ਬੈਠੇ ਤਾਏ ਨੂੰ ਦਾਲ ਵਿਚ ਧਣੀਆਂ ਪਾਉਣ ਦਾ ਖਿਆਲ ਆ ਗਿਆ ਸੀ। ਉਹਨੇ ਗੰਢਾ ਭੰਨ ਕੇ ਥਾਲੀ ਵਿਚ ਰੱਖਿਆ ਤੇ ਉਠ ਕੇ ਨਾਲ ਹੀ ਕਿਆਰੀ ਵਿੱਚੋਂ ਧਣੀਆਂ ਤੋੜਨ ਲੱਗਿਆ। ਤੰਦੂਰ ‘ਤੇ ਖੜੀ੍ਹ ਦਾਦੀ ਨੇ ਤਾਏ ਨੂੰ ਟੋਕਿਆ, ”ਵੇ ਰਾਮ, ਐਸ ਵੇਲੇ ਸੁੱਤੇ ਰੁੱਖ ਤੇ ਕੱਖੁਕਰੀਰ ਨਹੀ ਜਗਾਈਦੇ ਹੁੰਦੇ…ਐਸ ਵੇਲੇ ਕਿਆਰੀ ‘ਚੋਂ ਕਾਹਤੋਂ ਧਣੀਆਂ ਤੋੜਦੈਂ…ਫੁੱਲ ਬੂਟੇ ਵੀ ਸੌਂਦੇ ਹੁੰਦੈ ਭਾਈ, ਏਹਨਾਂ ‘ਚ ਵੀ ਜਾਨ ਹੁੰਦੀ ਐ…ਦਿਨ ਛਿਪਣ ਤੋਂ ਪਹਿਲਾਂ ਕਾਹਤੋਂ ਨਾ ਤੋੜਿਆ ਧਣੀਆਂ?” ਤਾਇਆ ਚੁੱਪ ਕਰ ਕੇ ਮੰਜੇ ‘ਤੇ ਆ ਬੈਠਾ ਤੇ ਰੋਟੀ ਖਾਣ ਲੱਗਿਆ। ਇਹ ਦ੍ਰਿਸ਼ ਕਦੇ ਡੀਲੀਟ ਨਹੀਂ ਹੋਇਆ ਹੁਣ ਚਾਹੇ ਬਚਪਨ ਬਾਅਦ ਜੁਆਨੀ ਵੀ ਲੰਘ ਚੱਲੀ ਹੈ।

ਅੱਜ ਦਾਦੀ ਦੀ ਤਾਏ ਨੂੰ ਆਖੀ ਸੋਚ ਕੇ ਧਣੀਆਂ ਨਹੀਂ ਤੋੜਿਆ ਤੇ ਸਗੋਂ ਸੋਚ ਰਿਹਾ ਹਾਂ ਕਿ ਜ਼ਰੂਰ ਹੀ ਫਲ-ਬੂਟੇ, ਰੁੱਖ, ਵਾਣ-ਝਾੜ, ਕੱਖ ਤੇ ਕਰੀਰ ਵੀ ਮਨੁੱਖ ਵਾਂਗ ਸੌਂਦੇ ਨੇ। ਜਾਗਦੇ ਨੇ। ਸੁਣਦੇ ਨੇ। ਬੋਲਦੇ ਨੇ। ਮਹਿਕਦੇ ਨੇ ਤੇ ਮਹਿਕਾਉਂਦੇ ਨੇ। ਦਾਦੀ ਦੇ ਆਖੇ ਬੋਲ ਸਦਾ ਪੁਗਾਵਾਂਗਾ।

