ਹਿਮਾਲਿਆ ਦੀ ਧੌਲਧਾਰ ਪਹਾੜੀਆਂ ਦੀ ਗੋਦ ਵਿਚ ਵਸੇ ਸੁੰਦਰ ਸੈਲਾਨੀ ਸਥਲ ਧਰਮਸ਼ਾਲਾ ਵਿਖੇ ਦੋ ਦਿਨਾ ‘ਧਰਮਸ਼ਾਲਾ ਲਿਟਰੇਚਰ ਫੈਸਟੀਵਲ’ ਸਪੰਨ ਹੋ ਗਿਆ ਜਿਸ ਵਿਚ ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕਵੀ ਸੰਮੇਲਨ, ਸਥਾਪਤ ਲੇਖਕਾਂ ਨਾਲ ਸੰਵਾਦ, ਰਚਨਾਤਮਕ ਲੇਖਣੀ, ਫੋਟੋਗ੍ਰਾਫੀ ਵਰਕਸ਼ਾਪ ਅਤੇ ਪ੍ਰਸਿੱਧ ਕਲਾਕਾਰਾਂ ਵਲੋਂ ਲਾਈਵ ਕਾਂਗੜਾ ਪੇਟਿੰਗ ਦਾ ਅਨੰਦ ਲੈਣ ਲਈ ਹੁਮ ਹੁੰਮਾ ਕੇ ਕਲਾ ਪ੍ਰੇਮੀ ਦਰਸ਼ਕ ਪੁੱਜੇ। ਪਰ ਇਸ ਸਭ ਵਰਤਾਰੇ ਵਿਚ ਨੰਗਲ ਦੇ ਪ੍ਰਸਿੱਧ ਨੇਚਰ ਫੋਟੋਗ੍ਰਾਫਰ ਪ੍ਰਭਾਤ ਭੱਟੀ ਦੀ ਫੋਟੋ ਪ੍ਰਦਰਸ਼ਨੀ ਸਭ ਲਈ ਖਿੱਚ ਦਾ ਕੇਂਦਰ ਰਹੀ ਜਿਸ ਵਿਚ ਸ੍ਰੀ ਭੱਟੀ ਵਲੋਂ 100 ਫੋਟੋ ਕ੍ਰਿਤਾਂ ਸਜਾਈਆਂ ਗਈਆਂ ਸਨ।
ਫੋਟੋਗ੍ਰਾਫਰ ਪ੍ਰਭਾਤ ਭੱਟੀ ਨੂੰ ਕੁਦਰਤ, ਚੌਗਿਰਦੇ ਅਤੇ ਪੰਛੀਆਂ ਬਾਰੇ ਫੋਟੋਗ੍ਰਾਫੀ ਅਤੇ ਇਨ੍ਹਾਂ ਬਾਬਤ ਅਧਿਐਨ ਦਾ ਲੰਬਾ ਅਨੁਭਵ ਹੈ। ਧਰਮਸ਼ਾਲਾ ਡਿਗਰੀ ਕਾਲਜ ਐਡੀਟੋਰੀਅਮ ਵਿਚ ਹੋਏ ਇਸ ਲਿਟਰੇਚਰ ਫੈਸਟੀਵਲ ਵਿਚ ਪ੍ਰਭਾਤ ਭੱਟੀ ਨੇ ਪੰਛੀਆਂ ਦੀ ਸੁੰਦਰ ਤਸਵੀਰਾਂ ਪ੍ਰਦਰਸ਼ਤ ਕੀਤੀਆਂ। ਜਿਨਹਾਂ ਨੂੰ ਆਮ ਦਰਸ਼ਕਾਂ ਦੇ ਨਾਲ ਨਾਲ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਵੀ ਗਹੁ ਨਾਲ ਦੇਖਿਆ ਅਤੇ ਉਤਸੁਕਤਾ ਨਾਲ ਹੋਰ ਜਾਣਕਾਰੀ ਵੀ ਪ੍ਰਾਪਤ ਕੀਤੀ ਅਤੇ ਮੁੱਖ ਮਹਿਮਾਨ ਰਘੁਬੀਰ ਸਿੰਘ ਬਾਲੀ ਚੇਅਰਮੈਨ ਹਿਮਾਚਲ ਪ੍ਰਦੇਸ਼ ਟੂਰਿਜਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਵੀ ਭੱਟੀ ਦੀਆਂ ਫੋਟੋ ਕ੍ਰਿਤਾਂ ਵਿਚ ਡੂੰਘੀ ਦਿਲਚਸਪੀ ਵਿਖਾਈ ਅਤੇ ਉਨਹਾਂ ਦੇ ਇਸ ਫੋਟੋਕ੍ਰਿਤ ਕਾਰਜ ਨੂੰ ਵੀ ਸਰਾਹਿਆ।
