ਧੰਨ ਹੈ ਬਾਬਾ ਨਾਨਕ

nov-2014

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪ੍ਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਨ੍ਹਾਂ ਪੁਰਖਾਂ ਨੂੰ ਖੁਆਇਆ ਜੋ ਵਾਕਿਆ ਹੀ ਭੁੱਖੇ ਸਨ, ਜਿਨ੍ਹਾਂ ਕੋਲ ਨਾਮ ਅਤੇ ਭਗਤੀ ਤੋਂ ਇਲਾਵਾ ਹੋਰ ਕੋਈ ਦੌਲਤ ਨਹੀਂ ਸੀ, ਮਹਿਲ ਮਾੜੀਆਂ ਨਹੀਂ ਸਨ। ਵੈਸੇ ਸੱਚੇ ਨਾਮ ਦੇ ਧਾਰਨੀਆਂ ਅਤੇ ਭਗਤਾਂ ਦੀ ਕੋਈ ਦੁਨਿਆਵੀ ਲੋੜ ਵੀ ਨਹੀਂ ਹੁੰਦੀ। ਹੁਣ ਆਉਣੇ ਹਾਂ ਅਜੋਕੇ ਵਰਤਾਰੇ ਵੱਲ। ਅੱਜ ਦਾ ਸੰਤ (ਸਵੈ-ਘੋਸ਼ਿਤ) ਕੀ ਕਰ ਰਿਹਾ ਹੈ? ਪਹਿਲਾਂ ਤਾਂ ਗੁਰਮਤਿ ਤੋਂ ਉਲਟ ਹੋ ਜਿਉਂਦੇ ਜੀ ਆਪ ਹੀ ਸੰਤ ਕਹਾਉਂਦਾ ਹੈ ਹਾਲਾਂਕਿ ਇਸਾਈ ਧਰਮ ਵਿੱਚ ਸੰਤ ਦੀ ਉਪਾਧੀ ਮੌਤ ਤੋਂ ਸੈਂਕੜੇ ਸਾਲ ਬਾਅਦ ਦਿੱਤੀ ਜਾਂਦੀ ਹੈ। ਇਸ ਦਾ ਕਾਰਨ ਕਿ ਜਿਉਂਦੇ ਉਪਾਧੀ ਲੈ ਕੇ ਕੋਈ ਵੀ ਮਨੁੱਖੀ ਗਲਤੀ ਹੋ ਸਕਦੀ ਹੈ ਜਾਂ ਪੰਧ ਤੋਂ ਡੋਲ ਵੀ ਹੋ ਸਕਦਾ ਹੈ ਜਿਸ ਕਾਰਨ ਸਮੁੱਚਾ ਧਰਮ ਬਦਨਾਮ ਹੋ ਸਕਦਾ ਹੈ। ਇਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰ ਅਤੇ ਕਾਇਦੇ ਬਣਨੇ ਚਾਹੀਦੇ ਹਨ। ਫਿਰ ਇਹ ਬੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੈਸੇ, ਮਾਇਆ ਇਕੱਤਰ ਕਰਦੇ ਦੇਖੇ ਗਏ ਹਨ। ਮੌਜੂਦਾ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਇਹਨਾਂ ਬਾਰੇ ਕੀ ਫ਼ਰਮਾਨ ਕਰਦੇ ਹਨ;

ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥

ਇਹ ਬੰਦੇ ਇਸ ਦਾ ਸਪਸ਼ਟੀਕਰਨ ਦਿੰਦੇ ਹੋਏ ਕਹਿੰਦੇ ਹਨ, *ਸੰਗਤਾਂ ਮਲੋ-ਮੱਲੀ ਭੇਂਟ ਕਰਦੀਆਂ ਹਨ*। ਚਲੋ ਸੰਗਤਾਂ ਤਾਂ ਅਜੇ ਗੁਰਮਤ ਨੂੰ ਪੂਰਾ ਸਮਝਦੀਆਂ ਨਹੀਂ, ਉਹ ਤਾਂ ਗੁਰਮਤ ਤੋਂ ਜਾਣੂ ਹਨ।

