ਧੋਨੀ ਬੀ.ਸੀ.ਸੀ.ਆਈ. ਦੇ ਕੇਂਦਰੀ ਇਕਰਾਰਨਾਮੇ ਦੀ ਸੂਚੀ ‘ਚੋਂ ਬਾਹਰ

ਬੀ.ਸੀ.ਸੀ.ਆਈ. ਵਲੋਂ ਕੇਂਦਰੀ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ ਗਈ ਹੈ | ਇਸ ਇਕਰਾਰਨਾਮੇ ਦੀ ਸੂਚੀ ‘ਚੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬਾਹਰ ਰੱਖਿਆ ਗਿਆ ਹੈ | ਜਿਸ ਨਾਲ ਧੋਨੀ ਦੇ ਸੰਨਿਆਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਤੇਜ਼ ਹੋ ਗਈ ਹੈ | ਬੀ.ਸੀ.ਸੀ.ਆਈ. ਨੇ ਅਕਤੂਬਰ 2019 ਤੋਂ ਸਤੰਬਰ 2020 ਤੱਕ ਦੇ ਲਈ ਕੇਂਦਰੀ ਇਕਰਾਰਨਾਮੇ ਦਾ ਐਲਾਨ ਕੀਤਾ ਹੈ | ਧੋਨੀ ਪਿਛਲੇ ਸਾਲ ਤੱਕ ਏ ਗ੍ਰੇਡ ‘ਚ ਸਨ ਤੇ ਜਿਨ੍ਹਾਂ ਨੂੰ ਸਾਲਾਨਾ 5 ਕਰੋੜ ਰੁਪਏ ਦਿੱਤੇ ਜਾਂਦੇ ਸਨ | ਮੌਜੂਦਾ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਏ+ ‘ਚ ਬਣੇ ਹੋਏ ਹਨ | ਜਿਨ੍ਹਾਂ ਨੂੰ 7 ਕਰੋੜ ਰੁਪਏ ਸਾਲਾਨਾ ਬੀ. ਸੀ. ਸੀ. ਆਈ. ਵਲੋਂ ਦਿੱਤੇ ਜਾਂਦੇ ਹਨ | ਬੱਲੇਬਾਜ਼ ਕੇ.ਐਲ. ਰਾਹੁਲ ਬੀ ਤੋਂ ਏ ਗ੍ਰੇਡ ‘ਚ ਆ ਗਏ ਹਨ | ਧੋਨੀ ਪਿਛਲੇ ਸਾਲ ਜੁਲਾਈ ਵਿਸ਼ਵ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਕ੍ਰਿਕਟ ਨਹੀਂ ਖੇਡੇ ਤੇ ਆਪਣੇ ਸੰਨਿਆਸ ਸਬੰਧੀ ਵੀ ਕੋਈ ਖ਼ੁਲਾਸਾ ਨਹੀਂ ਕਰ ਰਹੇ ਹਨ | ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ ‘ਚ ਕਿਹਾ ਸੀ ਕਿ ਧੋਨੀ ਜਲਦ ਹੀ ਇੱਕ ਦਿਨਾ ਕ੍ਰਿਕਟ ਮੈਚ ਨੂੰ ਅਲਵਿਦਾ ਕਹਿ ਸਕਦੇ ਹਨ ਤਾਂਕਿ ਆਈ.ਪੀ.ਐਲ. ‘ਚ ਚੰਗਾ ਪ੍ਰਦਰਸ਼ਨ ਕਰ ਕੇ ਟੀ-20 ਵਿਸ਼ਵ ਕੱਪ ਲਈ ਦਾਅਵਾ ਪੱਕਾ ਕਰ ਸਕਣ |

2018-19 ਦੇ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੈਸਟ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਗ੍ਰੇਡ ਬੀ ‘ਚ ਹਾਰਦਿਕ ਪਾਂਡਿਆ ਤੇ ਯੁਜਵੇਂਦਰ ਚਹਿਲ ਦੇ ਨਾਲ ਰੱਖਿਆ ਗਿਆ ਹੈ | ਤੇਜ਼ ਗੇਂਦਬਾਜ਼ ਨਵਦੀਪ ਸੈਣੀ ਤੇ ਟੀ-20 ਮਾਹਿਰ ਵਾਸ਼ਿੰਗਟਨ ਸੁੰਦਰ ਨੂੰ ਪਹਿਲੀ ਵਾਰ ਗ੍ਰੇਡ ਸੀ ‘ਚ ਰੱਖਿਆ ਗਿਆ ਹੈ | ਜਿਸ ‘ਚ ਦੀਪਕ ਚਾਹਰ, ਸ਼ਾਰਦੁਲ ਠਾਕੁਰ, ਸ਼ੇਅਸ ਅਈਅਰ ਵੀ ਸ਼ਾਮਿਲ ਹਨ | ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਅੰਵਾਤੀ ਰਾਯੁਡੂ ਤੇ ਦਿਨੇਸ਼ ਕਾਰਤਿਕ ਨੂੰ ਵੀ ਕਰਾਰ ਨਹੀਂ ਮਿਲ ਸਕਿਆ ਹੈ | ਬਾਹਰ ਜਾਣ ਵਾਲੇ ਮੁੱਖ ਚੋਣ ਕਰਤਾ ਐਮ.ਐਸ.ਕੇ. ਪ੍ਰਸਾਦ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਧੋਨੀ ਦੀ ਚੋਣ ਸਿਰਫ਼ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਣੀ ਹੈ |