””’ ””’ ””’ ”””
ਅੱਜ 28 ਫਰਵਰੀ ਹੈ। ਚੰਡੀਗੜੋਂ ਪਿੰਡ ਪਰਤ ਰਿਹਾਂ। ਵੋਲਵੋ ਫਿਰੋਜ਼ਪੁਰ ਵਿਚ ਵੜੀ। ਫੌਜੀ ਛਾਉਣੀ ਵੱਲ ਝਾਕਿਆ ਤਾਂ ਸਾਰੀ ਛਾਉਣੀ ਸੁੰਨ ਦੀ ਮਾਰੀ ਲੱਗੀ। ਸਾਰੇ ਫੌਜੀ ਮੋਰਚਿਆਂ ‘ਤੇ ਡਟ ਗਏ ਜਾਪੇ। ਉਹੀ ਗੱਲ, ਤੋਪਾਂ ਤੇ ਟੈਕਾਂ ਦੇ ਮੂੰਹ ਪਾਕਿਸਤਾਨ ਵੱਲ ਬੀੜ ਰੱਖੇ ਨੇ ਫੌਜ ਨੇ ਤੇ ਬਿਲਕੁਲ ਮੋਰਚਿਆਂ ‘ਤੇ ਡਟੇ ਹੋਏ ਨੇ ਫੌਜੀ ਭਾਈ! ਫੌਜੀਆਂ ਦੀਆਂ ਗੱਡੀਆਂ ਗਸ਼ਤ ਕਰਦੀਆਂ ਸੜਕਾਂ ‘ਤੇ ਗੇੜੇ ਘੱਤ ਰਹੀਆਂ। ਜੰਗ ਦੇ ਪਰਛਾਵੇਂ ਸਪੱਸ਼ਟ ਪੈ ਰਹੇ ਨੇ ਤੇ ਬੱਸ ਵਿਚ ਮੁਸਾਫਿਰ ਇੱਕ ਦੂਜੇ ਨੂੰ ਪੁੱਛ ਦੱਸ ਰਹੇ ਨੇ-”ਲਗਦੈ ਜੰਗ ਲੱਗੂ…?” ਕੋਈ ਆਖ ਰਿਹਾ-”ਨਹੀਂ ਲਗਦੀ ਜੰਗ… ਐਵੇਂ ਡਰ ਜਿਹਾ ਪਾਇਆ ਲਗਦਾ ਪਾਕਿਸਤਾਨ ਨੂੰ।” ਇੱਕ ਨੇ ਕਿਹਾ-”ਜੇ ਲੱਗ ਗੀ ਹਟਣੀ ਨਹੀਂ ਏਸ ਵਾਰੀ ਜੰਗ, ਤਬਾਹੀ ਬਹੁਤ ਮੱਚੂ।” ਵੰਨ-ਸੁਵੰਨੇ ਕਿਆਫੇ ਲਾ ਰਹੇ ਨੇ ਲੋਕ।

ਸਹਿਮ ਜਾਂਦਾ ਹਾਂ ਸੁਣ-ਸੁਣ ਕੇ। ਜੰਗ ਦੇ ਬੱਦਲ ਸਾਫ ਤੌਰ ‘ਤੇ ਮੰਡਰਾ ਰਹੇ ਨੇ। ਕੱਲ੍ਹ ਨੂੰ ਮਾਰਚ ਚੜ੍ਹ ਪੈਣਾ ਹੈ। ਠੰਡ ਹਾਲੇ ਨਹੀਂ ਜਾ ਰਹੀ। ਬੱਸ ਵਿਚ ਬੈਠੇ ਨੇ ਅਕਾਸ਼ ਵੱਲ ਤੱਕਿਆ, ਜਿੰਨਾ ਕੁ ਦੇਖਿਆ ਗਿਆ, ਦਿਸਿਆ ਹੈ, ਅਕਾਸ਼ ਬੱਦਲਾਂ ਨਾਲ ਭਰਿਆ ਪਿਆ ਹੈ। ਜੰਗ ਜਦੋਂ ਲੱਗੂ ਦੇਖੀ ਜਾਊ ਪਰ ਆਹ ਕੁਦਰਤ ਤੇ ਕਾਦਰ ਵੀ ਤਾਂ ਘੱਟ ਨਹੀਂ ਕਰ ਰਹੇ ਲੋਕਾਈ ਨਾਲ। ਬੇਮੌਸਮਾ ਮੀਂਹ ਹਟ ਨਹੀਂ ਰਿਹਾ। ਗੜੇ ਮਾਰੀ ਵੀ ਹੋ ਹਟੀ ਹੈ ਪਿਛਲੇ ਹਫਤੇ। ਹਨੇਰ ਵੀ ਝੁੱਲ ਲਿਆ ਤੇ ਕਣਕਾਂ ਮਾਰ ਸੁੱਟ੍ਹੀਆਂ ਨੇ। ਕਿਸਾਨ ਉਦਾਸ ਹੈ ਤੇ ਪਰੇਸ਼ਾਨ ਵੀ ਹੈ ਕਿ ਕੀ ਬਣੂੰ? ਵੋਲਵੋ ਵਿਚੋਂ ਬਾਹਰ ਨਿਕਲਦਿਆਂ ਮਨ ਉਦਾਸ ਹੈ।

Welcome to Punjabi Akhbar

Install Punjabi Akhbar
×