ਭੱਟੀ ਦੀਆਂ ਫੋਟੋ ਕ੍ਰਿਤਾਂ ਵਿਚ ਹਮੇਸ਼ਾ ਤਾਜਗੀ ਝਲਕਦੀ ਹੈ ਅਤੇ ਉਹ ਪੰਛੀਆਂ ਦੇ ਵੰਨ ਸੁਵੰਨੇ ਪੱਖਾਂ ਨੂੰ ਉਭਾਰਦੀਆਂ ਹਨ। ਹੁਣ ਤੱਕ ਉੱਤਰੀ ਭਾਰਤ ਵਿਚ 150 ਤੋਂ ਵੱਧ ਫੋਟੋ ਪ੍ਰਦਰਸ਼ਨੀਆਂ ਲਗਾ ਚੁੱਕੇ ਪ੍ਰਭਾਤ ਭੱਟੀ ਕੱਲ੍ਹ ਹੋਏ ਧਰਮਸ਼ਾਲਾਂ ਲਿਟਰੇਚਰ ਫੈਸਟੀਵਲ ਵਿਚ ਲੱਗੀ ਆਪਣੀ ਫੋਟੋਗ੍ਰਾਫੀ ਪ੍ਰਦਰਸ਼ਨੀ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਬੜੇ ਉਤਸ਼ਾਹਤ ਹੋ ਕੇ ਪਰਤੇ ਹਨ। ਇਸ ਬਾਰੇ ਸ੍ਰੀ ਭੱਟੀ ਨੇ ਇਨਹਾਂ ਸਤਰਾਂ ਦੇ ਪੱਤਰਕਾਰ ਨੂੰ ਦੱਸਿਆ ਕਿ ਮੇਰੀ ਪ੍ਰਦਰਸ਼ਨੀ ਦਾ ਮੁੱਖ ਮਕਸਦ ਲੋਕਾਂ ਵਿਚ ਪੰਛੀਆਂ ਅਤੇ ਆਪਣੇ ਚੌਗਿਰਦੇ ਬਾਰੇ ਚੇਤਨਾ ਪੈਦਾ ਕਰਨਾ ਹੈ। ਉਨਹਾਂ ਦੱਸਿਆ ਕਿ ਪੰਛੀ ਸਾਡੇ ਚੌਗਿਰਦੇ ਵਿਚ ਤਾਪਮਾਨ ਅਤੇ ਪ੍ਰਦੁਸ਼ਣ ਦੇ ਸੂਚਕ ਹਨ। ਇਨਹਾਂ ਨੂੰ ਬਚਾਉਣਾ ਜਾਂ ਇਨਾਂ ਦੇ ਲਈ ਰਹਿਣਯੋਗ ਚੌਗਿਰਦਾ ਬਣਾਈ ਰੱਖਣਾ ਬਹੁਤ ਜਰੂਰੀ ਹੈ ਕਿਉਂ ਕਿ ਇਹ ਕੀਟ-ਪਤੰਗੇ ਖਾ ਕੇ ਕਿਸਾਨਾਂ ਲਈ ਮਿੱਤਰ ਪੰਛੀ ਸਿੱਧ ਹੁੰਦੇ ਹਨ। ਜਾਣਕਾਰੀ ਵਿਚ ਵਾਧਾ ਕਰਦੇ ਹੋਏ ਉਹ ਦੱਸਦੇ ਹਨ ਕਿ ਭਾਰਤੀ ਉਪ ਮਹਾਦੀਪ ਵਿਚ ਹਿਮਾਲਿਆ, ਤਟੀ ਅਤੇ ਮੱਧ ਭਾਰਤ ਖੇਤਰਾਂ ਵਿਚ 1334 ਪੰਛੀ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਆਖਿਰ ਵਿਚ ਉਨਹਾਂ ਕਿ ਕਿ ਸਾਨੂੰ ਸਾਰਿਆਂ ਨੂੰ ਸਾਡੇ ਵਾਟਰ, ਬੁਸ਼, ਗ੍ਰਾਸ ਅਤੇ ਜੰਗਲ ਪੰਛੀਆਂ ਨੂੰ ਬਚਾਉਣ ਦੀ ਲੋੜ ਹੈ।
(ਪਰਮਜੀਤ ਸਿੰਘ ਬਾਗੜੀਆ)
paramjit.bagrria@gmail.com