ਧੋਨੀ ਨੇ ਅਜੇ ਭਵਿੱਖ ਬਾਰੇ ਕੁੱਝ ਨਹੀਂ ਕਿਹਾ ਪਰ ਆਈ.ਪੀ.ਐਲ. ‘ਚ ਉਹ ਚੇਨਈ ਸੁਪਰ ਕਿੰਗਜ਼ ਵਲੋਂ ਖੇਡ ਸਕਦੇ ਹਨ | ਭਾਰਤੀ ਕ੍ਰਿਕਟ ਦੇ ਸਭ ਤੋਂ ਵੱਡੇ ਖਿਡਾਰੀਆਂ ‘ਚੋਂ ਇੱਕ ਧੋਨੀ ਨੇ ਦੱਖਣੀ ਅਫ਼ਰੀਕਾ ‘ਚ 2007 ਵਿਚ ਟੀ-20 ਵਿਸ਼ਵ ਕੱਪ ਤੇ ਭਾਰਤ ‘ਚ 2011 ਇੱਕ ਦਿਨਾ ਵਿਸ਼ਵ ਕੱਪ ਜਿੱਤਿਆ ਹੈ | ਉਨ੍ਹਾਂ ਨੇ 90 ਟੈਸਟ, 350 ਇੱਕ ਦਿਨਾ, 98 ਟੀ-20 ਮੈਚ ਖੇਡ ਕੇ 17000 ਦੌੜਾਂ ਬਣਾਈਆਂ ਤੇ ਵਿਕਟ ਦੇ ਪਿੱਛੇ 829 ਸ਼ਿਕਾਰ ਕੀਤੇ ਹਨ | ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਖਿਡਾਰੀਆਂ ਨੂੰ 4 ਗ੍ਰੇਡਾਂ ‘ਚ ਵੰਡਦਾ ਹੈ | ਜਿਸ ‘ਚ ਗ੍ਰੇਡ ਏ+ ਵਾਲੇ ਖਿਡਾਰੀ ਨੂੰ ਸਾਲਾਨਾ 7 ਕਰੋੜ ਰੁਪਏ, ਏ ਗ੍ਰੇਡ ਵਾਲੇ ਖਿਡਾਰੀ ਨੂੰ 5 ਕਰੋੜ ਰੁਪਏ, ਤੇ ਬੀ ਗ੍ਰੇਡ ਵਾਲੇ ਖਿਡਾਰੀ ਨੂੰ 3 ਕਰੋੜ ਰੁਪਏ ਤੇ ਸੀ ਗ੍ਰੇਡ ਵਾਲੇ ਖਿਡਾਰੀ ਨੂੰ 1 ਕਰੋੜ ਰੁਪਏ ਸਾਲਾਨਾ ਬੋਰਡ ਵਲੋਂ ਦਿੱਤੇ ਜਾਂਦੇ ਹਨ |

ਧੋਨੀ ਵਲੋਂ ਝਾਰਖੰਡ ਰਣਜੀ ਟੀਮ ਨਾਲ ਅਭਿਆਸ ਸ਼ੁਰੂ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਇਕਰਾਰਨਾਮਾ ਦੀ ਸੂਚੀ ਤੋਂ ਬਾਹਰ ਕੀਤੇ ਗਏ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਭਵਿੱਖ ਸਬੰਧੀ ਅਟਕਲਾਂ ਦੇ ਚਲਦਿਆਂ ਅੱਜ ਝਾਰਖੰਡ ਰਣਜੀ ਟੀਮ ਨਾਲ ਅਭਿਆਸ ਸ਼ੁਰੂ ਕੀਤਾ | ਧੋਨੀ ਰਾਂਚੀ ‘ਚ ਆਪਣੀ ਘਰੇਲੂ ਟੀਮ ਦੀ ਸ਼ੁੱਧ ਅਭਿਆਸ ਸੈਸ਼ਨ ਦੌਰਾਨ ਮੌਜੂਦ ਸੀ | ਇਸ ਤਰ੍ਹਾਂ ਉਸਨੇ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਲਈ ਆਪਣੇ ਆਪ ਨੂੰ ਤਿਆਰ ਰੱਖਣ ਦਾ ਸੰਕੇਤ ਦਿੱਤਾ ਹੈ |

ਸੂਚੀ ਜਾਰੀ ਕਰਨ ਤੋਂ ਪਹਿਲਾਂ ਧੋਨੀ ਨੂੰ ਦਿੱਤੀ ਗਈ ਸੀ ਜਾਣਕਾਰੀ-ਸੂਤਰ
ਬੀ.ਸੀ.ਸੀ.ਆਈ. ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੂੰ ਕੇਂਦਰੀ ਇਕਰਾਰਨਾਮੇ ਦੀ ਸੂਚੀ ਵਿਚੋਂ ਬਾਹਰ ਕਰਨ ਦੀ ਤਿਆਰੀ ਸੀ ਤੇ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਰਾਸ਼ਟਰੀ ਚੋਣ ਕਮੇਟੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ | ਜੇ ਸਾਬਕਾ ਕਪਤਾਨ ਇਸ ਸਾਲ ਟੀ-20 ਟੀਮ ‘ਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਸੂਚੀ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਦੀ ਸੰਭਾਵਨਾ ਨਹੀਂ ਹੈ |

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×