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥

ਫਿਰ ਸਿਧਾਂਤ ਨੂੰ ਜਾਣਦਿਆਂ ਹੋਏ ਮਨਮਤ ਕਿਉਂ? ਤੁਸੀਂ ਸੰਗਤਾਂ ਨੂੰ ਇਸ ਗਲਤੀ ਦਾ ਅਹਿਸਾਸ ਕਿਉਂ ਨਹੀਂ ਕਰਵਾਉਂਦੇ? ਤੁਸੀਂ ਇਸ ਭੇਖ ਦੀਆਂ ਅਤੇ ਗੁਰਮਤ ਦੀਆਂ ਜ਼ੁੰਮੇਵਾਰੀਆਂ ਤੋਂ ਮੁਨਕਰ ਕਿਉਂ ਹੋ ਜਾਂਦੇ ਹੋ? ਉਪਰੋਕਤ ਸਿਧਾਂਤ ਅਧੀਨ ਤੁਸੀਂ ਤਾਂ ਸਿਰਫ ਸੰਗਤ ਤੋਂ ਲਿਆ ਹੀ ਹੈ, ਆਪਣੀ ਕਮਾਈ ਵਿਚੋਂ ਹੱਥੋਂ ਕੀ ਦਿੱਤਾ ਹੈ? ਸੰਗਤ ਤਾਂ ਅਣਜਾਣ ਹੈ। ਜੇ ਰਿਸ਼ਵਤ ਦੇਣਾ ਗੁਨਾਹ ਹੈ ਤਾਂ ਲੈਣਾ ਵੀ ਤਾਂ ਜੁਰਮ ਹੈ। ਇਸ ਦੋਸ਼ ਨੂੰ ਢੱਕਣ ਲਈ ਇਹ ਬੰਦੇ ਕੋਈ ਹਸਪਤਾਲ ਖੋਲ੍ਹ ਲੈਂਦੇ ਹਨ, ਕੋਈ ਸਕੂਲ। ”ਸੰਗਤ ਜੀ, ਇਹ ਤੁਹਾਡੀ ਕਮਾਈ ਅਸੀ ਉੱਥੇ ਲਾ ਦੇਣੀ ਹੈ।” ਜੋ ਕੰਮ ਸਰਕਾਰਾਂ ਦੇ ਹਨ ਉਹ ਇਹਨਾਂ ਨੇ ਕਰਨੇ ਹੁੰਦੇ ਹਨ, ਸਰਕਾਰ ਹੋਰ ਖੇਸਲ਼ ਮਾਰ ਲੈਂਦੀ ਹੈ। ਸੰਗਤਾਂ ਦਾ ਵੀ ਸੁਣ ਲਉ। ਜਿੱਥੇ ਇਹ ਰਹਿੰਦੇ ਹਨ, ਉੱਥੇ ਕੋਈ ਨਵੇਂ ਗੁਰੂਘਰ ਲਈ, ਬੱਚਿਆਂ (ਇਹਨਾਂ ਦੇ ਆਪਣੇ ਹੀ) ਦੀ ਖੇਡਾਂ ਲਈ ਜਾਂ ਹੋਰ ਭਾਈਚਾਰੇ ਦੇ ਕੰਮਾਂ ਲਈ ਢਾਲ਼ ਲੈਣ ਆ ਜਾਵੇ ਤਾਂ ਬੂਹਾ ਹੀ ਨਹੀਂ ਖੋਲ੍ਹਦੇ, ਫੋਨ ਹੀ ਨਹੀਂ ਚੁੱਕਦੇ, ਚੈੱਕ ਦੇ ਕੇ ਕੈਂਸਲ ਕਰਵਾ ਦਿੰਦੇ ਨੇ ਜਾਂ ਆਈ ਨੂੰ ਪੰਜਾਹ ਡਾਲਰਾਂ ਨਾਲ ਸਾਰਨ ਦੀ ਕੋਸ਼ਿਸ਼ ਕਰਦੇ ਨੇ(ਸਾਰੇ ਨਹੀਂ ਪਰ ਬਹੁਤਾਤ) ਤੇ ਫਿਰ ਕਈ ਸਾਲ ਹਿਸਾਬ ਮੰਗੀ ਜਾਣਗੇ। ਦੂਸਰੇ ਪਾਸੇ, ਮਹਾਂਪੁਰਖਾਂ ਨੂੰ ਘਰ ਸੱਦ-ਸੱਦ ਕੇ ਲਿਫ਼ਾਫ਼ੇ ਵਿੱਚ ਹਜ਼ਾਰਾਂ ਡਾਲਰ ਪਾ ਕੇ ਦੇ ਦਿੰਦੇ ਹਨ ਅਤੇ ਫਿਰ ਕੋਈ ਹਿਸਾਬ ਨਹੀਂ। ਜੇ ਗੁਰੂ ਸਾਹਿਬ ਅਜੋਕੇ ਸਿਧਾਂਤਾਂ ਤੇ ਚੱਲਦੇ ਤਾਂ ਚਾਰ ਉਦਾਸੀਆਂ ਵਿੱਚ ਗੁਰੂ ਜੀ ਬੇਅੰਤ ਮਾਇਆ, ਧੰਨ, ਦੌਲਤ, ਜ਼ਮੀਨ ਅਤੇ ਮਹਿਲ ਖੜੇ ਕਰ ਲੈਂਦੇ। ਆਪਣੇ ਹੀ ਗੁਰਦੁਆਰੇ ਬਣਾ ਛੱਡਦੇ ਅੱਜ ਦੇ ਡੇਰਿਆਂ ਵਾਂਗ। ਆਪਣੀਆਂ ਹੀ ਦੁਕਾਨਾਂ ਹੁੰਦੀਆਂ ਅਤੇ ਆਪਣਾ ਹੀ ਵਪਾਰ, ਸੰਗਤਾਂ ਮੁਫ਼ਤ ਵਿੱਚ ਕੰਮ ਕਰੀ ਜਾਂਦੀਆਂ। ਗੱਦੀ ਆਪਣੇ ਹੀ ਬੇਟਿਆਂ ਨੂੰ ਦਿੰਦੇ। ਗੁਰਬਾਣੀ ਦੇ ਸਿਧਾਂਤ ਅਨੁਸਾਰ ਅੱਜ ਦੇ ਸਮੇਂ ਵਿੱਚ ਕਿਸ ਤਰਾਂ ਪ੍ਰਭਾਵਿਤ ਪ੍ਰਚਾਰ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਸਿੱਖਾਂ ਨੂੰ ਪੁਜਾਰੀ ਬਿਰਤੀ ਤਿਆਗ ਦੇਣੀ ਚਾਹੀਦੀ ਹੈ। ਪੇਟ ਅਤੇ ਪਰਵਾਰ ਪਾਲਣ ਲਈ ਗੁਰੂ ਸਾਹਿਬ ਵਾਂਗ ਕੋਈ ਕਿਰਤ ਕਰਨੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਗੁਰਬਾਣੀ ਦਾ ਪ੍ਰਚਾਰ ਆਪਣੀ ਕਮਾਈ ਵਿਚੋਂ ਕਰਨਾ ਚਾਹੀਦਾ ਹੈ।ਹੱਥੋਂ ਦੇਣਾ ਹੈ, ਲੈਣਾ ਨਹੀਂ। ਧੰਨ ਹੈ ਨਾਨਕ।

Install Punjabi Akhbar App

Install
×